ਕੁਮਾਮੋਟੋ, 14 ਨਵੰਬਰ ਓਲੰਪਿਕ ਵਿੱਚ ਦੋ ਵਾਰ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਅੱਜ ਇੱਥੇ ਕੁਮਾਮੋਟੋ ਮਾਸਟਰਜ਼ ਜਪਾਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ’ਚ ਹਾਰ ਗਈ ਅਤੇ ਇਸ ਦੇ ਨਾਲ ਹੀ ਟੂਰਨਾਮੈਂਟ ’ਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਲਕਸ਼ੈ ਸੇਨ ਤੋਂ ਇਲਾਵਾ ਟਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਜੋੜੀ ਦੀ ਹਾਰ ਮਗਰੋਂ ਭਾਰਤ ਵੱਲੋਂ ਇਕੱਲੀ ਸਿੰਧੂ ਦੀ ਚੁਣੌਤੀ ਹੀ ਬਚੀ ਸੀ। ਔਰਤਾਂ ਦੇ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਸਿੰਧੂ ਨੂੰ ਕੈਨੇਡਾ ਦੀ ਮਿਸ਼ੇਲ ਲੀ ਹੱਥੋਂ 21-17 16-21 17-21 ਨਾਲ ਹਾਰ ਮਿਲੀ। ਇਹ ਮੁਕਾਬਲਾ ਇੱਕ ਘੰਟਾ 15 ਮਿੰਟ ਤੱਕ ਚੱਲਿਆ। ਇਸ ਜਿੱਤ ਨਾਲ ਕੈਨੇਡੀਅਨ ਖਿਡਾਰਨ ਲੀ ਕੁਆਰਟਰ ’ਚ ਫਾਈਨਲ ’ਚ ਪਹੁੰਚ ਗਈ ਹੈ, ਜਿੱਥੇ ਉਸ ਦਾ ਮੁਕਾਬਲਾ ਦੱਖਣੀ ਕੋਰੀਆ ਦੀ ਯੂ ਜਿਨ ਸਿਮ ਨਾਲ ਹੋਵੇਗਾ। -ਪੀਟੀਆਈ