ਬੈਡਮਿੰਟਨ: ਨਿਤੇਸ਼ ਤੇ ਸੁਕਾਂਤ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ
ਪੈਰਿਸ, 31 ਅਗਸਤ
ਭਾਰਤੀ ਸ਼ਟਲਰ ਨਿਤੇਸ਼ ਕੁਮਾਰ ਅਤੇ ਸੁਕਾਂਤ ਕਦਮ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਆਪਣੇ ਆਖ਼ਰੀ ਗਰੁੱਪ ਮੈਚਾਂ ਵਿੱਚ ਸਿੱਧੀ ਸੈੱਟਾਂ ’ਚ ਜਿੱਤ ਦਰਜ ਕਰਨ ਮਗਰੋਂ ਕ੍ਰਮਵਾਰ ਪੁਰਸ਼ ਸਿੰਗਲਜ਼ ਐੱਸਐੱਲ3 ਅਤੇ ਐੱਸਐੱਲ4 ਸ਼੍ਰੇਣੀਆਂ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਐੱਸਐੱਲ3 ਵਰਗ ਦੇ ਖਿਡਾਰੀ ਨਿਤੇਸ਼ ਨੇ ਥਾਈਲੈਂਡ ਦੇ ਮੋਂਗਖੋਨ ਬੁਨਸੁਨ ਨੂੰ 21-13, 21-14 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ ਅਤੇ ਗਰੁੱਪ ਏ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਬੁਨਸੁਨ ਨੇ ਗਰੁੱਪ ਏ ’ਚੋਂ ਦੂਜੇ ਸਥਾਨ ’ਤੇ ਰਹਿੰਦਿਆਂ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਇੱਕ ਹੋਰ ਮੁਕਾਬਲੇ ਵਿੱਚ ਟੋਕੀਓ ਪੈਰਾਲੰਪਿਕ ਦੇ ਕਾਂਸੇ ਦਾ ਤਗ਼ਮਾ ਜੇਤੂ ਮਨੋਜ ਸਰਕਾਰ ਨੇ ਚੀਨ ਦੇ ਯਾਂਗ ਜਿਆਨਯੁਆਨ ਨੂੰ 21-1, 21-11 ਨਾਲ ਹਰਾਇਆ। ਹਾਲਾਂਕਿ ਮਨੋਜ ਇਸ ਤੋਂ ਪਹਿਲਾਂ ਬੁਨਸੁਨ ਅਤੇ ਨਿਤੇਸ਼ ਤੋਂ ਹਾਰਨ ਮਗਰੋਂ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ ਸੀ। ਪੁਰਸ਼ ਸਿੰਗਲਜ਼ ਐੱਸਐੱਲ4 ਵਰਗ ਵਿੱਚ ਸੁਕਾਤ ਨੇ ਥਾਈਲੈਂਡ ਦੇ ਟੀਮਾਰੋਮ ਸਿਰੀਪੋਂਗ ਨੂੰ 21-12, 21-12 ਨਾਲ ਹਰਾ ਕੇ ਗਰੁੱਪ ਬੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਤੇ ਹਮਵਤਨ ਸੁਹਾਸ ਯਥਿਰਾਜ ਨਾਲ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਿੱਚ ਸਫ਼ਲ ਰਿਹਾ। ਇਸ ਤੋਂ ਪਹਿਲਾਂ ਮਨਦੀਪ ਕੌਰ ਨੇ ਪੈਰਿਸ ਮਹਿਲਾ ਸਿੰਗਲਜ਼ ਐੱਸਐੱਲ3 ਮੁਕਾਬਲੇ ਵਿੱਚ ਆਸਟਰੇਲੀਆ ਦੀ ਵਿਨੋਟ ਸੇਲੀਨ ਓਰੇਲੀ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦੇ ਕੁਆਰਟਰਫਾਈਨਲ ’ਚ ਕਦਮ ਰੱਖਿਆ। ਮਨਦੀਪ ਨੇ ਆਸਟਰੇਲਿਆਈ ਵਿਰੋਧੀ ਖ਼ਿਲਾਫ਼ ਗਰੁੱਪ ਬੀ ’ਚ ਆਪਣਾ ਆਖ਼ਰੀ ਮੈਚ 21-23, 21-10, 21-17 ਨਾਲ ਜਿੱਤਿਆ। ਕੁਆਰਟਰ ਫਾਈਨਲ ’ਚ ਪਹੁੰਚਣ ਲਈ ਭਾਰਤੀ ਖਿਡਾਰਨ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ। ਉਸ ਨੇ ਗਰੁੱਪ ਬੀ ’ਚ ਦੂਜਾ ਸਥਾਨ ਹਾਸਲ ਕੀਤਾ। -ਪੀਟੀਆਈ