ਬੈਡਮਿੰਟਨ: ਸਿੰਧੂ ਤੇ ਕਿਰਨ ਇੰਡੀਆ ਓਪਨ ਸੁਪਰ 750 ਦੇ ਕੁਆਰਟਰ ਫਾਈਨਲ ’ਚ ਪੁੱਜੇ
* ਸਿੰਧੂ ਨੇ ਜਪਾਨ ਦੀ ਸੁਈਜ਼ੂ ਨੂੰ 21-15, 21-13 ਨਾਲ ਹਰਾਇਆ
* ਪੁਰਸ਼ ਵਰਗ ’ਚ ਕਿਰਨ ਨੇ ਫਰਾਂਸ ਦੇ ਐਲੇਕਸ ਲੈਨੀਅਰ ਨੂੰ ਕੀਤਾ ਚਿੱਤ
ਨਵੀਂ ਦਿੱਲੀ, 16 ਜਨਵਰੀ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਅੱਜ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦਕਿ ਪੁਰਸ਼ ਸਿੰਗਲਜ਼ ਵਿੱਚ ਕਿਰਨ ਜੌਰਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸ ਕਾਇਮ ਰੱਖੀ। ਸਿੰਧੂ ਨੇ ਜਪਾਨ ਦੀ 46ਵੇਂ ਨੰਬਰ ਦੀ ਖਿਡਾਰਨ ਮਨਾਮੀ ਸੁਈਜ਼ੂ ਨੂੰ 21-15, 21-13 ਨਾਲ ਹਰਾਇਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਹੁਣ ਪੈਰਿਸ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਗ੍ਰੈਗੋਰੀਆ ਮਾਰਿਸਕਾ ਤੁਨਜੁੰਗ ਨਾਲ ਭਿੜੇਗੀ। ਮਹਿਲਾ ਸਿੰਗਲਜ਼ ਵਿੱਚ ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਉਹ ਬਰੇਕ ਤੱਕ 11-6 ਨਾਲ ਅੱਗੇ ਸੀ। ਹਾਲਾਂਕਿ, ਸੁਈਜ਼ੂ ਨੇ ਥੋੜੇ ਸਮੇਂ ਲਈ ਫ਼ਰਕ ਨੂੰ 11-13 ਅਤੇ 13-14 ਤੱਕ ਘੱਟ ਕਰ ਦਿੱਤਾ ਪਰ ਸਿੰਧੂ ਨੇ ਹਮੇਸ਼ਾ ਬੜ੍ਹਤ ਬਣਾ ਕੇ ਰੱਖੀ। ਭਾਰਤੀ ਖਿਡਾਰਨ ਜਲਦੀ ਹੀ 20-14 ਨਾਲ ਅੱਗੇ ਹੋ ਗਈ ਅਤੇ ਸੁਈਜ਼ੂ ਦੇ ਨੈੱਟ ਵਿੱਚ ਹਿੱਟ ਕਰਨ ’ਤੇ ਸਿੰਧੂ ਨੇ ਗੇਮ ਜਿੱਤ ਲਿਆ। ਦੂਜੇ ਗੇਮ ਵਿੱਚ ਸਿੰਧੂ ਨੇ 5-0 ਦੀ ਬੜ੍ਹਤ ਬਣਾ ਲਈ ਅਤੇ ਬਰੇਕ ਤੱਕ ਉਹ 11-2 ਨਾਲ ਅੱਗੇ ਸੀ। ਇਸ ਤੋਂ ਬਾਅਦ ਸੁਈਜ਼ੂ ਕੋਲ ਭਾਰਤੀ ਖਿਡਾਰਨ ਦੇ ਦਬਾਅ ਦਾ ਕੋਈ ਜਵਾਬ ਨਹੀਂ ਸੀ। ਉੱਧਰ, ਪੁਰਸ਼ ਵਰਗ ਵਿੱਚ ਕਿਰਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਛੇ ਗੇਮ ਪੁਆਇੰਟ ਬਚਾਅ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਫਰਾਂਸ ਦੇ ਐਲੇਕਸ ਲੈਨੀਅਰ ਨੂੰ 22-20, 21-13 ਨਾਲ ਹਰਾਇਆ। ਕਿਰਨ ਅਗਲੇ ਗੇੜ ਵਿੱਚ ਚੀਨ ਦੇ ਖਿਡਾਰੀ ਹਾਂਗ ਯਾਂਗ ਵੇਂਗ ਨਾਲ ਭਿੜੇਗਾ। ਕਿਰਨ, ਐਲੇਕਸ ਖ਼ਿਲਾਫ਼ ਮੈਚ ਵਿੱਚ 1-6 ਨਾਲ ਪਛੜ ਰਿਹਾ ਸੀ ਪਰ ਫਰਾਂਸਿਸੀ ਖਿਡਾਰੀ ਦੀਆਂ ਕਈ ਸਹਿਜ ਗਲਤੀਆਂ ਨੇ ਭਾਰਤੀ ਖਿਡਾਰੀ ਨੂੰ ਵਾਪਸੀ ਕਰਨ ਦਾ ਮੌਕਾ ਦਿੱਤਾ। -ਪੀਟੀਆਈ