ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁਰਾ ਵਕਤ

12:31 PM Jan 11, 2023 IST

ਸਵਰਨ ਸਿੰਘ ਭੰਗੂ

Advertisement

ਖ਼ਬਾਰ ਵਿਚ ਰੇਲ ਵਾਰਦਾਤ ਵਾਲਾ ਲੇਖ ਪੜ੍ਹ ਕੇ ਮਨ ਬਹੁਤ ਮਾਯੂਸ ਅਤੇ ਪ੍ਰੇਸ਼ਾਨ ਹੋਇਆ। ਘਟਨਾ 26 ਦਸੰਬਰ 1991 ਦੀ ਸੀ।… ਮਨ ਅਤੀਤ ਦੇ ਵਰਕੇ ਫਰੋਲਣ ਲੱਗ ਪਿਆ। ਬਹੁਤ ਸਾਰੇ ਹੋਰ ਲੋਕਾਂ ਵਾਂਗ ਮੈਂ ਵੀ ਉਨ੍ਹਾਂ ਸਰਾਪੇ ਸਮਿਆਂ ਦਾ ਗਵਾਹ ਹਾਂ ਅਤੇ ਉਨ੍ਹਾਂ ਦਿਨ੍ਹਾਂ ਵਿਚ ਮੈਂ ਪੰਜਾਬ ਦੇ ਇੱਕ ਪ੍ਰਮੁੱਖ ਅਖ਼ਬਾਰ ਦਾ ਨੁਮਾਇੰਦਾ ਵੀ ਸਾਂ। ਉਸ ਸਮੇਂ ਬੁਰਾਈ ਨੂੰ ਬੁਰਾਈ ਕਹਿਣਾ ਵੀ ਮੌਤ ਨੂੰ ਸੱਦਾ ਦੇਣਾ ਸੀ। ਕਹਿਣ ਦੀ ਇਸੇ ਆਦਤ ਵਸ ਨਿਸ਼ਾਨਾ ਬਣ ਗਿਆ। ਜ਼ਿੰਦਗੀ ਤੇ ਮੌਤ ਵਿਚ ਬਰੀਕ ਜਿਹਾ ਪਰਦਾ ਰਹਿ ਗਿਆ ਸੀ ਜਦੋਂ ਏਕੇ-47 ਸਾਡੇ ਘਰ ਆ ਧਮਕੀ ਸੀ। ਸਬਬੀਂ ਮੈਂ ਦੂਜੇ ਦਰਵਾਜ਼ੇ ਰਾਹੀਂ ਘਰੋਂ ਬਾਹਰ ਨਿੱਕਲ ਗਿਆ ਸਾਂ ਅਤੇ ਉਹ ‘ਆਕ੍ਰਿਤੀਆਂ’ ‘ਬੰਦਾ ਬਣ ਜਾਵੇ’ ਦੀ ਚਿਤਾਵਨੀ ਦੇ ਕੇ ਹਨੇਰੇ ਵਿਚ ਲੋਪ ਹੋ ਗਈਆਂ ਸਨ। ਉਸ ਸਮੇਂ ਮੌਤ ਦਾ ਇੰਨੀ ਸ਼ਿੱਦਤ ਨਾਲ ਅਹਿਸਾਸ ਹੋਇਆ ਕਿ ਅੱਜ ਤੱਕ ਹਰ ਦਿਨ ਨੂੰ ਆਖ਼ਰੀ ਮੰਨ ਕੇ, ਸਮੇਂ ਦੇ ਪਲ ਪਲ ਨੂੰ ਜਿਊਣ ਦੀ ਕੋਸ਼ਿਸ਼ ਵਿਚ ਰਹਿੰਦਾ ਹਾਂ।

ਮੁੱਖ ਸੜਕ ਦੇ ਕਿਨਾਰੇ ਘਰ ਹੋਣ ਕਰ ਕੇ 1990 ਦੀ ਉਸ ਰਾਤ ਨੂੰ ਮੈਂ ਉਦੋਂ ਜਾਗ ਪਿਆ ਜਦੋਂ ਹੂਟਰ ਮਾਰਦੀ ਪੁਲੀਸ ਟੁਕੜੀ ਲੰਘੀ। ਹੋਰ ਅੱਧੇ ਘੰਟੇ ਪਿੱਛੋਂ ਟਿਕੀ ਰਾਤ ਨੇ ਤੜ ਤੜ ਦੀਆਂ ਆਵਾਜ਼ਾਂ ਸਾਫ ਸੁਣਾਈਆਂ। ਅੰਦਾਜ਼ਾ ਤਾਂ ਹੋ ਗਿਆ ਸੀ ਕਿ ਲੰਘੀ ਟੁਕੜੀ ਨੇ ਕੋਈ ਭਾਣਾ ਵਰਤਾਇਆ ਹੈ; ਦਿਨ ਚੜ੍ਹਦੇ ਨੂੰ ਗੱਲ ਸਾਫ ਹੋ ਗਈ- 6 ਕਿਲੋਮੀਟਰ ਦੀ ਦੂਰੀ ‘ਤੇ ਇਹ ਸਭ ਵਾਪਰਿਆ ਸੀ। ਇਹ ਉਹ ਸਮਾਂ ਸੀ ਜਦੋਂ ਇੱਕ ਘਟਨਾ ਨੂੰ ਦੂਜੀ ਬਹੁਤ ਛੇਤੀ ਢਕ ਲੈਂਦੀ ਸੀ। ਅੱਜ ਵੀ ਜਦੋਂ ਉਸ ਟੀ ਪੁਆਇੰਟ ਤੋਂ ਲੰਘਦਾ ਹਾਂ ਤਾਂ 1990 ਵਾਲੀ ਰਾਤ ਨੂੰ ਹੋਇਆ ‘ਮੁਕਾਬਲਾ’ ਚਿਤਵਦਾ ਹਾਂ। ਉਨ੍ਹੀਂ ਦਿਨੀਂ ਦਹਿਸ਼ਤਗਰਦਾਂ ਦੇ ਕਾਰੇ ਵੀ ਦੇਖੇ ਸਨ ਕਿ ਕਿਵੇਂ ਜਿ਼ਦ ਪੁਗਾਉਣ ਨੂੰ ਲੈ ਕੇ ਜਾਂ ਸ਼ੱਕੀ ਆਧਾਰ ‘ਤੇ ਸਮੁੱਚੇ ਪਰਿਵਾਰ ਦੇ ਜੀਅ ਢੇਰੀ ਕਰ ਦਿੱਤੇ ਜਾਂਦੇ ਸਨ। ਮੇਰੇ ਜਿਹੇ ਪੱਤਰਕਾਰ ਅਜਿਹੀ ਅਭਾਗੀ ਕਵਰੇਜ ਕਰਦੇ ਅਤੇ ਅਖ਼ਬਾਰ ਛਪਣ ਤੱਕ ਮੌਤਾਂ ਦੀ ਗਿਣਤੀ ਬਦਲਦੀ/ਵਧਦੀ ਰਹਿੰਦੀ।

Advertisement

ਦਹਿਸ਼ਤ ਇਸ ਹੱਦ ਤੱਕ ਸੀ ਕਿ ਗਵਾਂਢੀ ਪਿੰਡ ਦੇ ਇੱਕ ਪਰਿਵਾਰ ਦੇ ਜੀਅ ਕੋਠੇ ‘ਤੇ ਹੀ ਢੇਰੀ ਕਰ ਦਿੱਤੇ ਗਏ। ਇੱਕ ਹੋਰ ਗਵਾਂਢੀ ਪਿੰਡ ਦੇ ਕਿਸਾਨ ਪਤੀ-ਪਤਨੀ ਇਸ ਲਈ ਮਾਰ ਦਿੱਤੇ ਸਨ ਕਿ ਉਨ੍ਹਾਂ ਨੇ ਬੰਦੂਕਾਂ ਵਾਲਿਆਂ ਦੀ ਕੋਈ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸ਼ਾਮ ਕਾਹਲ ਨਾਲ ਮਾਰੀਆਂ ਗੋਲੀਆਂ ਕਾਰਨ ਇਹ ਜੋੜੀ ਗੰਭੀਰ ਜ਼ਖਮੀ ਹੋ ਗਈ ਸੀ। ਵਾਰਦਾਤ ਤੋਂ ਬਾਅਦ ਪਿੰਡ ਜਾਗਦਿਆਂ ਹੀ ਸੌਂ ਗਿਆ … ਤੇ ਆਖ਼ਰ ਉਹ ਪਾਣੀ ਨੂੰ ਸਹਿਕਦੇ ਮਰ ਗਏ। ਇਸ ਅਣਹੋਣੀ ਤੋਂ ਬਾਅਦ ਮੇਰੇ ਬੁੱਲ੍ਹ ਥਿਰਕਦੇ ਰਹੇ ਸਨ- ‘ਪਹਿਲੇ ਪਹਿਰ ਜਦ ਕਹਿਰ ਹੋ ਗਿਆ, ਜਾਗਦਾ ਸਾਰਾ ਪਿੰਡ ਸੌਂ ਗਿਆ’।

ਇਹ ਉਹ ਸਮਾਂ ਸੀ ਜਦੋਂ ਮੋਢਿਆਂ ‘ਤੇ ਸਟਾਰਾਂ ਦੀ ਗਿਣਤੀ ਵਧਾਉਣ ਲਈ ਪੁਲੀਸ ਅਧਿਕਾਰੀ ਮਨਮਾਨੀ ‘ਤੇ ਉੱਤਰ ਆਏ ਸਨ। ਇੱਕ ਦਿਨ ਪਤਾ ਲੱਗਾ ਕਿ 2 ਖਾੜਕੂ ਪੁਲੀਸ ਨੇ ਫੜੇ ਹਨ। ਕੁਝ ਦਿਨ ਪਿੱਛੋਂ ਪੁਲੀਸ ਮੁਕਾਬਲੇ ਦੀ ਖ਼ਬਰ ਬਣੀ ਤਾਂ ‘ਮੁਕਾਬਲੇ’ ਵਿਚ 3 ਮਾਰੇ ਗਏ ਸਨ। ਜਿਹੜਾ ਇੱਕ ਪਰਵਾਸੀ ਨੌਜਵਾਨ ਚੋਰੀ ਦੇ ਕੇਸ ਵਿਚ ਫੜਿਆ ਸੀ, ਉਸ ਦੀ ਗਿਣਤੀ ਵੀ ਦਹਿਸ਼ਦਗਰਦਾਂ ਵਿਚ ਕਰਵਾ ਦਿੱਤੀ ਸੀ। ਮੈਂ 30 ਅਗਸਤ 1991 ਦੀ ਉਸ ਘਟਨਾ ਤੋਂ ਬਾਅਦ ਲਾਸ਼ਾਂ ਦਾ ਢੇਰ ਵੀ ਦੇਖਿਆ ਸੀ ਜਦੋਂ ਬੱਬਰ ਖਾਲਸਾ ਨਾਲ ਸਬੰਧਿਤ ਖਾੜਕੂ ਦੇ ਪਰਿਵਾਰਕ ਜੀਆਂ ਨੂੰ ਮਾਰ ਮੁਕਾਇਆ ਸੀ। ਜੇ ਇਸ ਨੂੰ ਧਰਤੀ ਦਾ ਖਿੱਤਾ ਆਪਣੇ ਨਾਂ ਕਰਾਉਣ ਲਈ ਲੜਨ ਵਾਲਿਆਂ ਦੀ ਲੜਾਈ ਵੀ ਸਮਝ ਲਈਏ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਵੱਡੀ ਪੱਧਰ ‘ਤੇ ਉਹ ਨੌਜਵਾਨ ਸ਼ਾਮਲ ਹੋ ਗਏ ਜਿਨ੍ਹਾਂ ਨੇ ਜਾਤੀ ਕਿੜ੍ਹਾਂ ਕੱਢੀਆਂ, ਦਹਿਸ਼ਤ ਪਾਈ। ਫਿਰ ਇੱਕ ਹੱਦ ‘ਤੇ ਜਾ ਕੇ ਹਥਿਆਰਬੰਦ ਜਵਾਨੀ ਅਤੇ ਪੁਲੀਸ ਦੀ ਸਿੱਧੀ ਟਾਈ ਪੈ ਗਈ। ਫਿਰ ਕੀ ਸੀ, ਮਾਅਰਕੇਬਾਜ਼ੀ ਦੀਆਂ ਘਟਨਾਵਾਂ ਹੋਈਆਂ, ਝੂਠੇ ਪੁਲੀਸ ਮੁਕਾਬਲੇ ਹੋਏ। ਇਹ ਮਾਰਨ ਮਰਨ ਦਾ ਵੱਡਾ ਬਿਰਤਾਂਤ ਹੈ। ਮੈਂ ਅਤੇ ਮੇਰੇ ਵਰਗੇ ਲੋਕ ਕਦੇ ਵੀ ਨਹੀਂ ਚਾਹੁਣਗੇ ਕਿ ਉਹੋ ਜਿਹੇ ਸਮੇਂ ਮੁੜ ਪਰਤਣ। ਡਰ ਵੀ ਲੱਗ ਰਿਹਾ ਹੈ, ਮੌਜੂਦਾ ਸਮੇਂ ਵਿਚ ਮੁੜ ਮੱਧ ਯੁੱਗ ਦੀਆਂ ਗੱਲਾਂ ਹੋਣ ਲੱਗੀਆਂ ਹਨ। ਨਾ ਉਸ ਸਮੇਂ ਰਾਜ ਦੀ ਸ਼ਕਤੀ ਨੂੰ ਅੰਗਿਆ ਗਿਆ ਸੀ ਅਤੇ ਨਾ ਹੁਣ ਅੰਗਿਆ ਜਾ ਰਿਹਾ ਹੈ। ਇਹ ਰਾਜ ਹੀ ਹੁੰਦਾ ਹੈ ਜਿਹੜਾ ਅਜਿਹੇ ਉਲਾਰ ਨੂੰ ਤੂਲ ਦਿੰਦਾ ਹੈ ਅਤੇ ਸਮਾਂ ਆਉਣ ‘ਤੇ ਤਬਾਹ ਵੀ ਕਰਦਾ ਹੈ। ਇਹ ਸਾਰਾ ਕੁਝ ਘਾਤਕ ਇਸ ਲਈ ਹੈ ਕਿ ਇਸ ਨਿਹੱਕੇ ਯੁੱਧ ਵਿਚ, ਅਣਆਈਆਂ ਮੌਤਾਂ, ਸੱਥਰ ਬਣਦੀਆਂ ਹਨ, ਵੈਣ ਬਣਦੀਆਂ ਹਨ, ਮਨੁੱਖੀ ਸੱਥ ਦਾ ਅਪੂਰਨ ਖਲਾਅ ਬਣਦੀਆਂ ਹਨ। ਮਨੁੱਖੀ ਹਿਤ ਦੀ ਗੱਲ ਇਹੋ ਹੈ ਕਿ ਧਿਰਾਂ ਇਸ ਧਰਤੀ ‘ਤੇ ਬੰਦੇ-ਖਾਣਾ ਮਾਹੌਲ ਨਾ ਪੈਦਾ ਕਰਨ। ਉਹ ਸਮਾਂ ਦੁਹਰਾਇਆ ਨਾ ਜਾਵੇ… ਉਹ ਸਮਾਂ ਬਹੁਤ ਬੁਰਾ ਸੀ।

ਸੰਪਰਕ: 94174-69290

Advertisement