ਬੈਡਮਿੰਟਨ: ਕਰੈਸਟੋ-ਕਪਿਲਾ ਦੀ ਜੋੜੀ ਇੰਡੋਨੇਸ਼ੀਆ ਮਾਸਟਰਜ਼ ਦੇ ਦੂਜੇ ਗੇੜ ’ਚ
ਜਕਾਰਤਾ, 22 ਜਨਵਰੀ
ਤਨੀਸ਼ਾ ਕਰੈਸਟੋ ਅਤੇ ਧਰੁਵ ਕਪਿਲਾ ਦੀ ਭਾਰਤੀ ਜੋੜੀ ਨੇ ਇੰਡੋਨੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਮਿਕਸਡ ਡਬਲਜ਼ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਜ ਇੱਥੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਕਰੈਸਟੋ ਅਤੇ ਕਪਿਲਾ ਨੇ ਪਹਿਲੇ ਗੇੜ ਦੇ ਮੈਚ ਵਿੱਚ ਅਦਨਾਨ ਮੌਲਾਨਾ ਅਤੇ ਇੰਦਾਹ ਕਾਹਿਆ ਸਾਰੀ ਜਮੀਲ ਦੀ ਇੰਡੋਨੇਸ਼ੀਆ ਦੀ ਜੋੜੀ ਨੂੰ 21-18, 21-14 ਨਾਲ ਹਰਾਇਆ ਅਤੇ ਅਗਲੇ ਗੇੜ ਵਿੱਚ ਉਸ ਦਾ ਸਾਹਮਣਾ ਮਲੇਸ਼ੀਆ ਦੀ ਪੈਂਗ ਰੋਨ ਹੂ ਅਤੇ ਸੁ ਯਿਨ ਚੇਂਗ ਦੀ ਜੋੜੀ ਨਾਲ ਹੋਵੇਗਾ। ਕਰੈਸਟੋ ਨੇ ਮੰਗਲਵਾਰ ਨੂੰ ਤਜਰਬੇਕਾਰ ਅਸ਼ਵਨੀ ਪੋਨੱਪਾ ਨਾਲ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿੱਚ ਵੀ ਜਗ੍ਹਾ ਬਣਾਈ ਸੀ। ਹਾਲਾਂਕਿ ਰੋਹਨ ਕਪੂਰ ਅਤੇ ਰੁਥਵਿਕਾ ਸ਼ਿਵਾਨੀ ਦੀ ਇੱਕ ਹੋਰ ਭਾਰਤੀ ਮਿਕਸਡ ਡਬਲਜ਼ ਜੋੜੀ ਪਹਿਲੇ ਗੇੜ ਵਿੱਚ ਇੰਗਲੈਂਡ ਦੇ ਗ੍ਰੈਗਰੀ ਮਾਇਰਸ ਅਤੇ ਜੈਨੀ ਮਾਇਰਸ ਹੱਥੋਂ 9-21, 13-21 ਨਾਲ ਹਾਰ ਕੇ ਬਾਹਰ ਹੋ ਗਈ।
ਭਾਰਤ ਲਈ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉੜੀਸਾ ਮਾਸਟਰਜ਼ 2023 ਦਾ ਉਪ ਜੇਤੂ ਆਯੂਸ਼ ਸ਼ੈੱਟੀ ਅਤੇ ਕਿਰਨ ਜੌਰਜ ਦੋਵੇਂ ਆਪੋ-ਆਪਣੇ ਪੁਰਸ਼ ਸਿੰਗਲਜ਼ ਦੇ ਸ਼ੁਰੂਆਤੀ ਗੇੜ ਦੇ ਮੈਚ ਹਾਰ ਗਏ। ਸ਼ੈੱਟੀ ਨੇ 19-21, 19-21 ਨਾਲ ਹਾਰਨ ਤੋਂ ਪਹਿਲਾਂ ਦੁਨੀਆ ਦੇ ਨੰਬਰ ਇੱਕ ਖਿਡਾਰੀ ਚੀਨ ਦੇ ਸ਼ੀ ਯੂ ਕੀ ਸਾਹਮਣੇ ਸਖ਼ਤ ਚੁਣੌਤੀ ਪੇਸ਼ ਕੀਤੀ, ਜਦਕਿ ਕਿਰਨ ਜੌਰਜ ਕੋਰੀਆ ਦੇ ਜੀਓਨ ਹਯੋਕ-ਜਿਨ ਹੱਥੋਂ 12-21, 10-21 ਨਾਲ ਹਾਰ ਗਿਆ। ਮਹਿਲਾ ਸਿੰਗਲਜ਼ ਵਿੱਚ ਵੀ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰਕਸ਼ਿਤਾ ਸ੍ਰੀ ਸੰਤੋਸ਼ ਰਾਮਰਾਜ ਪਹਿਲੇ ਗੇੜ ਵਿੱਚ ਜਪਾਨ ਦੀ ਟੋਮੋਕਾ ਮਿਆਜ਼ਾਕੀ ਤੋਂ 17-21, 19-21 ਨਾਲ ਹਾਰ ਗਈ, ਜਦਕਿ ਤਾਨਿਆ ਹੇਮੰਤ ਨੂੰ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਹੱਥੋਂ 14-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ