ਬੈਡਮਿੰਟਨ: ਪੀਵੀ ਸਿੰਧੂ ਹਾਰ ਮਗਰੋਂ ਚੀਨ ਮਾਸਟਰਜ਼ ਵਿੱਚੋਂ ਬਾਹਰ
ਸ਼ੇਨਜ਼ੇਨ: ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਦੀ ਚੀਨ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਮੁਹਿੰਮ ਉਦੋਂ ਸਮਾਪਤ ਹੋ ਗਈ, ਜਦੋਂ ਉਸ ਨੂੰ ਅੱਜ ਇੱਥੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਸਿੰਗਾਪੁਰ ਦੀ ਯਿਓ ਜੀਆ ਮਿਨ ਖ਼ਿਲਾਫ਼ ਸਖ਼ਤ ਮੁਕਾਬਲੇ ’ਚ ਹਾਰ ਝੱਲਣੀ ਪਈ। ਪਹਿਲੇ ਗੇੜ ਵਿੱਚ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਬੁਸਾਨਨ ਓਂਗਬੈਮਰੁੰਗਫਾਨ ਨੂੰ ਹਰਾਉਣ ਵਾਲੀ ਦੁਨੀਆ ਦੀ 19ਵੇਂ ਨੰਬਰ ਦੀ ਖਿਡਾਰਨ ਸਿੰਧੂ ਨੂੰ ਦੂਜੇ ਗੇੜ ਵਿੱਚ ਯਿਆ ਮਿਨ ਨੂੰ ਸਖ਼ਤ ਚੁਣੌਤੀ ਦੇਣ ਦੇ ਬਾਵਜੂਦ ਇੱਕ ਘੰਟਾ ਨੌਂ ਮਿੰਟ ਤੱਕ ਚੱਲੇ ਮੁਕਾਬਲੇ ’ਚ 16-21, 21-17, 21-23 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਸਿੰਗਲਜ਼ ਵਿੱਚ ਅਨੁਪਮਾ ਉਪਾਧਿਆਏ ਅਤੇ ਮਾਲਵਿਕਾ ਬੀ ਨੂੰ ਵੀ ਇੱਕਤਰਫ਼ਾ ਮੁਕਾਬਲੇ ’ਚ ਹਾਰ ਮਿਲੀ। ਅਨੁਪਮਾ ਨੂੰ ਜਪਾਨ ਦੀ ਨਾਤਸੁਕੀ ਨਿਦਾਇਰਾ ਖ਼ਿਲਾਫ਼ 7-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਮਾਲਵਿਕਾ ਨੂੰ ਅੱਠਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ ਸੁਪਾਨਿਦਾ ਕੇਟਥੋਂਗ ਖ਼ਿਲਾਫ਼ 9-21, 9-21 ਨਾਲ ਹਾਰ ਮਿਲੀ। ਤਰੀਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਕੋਲ ਵੀ ਲਿਊ ਸ਼ੇਂਗ ਸ਼ੂ ਅਤੇ ਟੇਨ ਨਿੰਗ ਦੀ ਚੀਨ ਦੀ ਦੂਜਾ ਦਰਜਾ ਪ੍ਰਾਪਤ ਮਹਿਲਾ ਜੋੜੀ ਦਾ ਕੋਈ ਜਵਾਬ ਨਹੀਂ ਸੀ। ਦੁਨੀਆ ਦੀ 18ਵੇਂ ਨੰਬਰ ਦੀ ਭਾਰਤੀ ਜੋੜੀ ਨੂੰ ਚੀਨ ਦੀਆਂ ਖਿਡਾਰਨਾਂ ਤੋਂ ਸਿਰਫ਼ 43 ਮਿੰਟ ਤੱਕ ਚੱਲੇ ਮੁਕਾਬਲੇ ’ਚ 16-11, 11-21 ਨਾਲ ਹਾਰ ਮਿਲੀ। ਸਿੰਗਲਜ਼ ਵਰਗ ਵਿੱਚ ਹੁਣ ਭਾਰਤੀ ਚੁਣੌਤੀ ਦਾ ਭਾਰ ਲਕਸ਼ੈ ਸੇਨ ਦੇ ਮੋਢਿਆਂ ’ਤੇ ਹੈ, ਜਿਸ ਨੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਡੈਨਮਾਰਕ ਦੇ ਰਾਸਮਸ ਗੇਮਕੇ ਖ਼ਿਲਾਫ਼ ਮੁਕਾਬਲਾ ਖੇਡਣਾ ਹੈ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਾਬਕਾ ਚੈਂਪੀਅਨ ਜੋੜੀ ਵੀ ਪ੍ਰੀ-ਕੁਆਰਟਰ ਫਾਈਨਲ ਵਿੱਚ ਰਾਸਮਸ ਜਾਏਰ ਅਤੇ ਫ੍ਰੈਡੇਰਿਕ ਸੋਗਰਾਡ ਦੀ ਡੈਨਮਾਰਕ ਦੀ ਪੁਰਸ਼ ਡਬਲਜ਼ ਜੋੜੀ ਦਾ ਸਾਹਮਣਾ ਕਰੇਗੀ। -ਪੀਟੀਆਈ