ਬੈਡਮਿੰਟਨ: ਟਰੀਸਾ-ਗਾਇਤਰੀ ਦੀ ਜੋੜੀ ਨੇ ਦੂਜਾ ਮੈਚ ਜਿੱਤਿਆ
ਹਾਂਗਜ਼ੂ, 12 ਦਸੰਬਰ
ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਅੱਜ ਇੱਥੇ ਗਰੁੱਪ-ਏ ਦੇ ਆਪਣੇ ਦੂਜੇ ਮੈਚ ਵਿੱਚ ਮਲੇਸ਼ੀਆ ਦੀ ਪਰਲੀ ਟੈਨ ਅਤੇ ਥੀਨਾ ਮੁਰਲੀਧਰਨ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਬੀਡਬਲਿਊਐੱਫ ਵਰਲਡ ਟੂਰ ਫਾਈਨਲ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।
ਸੈਸ਼ਨ ਦੇ ਇਸ ਆਖ਼ਰੀ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਜੋੜੀ ਟਰੀਸਾ ਅਤੇ ਗਾਇਤਰੀ ਨੇ ਹਮਲਾਵਰ ਖੇਡ ਦਾ ਮੁਜਾਹਰਾ ਕਰਦਿਆਂ ਆਪਣੀ ਵਿਰੋਧੀ ਜੋੜੀ ਨੂੰ ਸਿਰਫ਼ 46 ਮਿੰਟਾਂ ਵਿੱਚ 21-19, 21-19 ਨਾਲ ਹਰਾਇਆ। ਭਾਰਤੀ ਜੋੜੀ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਪਣੇ ਪਹਿਲੇ ਗਰੁੱਪ ਮੈਚ ਵਿੱਚ ਚੀਨ ਦੀ ਲਿਊ ਸ਼ੇਂਗ ਸ਼ੂ ਅਤੇ ਟੈਨ ਨਿੰਗ ਦੀ ਵਿਸ਼ਵ ਦੀ ਨੰਬਰ ਇੱਕ ਜੋੜੀ ਤੋਂ 20-22, 22-20, 21-14 ਨਾਲ ਹਾਰ ਗਈ ਸੀ। ਭਾਰਤੀ ਜੋੜੀ ਹੁਣ ਚੀਨੀ ਜੋੜੀ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਉਸ ਨੂੰ ਭਲਕੇ ਸ਼ੁੱਕਰਵਾਰ ਨੂੰ ਨਾਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਦਾ ਦੀ ਜਾਪਾਨੀ ਜੋੜੀ ਖ਼ਿਲਾਫ਼ ਮੈਚ ਜਿੱਤਣਾ ਹੋਵੇਗਾ। -ਪੀਟੀਆਈ