ਬੈਡਮਿੰਟਨ: ਲਕਸ਼ੈ ਸੇਨ ਆਰਕਟਿਕ ਓਪਨ ਦੇ ਅਗਲੇ ਗੇੜ ’ਚ
ਵਾਂਤਾ (ਫਿਨਲੈਂਡ), 9 ਅਕਤੂਬਰ
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਆਰਕਟਿਕ ਓਪਨ ਸੁਪਰ 500 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਆਖਰੀ 16 ਵਿੱਚ ਜਗ੍ਹਾ ਬਣਾ ਲਈ ਹੈ, ਜਦਕਿ ਉਸ ਦੇ ਵਿਰੋਧੀ ਰਾਸਮਸ ਗੇਮਕੇ ਨੇ ਪਹਿਲੇ ਗੇੜ ’ਚੋਂ ਹੀ ਆਪਣਾ ਨਾਮ ਵਾਪਸ ਲੈ ਲਿਆ। ਹੁਣ ਪੈਰਿਸ ਓਲੰਪਿਕ ਵਿੱਚ ਕਾਂਸੇ ਦੇ ਤਗ਼ਮੇ ਦੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਸੇਨ ਦਾ ਸਾਹਮਣਾ ਚੀਨੀ ਤਾਇਪੇ ਦੇ ਸੱਤਵਾਂ ਦਰਜਾ ਪ੍ਰਾਪਤ ਚੋਊ ਤਿਏਨ ਚੇਨ ਅਤੇ ਫਰਾਂਸ ਦੇ ਕੁਆਲੀਫਾਇਰ ਆਰਨੌਡ ਮੇਰਕਲ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਕੁਆਲੀਫਾਇਰ ਕਿਰਨ ਜੌਰਜ ਦਾ ਸਾਹਮਣਾ ਚੀਨੀ ਤਾਇਪੇ ਦੇ ਜ਼ੂ ਵੇਈ ਵਾਂਗ ਨਾਲ ਹੋਵੇਗਾ। ਇਸ ਤੋਂ ਪਹਿਲਾਂ ਬੀਤੇ ਦਿਨ ਦੋ ਵਾਰ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਜਲਦੀ ਹਾਰ ਕੇ ਬਾਹਰ ਹੋ ਗਈ ਸੀ ਪਰ ਉਭਰਦੀ ਖਿਡਾਰਨ ਮਾਲਵਿਕਾ ਬੰਸੋਦ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਚੀਨੀ ਤਾਇਪੇ ਦੀ 23ਵੇਂ ਨੰਬਰ ਦੀ ਖਿਡਾਰਨ ਸੁੰਗ ਸ਼ੂਓ ਯੂਨ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ। ਉਸ ਨੇ 21-19, 24-22 ਨਾਲ ਜਿੱਤ ਦਰਜ ਕੀਤੀ। -ਪੀਟੀਆਈ