ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ
ਜਕਾਰਤਾ, 5 ਜੂਨ
ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਅੱਜ ਇੱਥੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਦਕਿ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੂੰ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਹਾਰ ਕੇ ਬਾਹਰ ਹੋਣਾ ਪਿਆ। 2023 ਦੇ ਚੈਂਪੀਅਨ ਸਾਤਵਿਕ ਅਤੇ ਚਿਰਾਗ ਨੇ ਦੁਨੀਆ ਦੀ 16ਵੇਂ ਨੰਬਰ ਦੀ ਡੈਨਿਸ਼ ਜੋੜੀ ਰਾਸਮਸ ਕੇ ਅਤੇ ਫਰੈਡਰਿਕ ਸੋਗਾਰਡ ਨੂੰ 68 ਮਿੰਟਾਂ ਵਿੱਚ 16-21, 21-18, 22-20 ਨਾਲ ਹਰਾਇਆ। ਪਿਛਲੇ ਹਫ਼ਤੇ ਸਿੰਗਾਪੁਰ ਓਪਨ ਸੁਪਰ 750 ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਸਾਤਵਿਕ ਅਤੇ ਚਿਰਾਗ ਹੀ ਹੁਣ ਟੂਰਨਾਮੈਂਟ ਵਿੱਚ ਭਾਰਤ ਦੀ ਇੱਕੋ-ਇੱਕ ਚੁਣੌਤੀ ਬਚੀ ਹੈ। ਇਸ ਤੋਂ ਪਹਿਲਾਂ ਸਿੰਧੂ ਨੂੰ ਥਾਈਲੈਂਡ ਦੀ ਵਿਸ਼ਵ ਦੀ ਅੱਠਵਾਂ ਦਰਜਾ ਪ੍ਰਾਪਤ ਖਿਡਾਰਨ ਪੋਰਨਪਾਵੀ ਚੋਚੂਵੋਂਗ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਫੈਸਲਾਕੁਨ ਗੇਮ ਵਿੱਚ ਇੱਕ ਵੇਲੇ 15-11 ਨਾਲ ਅੱਗੇ ਸੀ, ਪਰ ਅੰਤ 78 ਮਿੰਟ ਤੱਕ ਚੱਲੇ ਮੈਚ ਵਿੱਚ ਉਹ 22-20, 10-21, 18-21 ਨਾਲ ਹਾਰ ਗਈ। ਇਸ ਬਾਰੇ ਸਿੰਧੂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਨੂੰ ਜਿੱਤ ਵਿੱਚ ਬਦਲਣਾ ਚਾਹੀਦਾ ਸੀ। ਮੈਂ ਤੀਜੀ ਗੇਮ ਵਿੱਚ 16-13 ਨਾਲ ਅੱਗੇ ਸੀ। ਪਰ ਉਸ ਨੇ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ। ਕੁੱਲ ਮਿਲਾ ਕੇ ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਜੇ ਮੈਂ ਅੱਜ ਇਸ ਨੂੰ ਜਿੱਤ ਵਿੱਚ ਬਦਲ ਦਿੰਦੀ ਤਾਂ ਜ਼ਿਆਦਾ ਵਧੀਆ ਹੁੰਦਾ। ਹਾਂ, ਮੈਨੂੰ ਇਸ ਮੈਚ ਅਤੇ ਟੂਰਨਾਮੈਂਟ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।’ ਸਿੰਧੂ ਨੇ 10-16 ਨਾਲ ਪਿੱਛੇ ਰਹਿਣ ਦੇ ਬਾਵਜੂਦ ਪਹਿਲੀ ਗੇਮ ਜਿੱਤੀ ਪਰ ਦੂਜੀ ਗੇਮ ਆਸਾਨੀ ਨਾਲ ਹਾਰ ਗਈ। ਫੈਸਲਾਕੁਨ ਗੇਮ ਵਿੱਚ ਵੀ ਭਾਰਤੀ ਖਿਡਾਰਨ 15-11 ਨਾਲ ਅੱਗੇ ਸੀ ਪਰ ਇਸ ਤੋਂ ਬਾਅਦ ਉਸ ਨੇ ਗਲਤੀਆਂ ਕੀਤੀਆਂ, ਜਿਸ ਦੇ ਨਤੀਜੇ ਉਸ ਨੂੰ ਭੁਗਤਣੇ ਪਏ। -ਪੀਟੀਆਈ