ਬੈਡਮਿੰਟਨ: ਅਨਮੋਲ ਸਣੇ ਪੰਜ ਭਾਰਤੀ ਕੁਆਰਟਰ ਫਾਈਨਲ ’ਚ
ਅਸਤਾਨਾ, 4 ਅਪਰੈਲ
ਅਨਮੋਲ ਖਰਬ ਸਮੇਤ ਪੰਜ ਭਾਰਤੀ ਬੈਡਮਿੰਟਨ ਖਿਡਾਰੀ ਕਜ਼ਾਖਸਤਾਨ ਕੌਮਾਂਤਰੀ ਚੈਲੇਂਜ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਅਨਮੋਲ ਤੋਂ ਇਲਾਵਾ ਦੇਵਿਕਾ ਸਿਹਾਬ, ਸਾਬਕਾ ਕੌਮੀ ਚੈਂਪੀਅਨ ਅਨੁਪਮਾ ਉਪਾਧਿਆਏ, ਸੱਤਵਾਂ ਦਰਜਾ ਪ੍ਰਾਪਤ ਤਾਨਿਆ ਹੇਮੰਤ ਅਤੇ ਈਸ਼ਾਰਾਣੀ ਬਰੂਆ ਨੇ ਮਹਿਲਾ ਸਿੰਗਲਜ਼ ਦੇ ਆਖਰੀ ਅੱਠ ’ਚ ਜਗ੍ਹਾ ਬਣਾਈ ਹੈ। ਅਨਮੋਲ ਨੇ ਦੂਜੇ ਗੇੜ ’ਚ ਯੂਏਈ ਦੀ ਨੂਰਾਨੀ ਰਾਤੂ ਅਜ਼ਾਹਰਾ ਨੂੰ 21-11, 21-7 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਜਾਪਾਨ ਦੀ ਸੋਰਾਨੋ ਯੋਸ਼ੀਕਾਵਾ ਨਾਲ ਹੋਵੇਗਾ।
ਇਸ ਸਾਲ ਚਾਰ ਫਾਈਨਲਜ਼ ਤੱਕ ਪਹੁੰਚ ਕੇ ਦੋ ਕੌਮਾਂਤਰੀ ਚੈਲੇਂਜ ਖਿਤਾਬ ਜਿੱਤਣ ਵਾਲੀ ਸਿਹਾਗ ਨੇ ਅਜ਼ਰਬਾਇਜਾਨ ਦੀ ਕੇਇਸ਼ਾ ਫਾਤਿਮਾ ਅਜ਼ਾਹਰਾ ਨੂੰ 21-12, 21-12 ਨਾਲ ਮਾਤ ਦਿੱਤੀ। ਹੁਣ ਉਸ ਦਾ ਸਾਹਮਣਾ ਹਮਵਤਨ ਅਨੁਪਮਾ ਨਾਲ ਹੋਵੇਗਾ, ਜਿਸ ਨੇ ਚੈੱਕ ਗਣਰਾਜ ਦੀ ਟੇਰੇਜ਼ਾ ਐੱਸ ਨੂੰ ਹਰਾਇਆ ਸੀ। ਸੱਤਵਾਂ ਦਰਜਾ ਪ੍ਰਾਪਤ ਤਾਨਿਆ ਨੇ ਇਜ਼ਰਾਈਲ ਦੀ ਕਸੇਨੀਆ ਪੋਲੀਕਾਰਪੋਵਾ ਨੂੰ 21-11, 21-18 ਨਾਲ ਹਰਾਇਆ। ਹੁਣ ਉਹ ਹਮਵਤਨ ਈਸ਼ਾਰਾਣੀ ਨਾਲ ਖੇਡੇਗੀ ਜਿਸ ਨੇ ਨਿਊਜ਼ੀਲੈਂਡ ਦੀ ਟਿਫਨੀ ਹੋ ਨੂੰ 21-10, 20-14 ਨਾਲ ਹਰਾਇਆ। ਮਿਕਸਡ ਡਬਲਜ਼ ਵਿੱਚ ਰੋਹਨ ਕਪੂਰ-ਰੁਤਵਿਜਾ ਸ਼ਿਵਾਨੀ, ਏ. ਚੌਧਰੀ-ਵੈਸ਼ਨਵੀ ਖਾੜਕੇਕਰ, ਸੰਜੈ ਸ੍ਰੀਵਾਤਸਾ-ਮਨੀਸ਼ਾ ਕੇ ਤੇ ਅਲੀਸ਼ਾ ਖਾਨ-ਜ਼ਾਕੂਓ ਸੇਈ ਵੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। -ਪੀਟੀਆਈ
ਸਿੰਧੂ ਨੇ ਊਬਰ ਕੱਪ ’ਚੋਂ ਨਾਮ ਵਾਪਸ ਲਿਆ
ਨਵੀਂ ਦਿੱਲੀ: ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਸਿਖਰਲੀਆਂ ਦੋ ਡਬਲਜ਼ ਟੀਮਾਂ ਨੇ ਊਬਰ ਕੱਪ ’ਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ ਪਰ 27 ਅਪਰੈਲ ਤੋਂ ਸ਼ੁਰੂ ਹੋ ਰਹੇ ਥੌਮਸ ਕੱਪ ਦੇ ਪੁਰਸ਼ ਵਰਗ ਵਿੱਚ ਭਾਰਤ ਦੀ ਮਜ਼ਬੂਤ ਟੀਮ ਮੁੜ ਖਿਤਾਬ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰੇਗੀ। ਸਿੰਧੂ ਨੇ ਫਰਵਰੀ ਵਿੱਚ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਰਾਹੀਂ ਵਾਪਸੀ ਤੋਂ ਬਾਅਦ ਛੇ ਟੂਰਨਾਮੈਂਟ ਖੇਡੇ ਹਨ। ਉਸ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਰਿਕਵਰੀ ਲਈ ਲੋੜੀਂਦੇ ਸਮੇਂ ਦੀ ਜ਼ਰੂਰਤ ਨੂੰ ਦੇਖਦਿਆਂ ਆਪਣਾ ਨਾਂ ਵਾਪਸ ਲੈ ਲਿਆ ਹੈ। ਮਹਿਲਾ ਡਬਲਜ਼ ਵਿੱਚ ਤਰੀਸਾ ਜੌਲੀ-ਗਾਇਤਰੀ ਗੋਪੀਚੰਦ ਤੇ ਅਸ਼ਵਿਨੀ ਪੋਨੱਪਾ-ਤਨੀਸ਼ਾ ਕ੍ਰਾਸਟੋ ਨੇ ਵੀ ਆਪਣੇ ਨਾਂ ਵਾਪਸ ਲੈ ਲਏ ਹਨ। ਉਨ੍ਹਾਂ ਦਾ ਧਿਆਨ ਓਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਹੋਰ ਟੂਰਨਾਮੈਂਟਾਂ ’ਤੇ ਹੈ। ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਦੇ ਸਕੱਤਰ ਸੰਜੈ ਮਿਸ਼ਰਾ ਨੇ ਕਿਹਾ, ‘‘ਸਿੰਧੂ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਹੈ ਅਤੇ ਪੈਰਿਸ ਓਲੰਪਿਕ ਦੀ ਤਿਆਰੀ ਲਈ ਉਸ ਨੂੰ ਸਮਾਂ ਚਾਹੀਦਾ ਹੈ। ਡਬਲਜ਼ ਟੀਮਾਂ ਨੇ ਵੀ ਆਪਣੇ ਨਾਂ ਵਾਪਸ ਲੈ ਲਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਕਈ ਟੂਰਨਾਮੈਂਟ ਖੇਡੇ ਹਨ ਅਤੇ ਹੁਣ ਉਨ੍ਹਾਂ ਦਾ ਧਿਆਨ ਓਲੰਪਿਕ ਲਈ ਕੁਆਲੀਫਾਈ ਕਰਨ ’ਤੇ ਹੈ।’’ ਥੌਮਸ ਕੱਪ ਵਿੱਚ ਭਾਰਤ ਮੌਜੂਦਾ ਚੈਂਪੀਅਨ ਹੈ ਅਤੇ ਇਸ ਵਾਰ ਵੀ ਇੱਕ ਮਜ਼ਬੂਤ ਟੀਮ ਮੈਦਾਨ ਵਿੱਚ ਉਤਾਰੀ ਗਈ ਹੈ। -ਪੀਟੀਆਈ