ਬੈਡਮਿੰਟਨ: ਸੁਹਾਸ ਤੇ ਨਿਤੇਸ਼ ਸੈਮੀਫਾਈਨਲ ’ਚ
ਪੈਰਿਸ, 30 ਅਗਸਤ
ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂੁ ਸੁਹਾਸ ਯਥਿਰਾਜ ਅਤੇ ਨਿਤੇਸ਼ ਕੁਮਾਰ ਨੇ ਅੱਜ ਇੱਥੇ ਪੈਰਾਲੰਪਿਕ ਦੇ ਬੈਡਮਿੰਟਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਕਰਮਵਾਰ ਪੁਰਸ਼ ਸਿੰਗਲਜ਼ ਐੱਸਐੱਲ4 ਅਤੇ ਐੱਸਐੱਲ3 ਵਰਗ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। 2007 ਬੈਚ ਦਾ ਆਈਏਐੱਸ ਅਧਿਕਾਰੀ ਸੁਹਾਸ ਐੱਸਐੱਲ4 ਵਰਗ ਵਿੱਚ ਕੋਰੀਆ ਦੇ ਸ਼ਿਨ ਕਿਊਂਗ ਹਵਾਨ ਨੂੰ ਦੂਜੇ ਮੈਚ ਵਿੱਚ 26-24, 21-14 ਨਾਲ ਹਰਾ ਕੇ ਤਿੰਨ ਖਿਡਾਰੀਆਂ ਦੇ ਗਰੁੱਪ ਏ ’ਚ ਸਿਖ਼ਰ ’ਤੇ ਰਿਹਾ। ਇਸੇ ਦੌਰਾਨ ਨਿਤੇਸ਼ ਨੇ ਚੀਨ ਦੇ ਯਾਂਗ ਜਿਆਨਯੁਆਨ ਨੂੰ 21-5, 21-11 ਨਾਲ ਹਰਾਇਆ, ਜਿਸ ਨਾਲ ਉਹ ਐੱਸਐੱਲ3 ਵਰਗ ਦੇ ਚਾਰ ਖਿਡਾਰੀਆਂ ਦੇ ਗਰੁੱਪ ਏ ਵਿੱਚ ਸਿਖਰਲੇ ਦੋ ’ਚ ਸ਼ਾਮਲ ਰਿਹਾ। ਹੁਣ ਉਹ ਆਪਣੇ ਆਖ਼ਰੀ ਅੰਤਿਮ ਗਰੁੱਪ ਏ ਮੈਚ ਵਿੱਚ ਥਾਈਲੈਂਡ ਦੇ ਬੁਨਸੁਨ ਮੋਂਗਖੋਨ ਦਾ ਸਾਹਮਣਾ ਕਰੇਗਾ। ਹਾਲਾਂਕਿ ਮਾਨਸੀ ਜੋਸ਼ੀ ਅਤੇ ਮਨੋਜ ਸਰਕਾਰ ਲਈ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ, ਜਿਨ੍ਹਾਂ ਨੂੰ ਲਗਾਤਾਰ ਦੂਜੇ ਮੁਕਾਬਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ।
ਮਾਨਸੀ ਨੂੰ ਮਹਿਲਾ ਸਿੰਗਲਜ਼ ਐੱਸਐੱਲ3 ਗਰੁੱਪ ਏ ਦੇ ਦੂਜੇ ਮੈਚ ਵਿੱਚ ਯੂਕਰੇਨ ਦੀ ਓਕਸਾਨਾ ਕੋਜ਼ਆਨਾ ਤੋਂ 21-10, 15-21, 21-23 ਨਾਲ ਹਾਰ ਮਿਲੀ। ਟੋਕੀਓ ਪੈਰਾਲੰਪਿਕ ਦੇ ਚਾਂਦੀ ਦਾ ਤਗ਼ਮਾ ਜੇਤੂ ਮਨੋਜ ਨੂੰ ਵੀ ਗਰੁੱਪ ਏ ਦੇ ਦੂਜੇ ਮੈਚ ਵਿੱਚ ਬੁਨਸੁਨ ਤੋਂ 19-21, 8-21 ਨਾਲ ਹਾਰ ਝੱਲਣੀ ਪਈ।
ਇਸੇ ਤਰ੍ਹਾਂ ਵੀਰਵਾਰ ਦੇਰ ਰਾਤ ਨਤੀਸ਼ ਅਤੇ ਤੁਲਸੀਮਤੀ ਮੂਰੂਗੇਸਨ ਨੂੰ ਮਿਕਸਡ ਡਬਲਜ਼ (ਐੱਸਐੱਲ3-ਐੱਸਯੂ5) ਦੇ ਗਰੁੱਪ ਗੇੜ ਦੇ ਦੂਜੇ ਮੈਚ ਵਿੱਚ ਇੰਡੋਨੇਸ਼ੀਆ ਦੇ ਰਮਾਦਾਨੀ ਹਕੀਮਤ ਤੇ ਓਕਟਿਲਾ ਲਿਆਨਾ ਰਤੂਰੀ ਦੀ ਜੋੜੀ ਤੋਂ 15-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ