For the best experience, open
https://m.punjabitribuneonline.com
on your mobile browser.
Advertisement

ਖਰਾਬ ਮੌਸਮ ਨੇ ਕਿਸਾਨ ਫ਼ਿਕਰਾਂ ਵਿੱਚ ਪਾਏ

06:35 AM Apr 24, 2024 IST
ਖਰਾਬ ਮੌਸਮ ਨੇ ਕਿਸਾਨ ਫ਼ਿਕਰਾਂ ਵਿੱਚ ਪਾਏ
ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ਖੁਰਦ ’ਚ ਨੁਕਸਾਨੀ ਕਣਕ ਦੇਖ ਕੇ ਝੂਰਦਾ ਹੋਇਆ ਕਿਸਾਨ। -ਫੋਟੋ: ਵਿਸ਼ਾਲ ਕੁਮਾਰ
Advertisement

* 26 ਤੇ 27 ਨੂੰ ਮੁੜ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ

Advertisement

ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 23 ਅਪਰੈਲ
ਪੰਜਾਬ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ ਅਤੇ ਵਾਢੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਅਜਿਹੇ ਮੌਕੇ ਪੰਜਾਬ ਵਿੱਚ ਖਰਾਬ ਮੌਸਮ ਕਰਕੇ ਕਿਸਾਨਾਂ ਦੇ ਸਾਹ ਸੁੱਕਣ ਲੱਗੇ ਹਨ। ਲੰਘੀ ਰਾਤ ਤੋਂ ਹੀ ਸੂਬੇ ਭਰ ਵਿੱਚ ਹੋਈ ਬੱਦਲਵਾਈ ਤੇ ਚੱਲ ਰਹੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾਈ ਹੋਈ ਸੀ। ਅੱਜ ਦਿਨ ਸਮੇਂ ਪੰਜਾਬ ਦੇ ਇਕ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਟੁੱਟਵਾਂ ਮੀਂਹ ਪਿਆ ਹੈ। ਮੀਂਹ ਕਰਕੇ ਖੇਤਾਂ ਵਿੱਚ ਪੱਕੀ ਫਸਲ ਤੇ ਖਰੀਦ ਕੇਂਦਰਾਂ ਵਿੱਚ ਪਹੁੰਚੀ ਕਣਕ ਭਿੱਜ ਗਈ ਹੈ। ਸੂਬੇ ਵਿੱਚ ਮੁੜ ਤੋਂ ਕਣਕ ਦੀ ਵਾਢੀ ਦਾ ਕੰਮ ਪ੍ਰਭਾਵਿਤ ਹੋ ਗਿਆ ਹੈ। ਮੌਸਮ ਵਿਭਾਗ ਨੇ 26 ਤੇ 27 ਅਪਰੈਲ ਨੂੰ ਮੁੜ ਤੋਂ ਮੌਸਮ ਖਰਾਬ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਕੁਝ ਥਾਵਾਂ ’ਤੇ ਹਲਕਾ ਤੇ ਮੱਧਮ ਮੀਂਹ ਵੀ ਪਵੇਗਾ। ਮੌਸਮ ਵਿਭਾਗ ਨੇ ਇਨ੍ਹਾਂ ਦੋ ਦਿਨਾਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਅੱਜ ਮੀਂਹ ਦੇ ਬਾਵਜੂਦ ਮੰਡੀਆਂ ਵਿੱਚ 8.90 ਲੱਖ ਮੀਟਰਿਕ ਟਨ ਕਣਕ ਪੁੱਜੀ ਹੈ। ਇਸ ਨਾਲ ਹੁਣ ਤੱਕ ਪੰਜਾਬ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਕੁੱਲ 43.08 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਮੀਂਹ ਨੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਉੱਥੇ ਹੀ ਬਿਜਲੀ ਮਹਿਕਮੇ ਨੂੰ ਸੁੱਖ ਦਾ ਸਾਹ ਆਇਆ ਹੈ। ਮੌਸਮ ਵਿੱਚ ਤਬਦੀਲੀ ਦੇ ਚਲਦਿਆਂ ਬਿਜਲੀ ਦੀ ਮੰਗ ਘਟੀ ਹੈ, ਜੋ ਇਕ ਸਮੇਂ 7 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ ਸੀ। ਅੱਜ ਬਰਨਾਲਾ ਵਿੱਚ 5.5 ਮਿਲੀਮੀਟਰ, ਅੰਮ੍ਰਿਤਸਰ ਵਿੱਚ 3, ਲੁਧਿਆਣਾ 1.4, ਪਟਿਆਲਾ ਵਿੱਚ 0.4, ਪਠਾਨਕੋਟ 6, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਵਿੱਚ ਇਕ-ਇਕ ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਇਲਾਵਾ ਹੋਰਨਾਂ ਕਈ ਸ਼ਹਿਰਾਂ ਵਿੱਚ ਹਲਕਾ ਮੀਂਹ ਪਿਆ ਹੈ। ਮੀਂਹ ਨਾਲ ਚੱਲੀਆਂ ਤੇਜ਼ ਹਵਾਵਾਂ ਕਰਕੇ ਅੰਮ੍ਰਿਤਸਰ ਤੇ ਪਠਾਨਕੋਟ ਦੀਆਂ ਮੁੱਖ ਸੜਕਾਂ ’ਤੇ ਕਈ ਥਾਵਾਂ ’ਤੇ ਰੁੱਖ ਡਿੱਗ ਗਏ। ਮੌਸਮ ਖਰਾਬ ਹੋਣ ਕਰਕੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ।

Advertisement
Author Image

joginder kumar

View all posts

Advertisement
Advertisement
×