ਬੈਡਮਿੰਟਨ: ਤਨਵੀ ਨੇ ਏਸ਼ਿਆਈ ਅੰਡਰ-15 ਦਾ ਖ਼ਿਤਾਬ ਜਿੱਤਿਆ
ਨਵੀਂ ਦਿੱਲੀ, 25 ਅਗਸਤ
ਭਾਰਤੀ ਬੈਡਮਿੰਟਨ ਖਿਡਾਰਨ ਤਨਵੀ ਪਾਤਰੀ ਨੇ ਅੱਜ ਚੀਨ ਦੇ ਚੇਂਗਦੂ ਵਿੱਚ ਖੇਡੀ ਗਈ ਏਸ਼ੀਆ ਅੰਡਰ-17 ਅਤੇ ਅੰਡਰ-15 ਜੂਨੀਅਰ ਚੈਂਪੀਅਨਸ਼ਿਪ ਦੌਰਾਨ ਅੰਡਰ-15 ਮਹਿਲਾ ਸਿੰਗਲਜ਼ ਦੇ ਫਾਈਨਲ ਮੁਕਾਬਲੇ ਵਿੱਚ ਵੀਅਤਨਾਮ ਦੀ ਥੀ ਥੂ ਹੁਏਨ ਗੁਏਨ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਸਿਖਰਲਾ ਦਰਜਾ ਪ੍ਰਾਪਤ 13 ਸਾਲਾ ਤਨਵੀ ਨੇ 34 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਆਪਣੀ ਦੂਜੀ ਦਰਜਾ ਪ੍ਰਾਪਤ ਵਿਰੋਧਣ ਨੂੰ 22-20, 21-11 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਲਈ ਸਾਮੀਆ ਇਮਾਦ ਫਾਰੂਕੀ ਅਤੇ ਤਸਨੀਮ ਮੀਰ ਨੇ ਕ੍ਰਮਵਾਰ 2017 ਅਤੇ 2019 ਵਿੱਚ ਅੰਡਰ-15 ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਸੀ।
ਤਨਵੀ ਨੇ ਪੂਰੇ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਪੰਜ ਮੈਚਾਂ ’ਚ ਇੱਕ ਵੀ ਗੇਮ ਨਹੀਂ ਹਾਰੀ। ਫਾਈਨਲ ਦੀ ਪਹਿਲੀ ਗੇਮ ’ਚ ਤਨਵੀ ਇਕ ਵੇਲੇ 11-17 ਨਾਲ ਪਛੜ ਰਹੀ ਸੀ ਪਰ ਮਗਰੋਂ ਵੀਅਤਨਾਮੀ ਖਿਡਾਰਨ ਨੇ ਕਈ ਗਲਤੀਆਂ ਕੀਤੀਆਂ, ਜਿਸ ਦਾ ਫਾਇਦਾ ਉਠਾਉਂਦਿਆਂ ਭਾਰਤੀ ਖਿਡਾਰਨ ਪਹਿਲੀ ਗੇਮ ਜਿੱਤਣ ’ਚ ਕਾਮਯਾਬ ਰਹੀ। ਤਨਵੀ ਨੇ ਦੂਜੀ ਗੇਮ ਵਿੱਚ ਆਪਣੀ ਵਿਰੋਧਣ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਚ ਜਿੱਤ ਕੇ ਸੋਨ ਤਗ਼ਮਾ ਆਪਣੇ ਨਾਮ ਕਰ ਲਿਆ।
ਗਿਆਨ ਦੱਤੂ ਨੇ ਬੀਤੇ ਦਿਨ ਅੰਡਰ-17 ਪੁਰਸ਼ ਸਿੰਗਲਜ਼ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਦੇ ਜਨਰਲ ਸਕੱਤਰ ਸੰਜੈ ਮਿਸ਼ਰਾ ਨੇ ਕਿਹਾ, ‘‘ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਤਨਵੀ ਪਾਤਰੀ ਦੀ ਖ਼ਿਤਾਬੀ ਜਿੱਤ ਅਤੇ ਅੰਡਰ-17 ਪੁਰਸ਼ ਸਿੰਗਲਜ਼ ਵਿੱਚ ਗਿਆਨ ਦੱਤੂ ਦੇ ਕਾਂਸੇ ਦੇ ਤਗ਼ਮੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿੱਚ ਹੁਨਰ ਦੀ ਕਮੀ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਸਾਡਾ ਮਜ਼ਬੂਤ ਘਰੇਲੂ ਸਰਕਟ ਸਾਡੇ ਸਿਖਰਲੇ ਖਿਡਾਰੀਆਂ ਨੂੰ ਅਜਿਹੇ ਵੱਡੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮੈਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਿਰਫ਼ ਤਨਵੀ ਅਤੇ ਗਿਆਨ ਨੂੰ ਹੀ ਨਹੀਂ ਸਗੋਂ ਹੋਰ ਭਾਰਤੀ ਜੂਨੀਅਰ ਖਿਡਾਰੀਆਂ ਨੂੰ ਵੀ ਕਈ ਖ਼ਿਤਾਬ ਜਿੱਤਦੇ ਦੇਖਾਂਗੇ।” -ਪੀਟੀਆਈ