ਪੰਥ ਦੇ ਮੌਜੂਦਾ ਹਾਲਾਤ ਲਈ ਬਾਦਲ ਪਰਿਵਾਰ ਜ਼ਿੰਮੇਵਾਰ: ਭਾਈ ਰਣਜੀਤ ਸਿੰਘ
ਸੰਜੀਵ ਤੇਜਪਾਲ
ਮੋਰਿੰਡਾ, 6 ਜਨਵਰੀ
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਪੰਥ ਦੇ ਮੌਜੂਦਾ ਹਾਲਾਤ ਲਈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਪਰਿਵਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਨਿੱਜੀ ਲਾਲਸਾਵਾਂ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਘਾਰ ਆਇਆ ਹੈ, ਉੱਥੇ ਹੀ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੇ ਮਾਣ ਸਤਿਕਾਰ ਨੂੰ ਠੇਸ ਪੁੱਜੀ। ਇਸ ਲਈ ਸਿੱਖਾਂ ਨੂੰ ਇਸ ਪਰਿਵਾਰ ਦਾ ਖਹਿੜਾ ਛੱਡ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਇਹ ਪ੍ਰਗਟਾਵਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਅੱਜ ਇੱਥੇ ਯੂਥ ਆਗੂ ਗੁਰਵਿੰਦਰ ਸਿੰਘ ਡੂਮਛੇੜੀ ਵੱਲੋਂ ਖੋਲ੍ਹੇ ਗਏ ‘ਵਾਇਲਡਵੀਨ ਕੈਫੇ’ ਦੇ ਉਦਘਾਟਨ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪੰਥਕ ਅਕਾਲੀ ਲਹਿਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ। ਧਰਮ ਪਰਿਵਰਤਨ ਸਬੰਧੀ ਗੱਲ ਕਰਦਿਆਂ ਉਨ੍ਹਾਂ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਅਤੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਦੇ ਕਾਲਜ ਵਿੱਚ ਐੱਮਬੀਬੀਐੱਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਤੋਂ 85 ਲੱਖ ਰੁਪਏ ਪੰਜ ਸਾਲਾਂ ਦੀ ਫੀਸ ਵਸੂਲੀ ਜਾ ਰਹੀ ਹੈ ਜਦਕਿ ਸੀਐੱਮਸੀ ਕਾਲਜ ਲੁਧਿਆਣਾ ਵੱਲੋਂ ਈਸਾਈ ਵਿਦਿਆਰਥੀਆਂ ਤੋਂ 45 ਲੱਖ ਰੁਪਏ ਵਸੂਲ ਕੇ ਇਹ ਡਿਗਰੀ ਕਰਵਾਈ ਜਾ ਰਹੀ ਹੈ, ਜਿਸ ਕਾਰਨ ਗਰੀਬ ਪਰਿਵਾਰ ਈਸਾਈ ਧਰਮ ਅਪਣਾ ਰਹੇ ਹਨ।