ਬੈਡਮਿੰਟਨ: ਪ੍ਰਣੌਏ ਚੀਨ ਮਾਸਟਰਜ਼ ਦੇ ਦੂਜੇ ਗੇੜ ’ਚ ਪਹੁੰਚਿਆ
ਸ਼ੇਨਝੇਨ (ਚੀਨ), 21 ਨਵੰਬਰ
ਭਾਰਤੀ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣੌਏ ਅੱਜ ਇੱਥੇ ਚੀਨੀ ਤਾਇਪੈ ਦੇ ਚੋਊ ਟਿਏਨ ਚੇਨ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਚੀਨ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਦੂਜੇ ਗੇੜ ’ਚ ਪਹੁੰਚ ਗਿਆ ਹੈ। ਪ੍ਰਣੌਏ ਨੇ ਪਹਿਲੇ ਗੇੜ ਦੁਨੀਆ ਦੇ 12ਵੇਂ ਨੰਬਰ ਦੇ ਖਿਡਾਰੀ ਨੂੰ 21-18 22-20 ਨਾਲ ਹਰਾਇਆ ਅਤੇ ਪਿਛਲੇ ਹਫ਼ਤੇ ਜਪਾਨ ’ਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰ ਲਿਆ। ਏਸ਼ਿਆਈ ਖੇਡਾਂ ’ਚ ਕਾਂਸੇ ਦਾ ਤਗ਼ਮਾ ਜੇਤੂ ਪ੍ਰਣੌਏ ਦਾ ਮੁਕਾਬਲਾ ਦੂਜੇ ਗੇੜ ’ਚ ਹਾਂਗਕਾਂਗ ਦੇ ਲੀ ਚੇਯੁਕ ਤੇ ਡੈਨਮਾਰਕ ਦੇ ਮੈਗਨਸ ਜੌਹਨਸਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਦੂਜੇ ਪਾਸੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਵੀ ਇੰਗਲੈਂਡ ਦੇ ਬੈਨ ਲੇਨ ਅਤੇ ਸੀਨ ਵੈਂਡੀ ਦੀ ਜੋੜੀ ਨੂੰ 21-13 21-10 ਨਾਲ ਹਰਾ ਕੇ ਪੁਰਸ਼ ਡਬਲਜ਼ ਦੇ ਦੂਜੇ ਗੇੜ ’ਚ ਪਹੁੰਚ ਗਈ ਹੈ। ਦੂਜੇ ਗੇੜ ’ਚ ਭਾਰਤੀ ਜੋੜੀ ਦਾ ਮੁਕਾਬਲਾ ਜਪਾਨ ਦੇ ਅਕੀਰਾ ਕੋਗਾ ਤੇ ਤਾਇਚੀ ਸੇਇਤੋ ਦੀ ਜੋੜੀ ਨਾਲ ਹੋਵੇਗਾ। ਇਸੇ ਦੌਰਾਨ ਮਹਿਲਾ ਸਿੰਗਲਜ਼ ’ਚ ਭਾਰਤ ਦੀ ਆਕਰਸ਼ੀ ਕਸ਼ਯਪ ਚੀਨ ਦੀ ਝੇਂਗ ਯੀ ਮੈਨ ਹੱਥੋਂ 12-21 14-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। -ਪੀਟੀਆਈ
ਸਾਤਵਿਕ ਤੇ ਚਿਰਾਗ ਸ਼ੈੱਟੀ ਸਰਵੋਤਮ ਖ਼ਿਡਾਰੀ ਐਵਾਰਡ ਲਈ ਨਾਮਜ਼ਦ
ਨਵੀਂ ਦਿੱਲੀ: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀਆਂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀਡਬਲਿਊਐੱਫ) ਵੱਲੋਂ ‘ਸਾਲ ਦੇ ਸਰਵੋਤਮ ਖਿਡਾਰੀ’ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਸਾਤਵਿਕ-ਚਿਰਾਗ ਦੀ ਜੋੜੀ ਨੇ ਹਾਲ ’ਚ ਕਈ ਖ਼ਿਤਾਬ ਜਿੱਤੇ ਹਨ। ਸੈਸ਼ਨ ਦੇ ਸਭ ਤੋਂ ਵਧੀਆ ਖਿਡਾਰੀਆਂ ਨੂੰ 11 ਦਸੰਬਰ ਨੂੰ ਹਾਂਗਜ਼ੂ ਵਿੱਚ ਬੀਡਬਲਿਊਐੱਫ ਦੇ ਵੱਕਾਰੀ ਸਰਵੋਤਮ ਖਿਡਾਰੀ ਐਵਾਰਡ ਨਾਲ ਨਿਵਾਜਿਆ ਜਾਵੇਗਾ। ਐਵਾਰਡ ਸਮਾਗਮ ਸਾਲਾਨਾ ਬੀਡਬਲਿਊਐੱਫ ਵਿਸ਼ਵ ਟੂਰ ਫਾਈਨਲਜ਼ ਦੌਰਾਨ ਕੀਤਾ ਜਾਵੇਗਾ। ਕੁੱਲ ਅੱਠ ਵਰਗਾਂ ’ਚ ਐਵਾਰਡ ਦਿੱਤੇ ਜਾਣਗੇ ਜਿਸ ਵਿੱਚ ਤਿੰਨ ਪੈਰਾ ਬੈਡਮਿੰਟਨ ਵਰਗ ’ਚ ਹਨ। ਬੀਡਬਲਿਊਐੱਫ ਕੌਂਸਲ ਨਾਮਜ਼ਦ ਖਿਡਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ ਦੇਵੇਗੀ। -ਪੀਟੀਆਈ