For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਖਰਾਬ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾਈ

06:53 AM Apr 15, 2024 IST
ਪੰਜਾਬ ਵਿੱਚ ਖਰਾਬ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾਈ
ਲੁਧਿਆਣਾ ਨੇੜਲੀ ਇਕ ਮੰਡੀ ’ਚ ਤਰਪਾਲਾਂ ਹੇਠ ਢੱਕੀ ਹੋਈ ਕਣਕ।-ਫੋਟੋ: ਓਬਰਾਏ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 14 ਅਪਰੈਲ
ਪੰਜਾਬ ਵਿੱਚ ਲੰਘੀ ਰਾਤ ਪਏ ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾ ਦਿੱਤੇ ਹਨ। ਮੀਂਹ ਕਰਕੇ ਕਿਸਾਨਾਂ ਨੂੰ ਤਿਆਰ ਖੜ੍ਹੀ ਹਾੜ੍ਹੀ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਡਰ ਸਤਾ ਰਿਹਾ ਹੈ। ਗੌਰਤਲਬ ਹੈ ਕਿ ਪੰਜਾਬ ਵਿੱਚ ਹਾੜ੍ਹੀ ਦੀ ਫਸਲ ਪੱਕ ਕੇ ਤਿਆਰੀ ਹੋ ਚੁੱਕੀ ਹੈ ਅਤੇ ਜ਼ਿਆਦਾਤਰ ਥਾਵਾਂ ’ਤੇ ਕਣਕ ਦੀ ਫ਼ਸਲ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ। ਇਸ ਸਮੇਂ ਤੇਜ਼ ਹਵਾਵਾਂ ਤੇ ਕਿਣਮਿਣ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਕਰਕੇ ਅੱਧਾ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਫ਼ਸਲ ਮੰਡੀਆਂ ਤੇ ਖੇਤਾਂ ਵਿੱਚ ਭਿੱਜ ਗਈ। ਮੌਸਮ ਵਿਭਾਗ ਨੇ 15 ਅਪਰੈਲ ਨੂੰ ਪੰਜਾਬ ਭਰ ਵਿੱਚ ਹਲਕਾ ਮੀਂਹ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ ਜਦੋਂਕਿ 16, 17 ਤੇ 18 ਅਪਰੈਲ ਨੂੰ ਮੌਸਮ ਸਾਫ਼ ਰਹੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹਾੜ੍ਹੀ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ, ਜਿੱਥੇ ਕਿਸਾਨਾਂ ਵੱਲੋਂ ਆਪਣੀ-ਆਪਣੀ ਫ਼ਸਲ ਦੀ ਕਟਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁਝ ਕਿਸਾਨਾਂ ਵੱਲੋਂ ਆਪਣੀ ਫ਼ਸਲ ਮੰਡੀਆਂ ਵਿੱਚ ਵੀ ਪਹੁੰਚਾ ਦਿੱਤੀ ਗਈ ਹੈ। ਮੀਂਹ ਕਰਕੇ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਿਸਾਨਾਂ ਦੀ ਫ਼ਸਲ ਭਿੱਜ ਗਈ ਹੈ। ਇਸ ਮੀਂਹ ਨਾਲ ਹੀ ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਗਈ ਹੈ। ਮੰਡੀਆਂ ਵਿੱਚ ਲੋੜੀਂਦੀਆਂ ਤਰਪਾਲਾਂ ਨਾ ਹੋਣ ਕਰਕੇ ਸ਼ੈੱਡਾਂ ਤੋਂ ਬਾਹਰ ਪਈ ਫ਼ਸਲ ਮੀਂਹ ਦੀ ਲਪੇਟ ਵਿੱਚ ਆ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਪੰਜਾਬ ਵਿੱਚ ਲੰਘੀ ਰਾਤ ਤੋਂ ਮੌਸਮ ਬਦਲਿਆ ਹੈ। ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਸਭ ਤੋਂ ਵੱਧ 5.4 ਐੱਮਐੱਮ ਮੀਂਹ ਪਿਆ। ਰਾਜਧਾਨੀ ਚੰਡੀਗੜ੍ਹ ਵਿੱਚ ਇਕ ਐੱਮਐੱਮ, ਲੁਧਿਆਣਾ ਵਿੱਚ 1.4 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ 1.5 ਐੱਮਐੱਮ, ਮੁਹਾਲੀ ਵਿੱਚ 1.5 ਐੱਮਐੱਮ, ਨਵਾਂ ਸ਼ਹਿਰ ਵਿੱਚ 1 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਪਠਾਨਕੋਟ, ਫਰੀਦਕੋਟ, ਗੁਰਦਾਸਪੁਰ, ਜਲੰਧਰ ਤੇ ਹੋਰਨਾਂ ਸ਼ਹਿਰਾਂ ਵਿੱਚ ਹਲਕੀ ਕਿਣਮਿਣ ਹੋਈ।

Advertisement

ਮੀਂਹ ਦੇ ਬਾਵਜੂਦ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ

ਚੰਡੀਗੜ੍ਹ (ਟਨਸ): ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਲੰਘੀ ਰਾਤ ਪਏ ਮੀਂਹ ਦੇ ਬਾਵਜੂਦ ਸੂਬੇ ਦੇ 19 ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਹੁਣ ਤੱਕ ਸੂਬੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀਆਂ ਮੰਡੀਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਹੋਈ ਹੈ, ਜਿਸ ਦੌਰਾਨ ਵਿੱਚ ਪਟਿਆਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਕਣਕ ਪਹੁੰਚੀ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 84,484 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਲਗਪਗ 54 ਹਜ਼ਾਰ  ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਇਸ ਵਿੱਚੋਂ 42,967 ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਤੇ 10,969 ਮੀਟ੍ਰਿਕ ਟਨ ਨਿੱਜੀ ਵਪਾਰੀਆਂ ਨੇ ਖਰੀਦੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਇਸੇ ਸਮੇਂ ਤੱਕ ਮੰਡੀਆਂ ਵਿੱਚ 10.84 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਅਤੇ 8.21 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਸੀ।

Advertisement
Author Image

Advertisement
Advertisement
×