ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਦਾ ਜੇਤੂ ਆਗਾਜ਼
ਪੈਰਿਸ, 27 ਜੁਲਾਈ
ਪੈਰਿਸ ਓਲੰਪਿਕ ਦੇ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸੇਨ ਦੀ ਜੋੜੀ ਨੇ ਅੱਜ ਇੱਥੇ ਪੁਰਸ਼ ਡਬਲਜ਼ ਦੇ ਪਹਿਲੇ ਗੇੜ ’ਚ ਸੌਖੀ ਜਿੱਤ ਹਾਸਲ ਕੀਤੀ। ਏਸ਼ਿਆਈ ਖੇਡਾਂ ਦੇ ਮੌਜੂਦਾ ਚੈਂਪੀਅਨ ਸਾਤਵਿਕ-ਚਿਰਾਗ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਗਰੁੱਪ ‘ਸੀ’ ਦੇ ਮੈਚ ਵਿੱਚ ਫਰਾਂਸ ਦੇ ਲੁਕਾਸ ਕੋਰਵੀ ਅਤੇ ਰੋਨਾਨ ਲਾਬਾਰ ਦੀ ਜੋੜੀ ਨੂੰ 21-17, 21-14 ਨਾਲ ਹਰਾਇਆ। ਸਾਤਵਿਕ ਅਤੇ ਚਿਰਾਗ ਸੋਮਵਾਰ ਨੂੰ ਆਪਣੇ ਦੂਜੇ ਮੈਚ ਵਿੱਚ ਜਰਮਨੀ ਦੇ ਮਾਰਕ ਲੈਮਸਫਸ ਅਤੇ ਮਾਰਵਿਨ ਸੀਡੇਲ ਨਾਲ ਭਿੜਨਗੇ। ਫਰਾਂਸ ਦੀ ਜੋੜੀ ਨੇ ਪਹਿਲੀ ਗੇਮ ਵਿੱਚ ਭਾਰਤੀਆਂ ਨੂੰ ਸਖ਼ਤ ਟੱਕਰ ਦਿੱਤੀ ਪਰ ਸਾਤਵਿਕ ਅਤੇ ਚਿਰਾਗ ਨੇ ਮੈਚ ਵਿੱਚ ਜ਼ਿਆਦਾਤਰ ਰੈਲੀਆਂ ਜਿੱਤ ਕੇ ਮੈਚ ਆਪਣੇ ਨਾਮ ਕੀਤਾ। -ਪੀਟੀਆਈ
ਲਕਸ਼ੈ ਦੀ ਕੇਵਿਨ ’ਤੇ ਸੌਖੀ ਜਿੱਤ
ਪੈਰਿਸ: ਭਾਰਤ ਦੇ ਲਕਸ਼ੈ ਸੇਨ ਨੇ ਅੱਜ ਇੱਥੇ ਪੈਰਿਸ ਓਲੰਪਿਕ ’ਚ ਬੈਡਮਿੰਟਨ ਪੁਰਸ਼ ਸਿੰਗਲਜ਼ ਵਿੱਚ ਦੁਨੀਆ ਦੇ 41ਵੇਂ ਨੰਬਰ ਦੇ ਖਿਡਾਰੀ ਕੇਵਿਨ ਕੋਰਡੇਨ ਨੂੰ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਦੁਨੀਆ ਦੇ 18ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੂੰ ਦੂਜੀ ਗੇਮ ਵਿੱਚ ਕੇਵਿਨ ਨੇ ਸਖ਼ਤ ਟੱਕਰ ਦਿੱਤੀ ਪਰ ਭਾਰਤੀ ਖਿਡਾਰੀ 42 ਮਿੰਟ ਵਿੱਚ 21-8, 22-20 ਨਾਲ ਜਿੱਤ ਦਰਜ ਕਰਨ ਵਿੱਚ ਸਫ਼ਲ ਰਿਹਾ। ਲਕਸ਼ੈ ਨੇ ਲਗਾਤਾਰ ਪੰਜ ਅੰਕ ਹਾਸਲ ਕਰ ਕੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ 5-0 ਦੀ ਲੀਡ ਲਈ। ਬਰੇਕ ਤੱਕ ਭਾਰਤੀ ਖਿਡਾਰੀ 11-2 ਨਾਲ ਅੱਗੇ ਸੀ। ਬਰੇਕ ਤੋਂ ਬਾਅਦ ਵੀ ਉਸ ਨੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਸਕੋਰ 18-5 ਤੱਕ ਲੈ ਗਿਆ। ਕੇਵਿਨ ਨੇ ਦੂਜੀ ਗੇਮ ਵਿੱਚ ਲਕਸ਼ੈ ਨੂੰ ਸਖ਼ਤ ਟੱਕਰ ਦਿੱਤੀ ਪਰ ਭਾਰਤੀ ਖਿਡਾਰੀ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਜਿੱਤ ਲਿਆ। -ਪੀਟੀਆਈ