ਬੈਡਮਿੰਟਨ: ਅਨਮੋਲ ਖਰਬ ਅਗਲੇ ਗੇੜ ’ਚ
ਅਸਤਾਨਾ, 3 ਅਪਰੈਲ
ਭਾਰਤ ਦੀ ਮੁਟਿਆਰ ਖਿਡਾਰਨ ਅਨਮੋਲ ਖਰਬ ਨੇ ਹਮਵਤਨ ਮਾਲਵਿਕਾ ਬੈਂਸੋੜ ਦੀ ਸਖ਼ਤ ਚੁਣੌਤੀ ਪਾਰ ਕਰ ਕੇ ਅੱਜ ਇੱਥੇ ਕਜ਼ਾਖਸਤਾਨ ਕੌਮਾਂਤਰੀ ਚੈਲੇਂਜ ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਵਿੱਚ ਪਹੁੰਚ ਗਈ। ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਅਤੇ ਮੌਜੂਦਾ ਕੌਮੀ ਚੈਂਪੀਅਨ 17 ਸਾਲਾ ਅਨਮੋਲ ਨੇ ਮਾਲਵਿਕਾ ਨੂੰ 59 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-13, 22-20 ਨਾਲ ਹਰਾਇਆ। ਵਿਸ਼ਵ ਵਿੱਚ 333ਵੇਂ ਨੰਬਰ ਦੀ ਖਿਡਾਰਨ ਅਨਮੋਲ ਅਗਲੇ ਗੇੜ ਵਿੱਚ ਇੰਡੋਨੇਸ਼ੀਆ ਦੀ 21 ਸਾਲਾ ਖਿਡਾਰਨ ਨੂਰਾਨੀ ਰਾਤੂ ਅਜ਼ਾਹਰਾ ਨਾਲ ਭਿੜੇਗੀ। ਅਨਮੋਲ ਨੂੰ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਗੇੜ ਵਿੱਚ ਕਜ਼ਾਖਸਤਾਨ ਕਾਮਿਲਾ ਸਮਗੁਲੋਵਾ ਤੋਂ ਵਾਕਓਵਰ ਮਿਲਿਆ ਅਤੇ ਫਿਰ ਉਸ ਨੇ ਮਲੇਸ਼ੀਆ ਦੀ ਕੈਸੀ ਰਿਨ ਰੋਮਪੋਗ ਨੂੰ ਹਰਾ ਕੇ ਮੁੱਖ ਡਰਾਅ ਵਿੱਚ ਥਾਂ ਪੱਕੀ ਕੀਤੀ। ਮਹਿਲਾ ਸਿੰਗਲਜ਼ ਵਿੱਚ ਪ੍ਰੀ-ਕੁਆਰਟਰ ਮੈਚਾਂ ਵਿੱਚ ਅਨੁਪਮਾ ਉਪਾਧਿਆਏ ਨੇ ਹਰਸ਼ਿਤਾ ਰਾਊਤ ਨੂੰ 21-13, 21-13 ਨਾਲ, ਤਾਨਿਆ ਹੇਮੰਤ ਨੇ ਐਸ਼ਾਨੀ ਤਿਵਾੜੀ ਨੂੰ 21-19, 21-10 ਨਾਲ ਅਤੇ ਕਿਊਰਾ ਮੋਪਤੀ ਨੇ ਮੈਕਸਿਕੋ ਦੀ ਵੈਨੇਸਾ ਮੈਰੀਸੇਲਾ ਗਾਰਸੀਆ ਨੂੰ 21-18, 21-13 ਨਾਲ ਸ਼ਿਕਸਤ ਦਿੱਤੀ। -ਪੀਟੀਆਈ