ਬੈਡਮਿੰਟਨ: ਲਕਸ਼ੈ ਸੇਨ ਯੂਐੱਸ ਓਪਨ ਤੋਂ ਬਾਹਰ
08:59 AM Jul 17, 2023 IST
ਕਾਊਂਸਿਲ ਬਲੱਫਜ਼ (ਅਮਰੀਕਾ): ਭਾਰਤ ਦੇ ਸਟਾਰ ਖਿਡਾਰੀ ਲਕਸ਼ੈ ਸੇਨ ਨੂੰ ਯੂਐੱਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਚੀਨ ਦੇ ਆਲ ਇੰਗਲੈਂਡ ਚੈਂਪੀਅਨ ਲੀ ਸ਼ੀ ਫੈਂਗ ਤੋਂ ਇੱਕ ਸਖ਼ਤ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਤੇ ਇੱਥੇ ਤੀਜਾ ਦਰਜਾ ਹਾਸਲ ਸੇਨ ਨੂੰ ਦੂਜਾ ਦਰਜਾ ਹਾਸਲ ਫੈਂਗ ਤੋਂ 17-21, 24-22, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੰਘੀ ਰਾਤ ਖੇਡਿਆ ਗਿਆ ਡਬਲਯੂਐੱਫ ਸੁਪਰ 300 ਟੂਰਨਾਮੈਂਟ ਦਾ ਇਹ ਮੁਕਾਬਲਾ ਇੱਕ ਘੰਟਾ 16 ਮਿੰਟ ਤੱਕ ਚੱਲਿਆ। ਦੁਨੀਆ ਦੇ ਸੱਤਵੇਂ ਨੰਬਰ ਦੇ ਖਿਡਾਰੀ ਫੈਂਗ ਤੇ 12ਵੀਂ ਰੈਂਕਿੰਗ ਦੇ ਸੇਨ ਵਿਚਾਲੇ ਇਹ ਮੁਕਾਬਲਾ ਕਾਫੀ ਕਰੀਬੀ ਰਿਹਾ। ਸ਼ੁਰੂਆਤੀ ਗੇਮ ਵਿੱਚ ਦੋਵੇਂ ਖਿਡਾਰੀ 17 ਅੰਕਾਂ ਤੱਕ ਬਰਾਬਰੀ ’ਤੇ ਸੀ ਪਰ ਬਾਅਦ ਵਿੱਚ ਚੀਨ ਦੇ ਖਿਡਾਰੀ ਨੇ ਹਮਲਾਵਰ ਖੇਡ ਦਿਖਾਈ ਜਦਕਿ ਭਾਰਤੀ ਖਿਡਾਰੀ ਨੇ ਕੁਝ ਗਲਤੀਆਂ ਕੀਤੀਆਂ ਜਿਸ ਕਾਰਨ ਉਹ ਮੁਕਾਬਲਾ ਹਾਰ ਗਿਆ। -ਪੀਟੀਆਈ
Advertisement
Advertisement