ਬੈਡਮਿੰਟਨ: ਸਿੰਧੂ ਨੇ ਪਲੇਠੇ ਮੈਚ ਵਿੱਚ ਫਾਤਿਮਾ ਨੂੰ ਹਰਾਇਆ
ਪੈਰਿਸ, 28 ਜੁਲਾਈ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਅੱਜ ਇੱਥੇ ਗਰੁੱਪ-ਐੱਮ ਦੇ ਮੈਚ ਵਿੱਚ ਮਾਲਦੀਵ ਦੀ ਫਾਤਿਮਾ ਅਬਦੁਲ ਰਜ਼ਾਕ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਲਗਾਤਾਰ ਤੀਜੇ ਓਲੰਪਿਕ ਤਗ਼ਮੇ ਲਈ ਚੁਣੌਤੀ ਪੇਸ਼ ਕਰ ਰਹੀ ਸਿੰਧੂ ਅਤੇ ਫਾਤਿਮਾ ਵਿਚਾਲੇ ਫਰਕ ਸਾਫ ਨਜ਼ਰ ਆ ਰਿਹਾ ਸੀ। ਭਾਰਤੀ ਖਿਡਾਰਨ ਨੇ ਆਪਣੇ ਹੇਠਲੇ ਦਰਜੇ ਦੀ ਖਿਡਾਰਨ ਨੂੰ ਸਿਰਫ਼ 29 ਮਿੰਟਾਂ ਵਿੱਚ 21-9, 21-6 ਨਾਲ ਹਰਾ ਦਿੱਤਾ। 2016 ਰੀਓ ਓਲੰਪਿਕ ’ਚ ਚਾਂਦੀ ਅਤੇ ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ 10ਵਾਂ ਦਰਜਾ ਪ੍ਰਾਪਤ ਸਿੰਧੂ ਬੁੱਧਵਾਰ ਨੂੰ ਗਰੁੱਪ ਦੇ ਆਪਣੇ ਦੂਜੇ ਮੈਚ ’ਚ ਵਿਸ਼ਵ ਦੀ 75ਵੇਂ ਨੰਬਰ ਦੀ ਖਿਡਾਰਨ ਐਸਤੋਨੀਆ ਦੀ ਕ੍ਰਿਸਟਿਨ ਕੂਬਾ ਨਾਲ ਭਿੜੇਗੀ।
ਬੀਤੀ ਰਾਤ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕਰਾਸਟੋ ਦੀ ਭਾਰਤੀ ਜੋੜੀ ਨੂੰ ਮਹਿਲਾ ਡਬਲਜ਼ ਮੁਕਾਬਲੇ ਦੇ ਗਰੁੱਪ-ਸੀ ਦੇ ਮੈਚ ਵਿੱਚ ਦੱਖਣੀ ਕੋਰੀਆ ਦੀ ਕਿਮ ਸੋ ਯਿਓਂਗ ਅਤੇ ਕੋਂਗ ਹੀ ਯੋਂਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਚੰਗਾ ਪ੍ਰਦਰਸ਼ਨ ਕਰ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਭਾਰਤੀ ਜੋੜੀ 44 ਮਿੰਟ ਤੱਕ ਚੱਲੇ ਮੈਚ ’ਚ 18-21, 10-21 ਨਾਲ ਹਾਰ ਗਈ। -ਪੀਟੀਆਈ
ਪ੍ਰਣੌਏ ਦੀ ਵੀ ਜੇਤੂ ਸ਼ੁਰੂਆਤ
ਪੈਰਿਸ: ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਜਰਮਨੀ ਦੇ ਫੈਬੀਆਨ ਰੋਥ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਵਿਸ਼ਵ ਰੈਂਕਿੰਗ ’ਚ 12ਵੇਂ ਸਥਾਨ ’ਤੇ ਕਾਬਜ਼ ਪ੍ਰਣੌਏ ਨੇ 45 ਮਿੰਟ ਤੱਕ ਚੱਲਿਆ ਇਹ ਮੈਚ 12-18, 21-12 ਨਾਲ ਜਿੱਤ ਲਿਆ। ਜਰਮਨ ਖਿਡਾਰੀ ਨੇ ਸ਼ੁਰੂਆਤੀ ਗੇਮ ’ਚ ਪ੍ਰਣੌਏ ਨੂੰ ਸਖ਼ਤ ਟੱਕਰ ਦਿੱਤੀ ਪਰ ਦੂਜੀ ਗੇਮ ’ਚ ਭਾਰਤੀ ਖਿਡਾਰੀ ਨੇ ਲੈਅ ਹਾਸਲ ਕੀਤੀ ਅਤੇ ਆਸਾਨੀ ਨਾਲ ਮੈਚ ਜਿੱਤ ਲਿਆ। -ਪੀਟੀਆਈ