ਮੀਂਹ ਨਾਲ ਨਰਮੇ ਦੀ ਬਰਬਾਦ ਹੋਈ ਫਸਲ ਦਾ ਬਾਦਲ ਵੱਲੋਂ ਸਖ਼ਤ ਨੋਟਿਸ
ਇਕਬਾਲ ਸਿੰਘ ਸ਼ਾਂਤ
ਲੰਬੀ, 27 ਜੁਲਾਈ
ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਤੇ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਮੌਨਸੂਨ ਦੀ ਸ਼ੁਰੂਆਤੀ ਬਾਰਸ਼ ਨਾਲ ਲੰਬੀ ਹਲਕੇ ਅਤੇ ਲਾਗਲੇ ਖੇਤਰਾਂ ’ਚ ਨਰਮੇ ਦੀ ਫ਼ਸਲ ਬਰਬਾਦ ਹੋਣ ਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਮੌਜੂਦਾ ਕੈਪਟਨ ਸਰਕਾਰ ’ਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਡਰੇਨਾਂ ’ਤੇ ਬਰਸਾਤੀ ਅਤੇ ਸੇਮ ਦੇ ਪਾਣੀ ਦੀ ਨਿਕਾਸੀ ਲਈ ਲਗਾਈਆਂ ਮੋਟਰਾਂ ਨੂੰ ਜਾਣ-ਬੁੱਝ ਕੇ ਬੰਦ ਕਰਨ ਦੇ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਕੁਝ ਦਨਿਾਂ ਪਹਿਲਾਂ ਅਤੇ ਕੱਲ੍ਹ ਲੰਬੀ ਹਲਕੇ ਦੇ ਪਿੰਡਾਂ ਪੰਨੀਵਾਲਾ ਫੱਤਾ, ਮਿੱਡਾ, ਰੱਤਾਖੇੜਾ, ਬੋਦੀਵਾਲਾ, ਰੱਤਾ ਟਿੱਬਾ, ਰਾਣੀਵਾਲਾ ਦੇ ਨਾਲ ਖਹਿੰਦੇ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਥਾਂਦੇਵਾਲਾ ਅਤੇ ਉਦੈਕਰਨ ਅਤੇ ਮਲੋਟ ਹਲਕੇ ਦੇ ਪਿੰਡਾਂ ਸ਼ਰੇਗੜ੍ਹ, ਭੁਲੇਰੀਆਂ, ਖਾਨੇ ਕੀ ਢਾਬ, ਬਾਮ, ਭੰਗਚਿੜੀ, ਭਾਗਸਰ ਆਦਿ ‘ਚ ਮੀਂਹ ਦਾ ਪਾਣੀ ਭਰਨ ਕਰ ਕੇ ਸੈਂਕੜੇ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ ਹੈ।
ਸਰਕਾਰੀ ਤੰਤਰ ਸਿਰਫ਼ ਗੇੜੇ ਮਾਰਨ ਦੇ ਇਲਾਵਾ ਕੋਈ ਤਰੱਦਦ ਕਰਦਾ ਨਜ਼ਰ ਨਹੀਂ ਆ ਰਿਹਾ। ਸਾਬਕਾ ਮੁੱਖ ਮੰਤਰੀ ਨੇ ਸੂਬਾ ਸਰਕਾਰ ਨੂੰ ਤੁਰੰਤ ਰੈੱਡ ਅਲਰਟ ਜਾਰੀ ਕਰਕੇ ਪ੍ਰਭਾਵਤ ਰਕਬੇ ਦੀ ਸਪੈਸ਼ਲ ਗਿਰਦਾਵਰੀ ਅਤੇ ਤੁਰੰਤ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸ੍ਰੀ ਬਾਦਲ ਨੇ ਆਖਿਆ ਸ਼ੁਰੂਆਤੀ ਬਰਸਾਤ ਨਾਲ ਹੀ ਕਿਸਾਨਾਂ ਦੀ ਮਿਹਨਤ ਬਰਬਾਦ ਹੋ ਗਈ ਹੈ। ਉਨ੍ਹਾਂ ਸਰਕਾਰ ਨੂੰ ਡਰੇਨਾਂ ਦੀ ਤੁਰੰਤ ਸਫ਼ਾਈ ਅਤੇ ਮੋਟਰਾਂ ਨੂੰ ਚਾਲੂ ਕਰਕੇ ਕਿਸਾਨਾਂ ਅਤੇ ਆਮ ਵਸੋਂ ਨੂੰ ਰਾਹਤ ਦਿਵਾਉਣ ’ਤੇ ਜ਼ੋਰ ਦਿੱਤਾ।