ਬੈਡਮਿੰਟਨ: ਸੁਕਾਂਤ, ਸੁਹਾਸ ਤੇ ਤਰੁਣ ਦੀ ਜੇਤੂ ਸ਼ੁਰੂਆਤ
ਪੈਰਿਸ, 29 ਅਗਸਤ
ਭਾਰਤ ਦੇ ਸੁਕਾਂਤ ਕਦਮ, ਸੁਹਾਸ ਯਥਿਰਾਜ ਅਤੇ ਤਰੁਣ ਨੇ ਅੱਜ ਇੱਥੇ ਪੈਰਾਲੰਪਿਕ ਖੇਡਾਂ ਵਿੱਚ ਬੈਡਮਿੰਟਨ ਪੁਰਸ਼ ਸਿੰਗਲਜ਼ ਐੱਸਐੱਲ4 ਗਰੁੱਪ ਮੈਚਾਂ ਵਿੱਚ ਜਿੱਤ ਹਾਸਲ ਕੀਤੀ। ਸੁਕਾਂਤ (31) ਨੇ ਗਰੁੱਪ ਬੀ ਦੇ ਸ਼ੁਰੂਆਤੀ ਮੈਚ ਵਿੱਚ ਮਲੇਸ਼ੀਆ ਦੇ ਮੁਹੰਮਦ ਅਮੀਨ ਬੁਰਹਾਨੁਦੀਨ ’ਤੇ ਇੱਕ ਗੇਮ ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ 17-21, 21-15, 22-20 ਨਾਲ ਜਿੱਤ ਦਰਜ ਕੀਤੀ।
ਟੋਕੀਓ ਪੈਰਾਲੰਪਿਕ ਦੇ ਚਾਂਦੀ ਦਾ ਤਗ਼ਮਾ ਜੇਤੂ ਸੁਹਾਸ ਨੂੰ ਇੰਡੋਨੇਸ਼ੀਆ ਦੇ ਹਿਕਮਤ ਰਾਮਦਾਨੀ ਨੂੰ ਗਰੁੱਪ ਏ ਮੈਚ ਵਿੱਚ ਹਰਾਉਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪਈ। ਉਸ ਨੇ ਮਹਿਜ਼ 22 ਮਿੰਟ ਵਿੱਚ 21-7, 21-5 ਨਾਲ ਜਿੱਤ ਦਰਜ ਕੀਤੀ। ਆਪਣਾ ਦੂਜਾ ਪੈਰਾਲੰਪਿਕ ਖੇਡ ਰਹੇ ਤਰੁਣ ਨੇ ਪੁਰਸ਼ ਸਿੰਗਲਜ਼ ਐੱਸਐੱਲ4 ਗਰੁੱਪ ਡੀ ਮੈਚ ਵਿੱਚ ਬ੍ਰਾਜ਼ੀਲ ਦੇ ਓਲਿਵੇਰਾ ਰੋਜ਼ੇਰੇਯੋ ਜੂਨੀਅਰ ਜ਼ੇਵੀਅਰ ਨੂੰ 21-17, 21-19 ਨਾਲ ਮਾਤ ਦਿੱਤੀ। ਨਿਤੇਸ਼ ਕੁਮਾਰ ਅਤੇ ਤੁਲਸੀਮਤੀ ਮੁਰੂਗੇਸਨ ਨੇ ਹਮਵਤਨ ਸੁਹਾਸ ਯਥਿਰਾਜ ਅਤੇ ਪਲਕ ਕੋਹਲੀ ਨੂੰ ਮਿਕਸਡ ਡਬਲਜ਼ (ਐੱਸਐੱਲ3-ਐੱਸਯੂ5) ਦੇ ਗਰੁੱਪ ਗੇੜ ਦੇ ਪਹਿਲੇ ਮੈਚ ਵਿੱਚ ਹਰਾਇਆ। ਨਿਤੇਸ਼ ਅਤੇ ਤੁਲਸੀਮਤੀ ਨੇ ਗਰੁੱਪ ਏ ਦਾ ਇਹ ਮੁਕਾਬਲਾ 31 ਮਿੰਟ ਵਿੱਚ 21-14, 21-17 ਨਾਲ ਜਿੱਤਿਆ। ਹਾਲਾਂਕਿ ਮਨਦੀਪ ਕੌਰ ਅਤੇ ਮਾਨਸੀ ਜੋਸ਼ੀ ਨੂੰ ਐੱਸਐੱਲ3 ਮਹਿਲਾ ਸਿੰਗਲਜ਼ ਗਰੁੱਪ ਗੇੜ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਿਵਰਾਜਨ ਸੋਲਾਇਮਲਾਈ ਅਤੇ ਨਿਤਿਆਸ੍ਰੀ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਮਿਕਸਡ ਡਬਲਜ਼ ਵਿੱਚ ਐੱਸਐੱਚ6 ਗਰੁੱਪ ਮੈਚ ਵਿੱਚ ਅਮਰੀਕਾ ਦੇ ਮਾਈਲਸ ਕ੍ਰਾਜ਼ੇਵਸਕੀ ਅਤੇ ਜੈਸੀ ਸਿਮੋਨ ਤੋਂ ਸਿੱਧੇ ਸੈੱਟ ਵਿੱਚ 23-21, 21-11 ਨਾਲ ਹਾਰ ਗਈ। -ਪੀਟੀਆਈ