ਬੈਡਮਿੰਟਨ: ਟਰੀਸਾ-ਗਾਇਤਰੀ ਦੀ ਜੋੜੀ ਮਲੇਸ਼ੀਆ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ’ਚ
ਕੁਆਲਾਲੰਪੁਰ, 7 ਜਨਵਰੀ
ਭਾਰਤ ਦੀ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਨੇ ਅੱਜ ਇੱਥੇ ਥਾਈਲੈਂਡ ਦੀ ਓਰਨਿਚਾ ਜੇ ਅਤੇ ਸੁਕਿਤਾ ਸੁਵਾਚਾਈ ਨੂੰ ਹਰਾ ਕੇ ਮਲੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਛੇਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਸਿਰਫ਼ 30 ਮਿੰਟਾਂ ਵਿੱਚ 21-10, 21-10 ਨਾਲ ਜਿੱਤ ਦਰਜ ਕਰਕੇ ਆਖਰੀ 16 ਵਿੱਚ ਥਾਂ ਪੱਕੀ ਕੀਤੀ ਹੈ। ਲਖਨਊ ਵਿੱਚ ਸਈਅਦ ਮੋਦੀ ਇੰਟਰਨੈਸ਼ਨਲ ਸੁਪਰ 300 ਟੂਰਨਾਮੈਂਟ ਵਿੱਚ ਆਪਣੀ ਸਫਲਤਾ ਤੋਂ ਉਤਸ਼ਾਹਿਤ ਭਾਰਤੀ ਜੋੜੀ ਨੂੰ ਥਾਈ ਜੋੜੀ ਨੂੰ ਹਰਾਉਣ ਵਿੱਚ ਬਹੁਤ ਮਿਹਨਤ ਨਹੀਂ ਕਰਨੀ ਪਈ। ਭਾਰਤੀ ਜੋੜੀ ਨੇ ਪਹਿਲੀ ਗੇਮ ਵਿੱਚ ਥੋੜ੍ਹੇ ਸਮੇਂ ਵਿੱਚ ਹੀ 17-8 ਦੀ ਲੀਡ ਲੈ ਲਈ ਅਤੇ ਫਿਰ ਗੇਮ ਜਿੱਤਣ ਵਿੱਚ ਬਹੁਤੀ ਦੇਰ ਨਹੀਂ ਲਾਈ। ਜੋੜੀ ਨੂੰ ਦੂਜੀ ਗੇਮ ਦੀ ਸ਼ੁਰੂਆਤ ’ਚ ਥੋੜ੍ਹੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ’ਚ ਸਕੋਰ 8-8 ਨਾਲ ਬਰਾਬਰ ਰਿਹਾ ਪਰ ਇਸ ਤੋਂ ਬਾਅਦ ਭਾਰਤੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੇਮ ਅਤੇ ਮੈਚ ਜਿੱਤ ਲਿਆ। -ਪੀਟੀਆਈ