ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਹਤ ਢਾਂਚੇ ਦਾ ਮਾੜਾ ਹਾਲ

07:36 AM Apr 19, 2024 IST

ਹਰਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸਿਹਤ ਸੰਭਾਲ ਸਹੂਲਤਾਂ ਦੀ ਮਾੜੀ ਹਾਲਤ ਅਜਿਹੇ ਢਾਂਚੇ ਦੀ ਮਾੜੀ ਤਸਵੀਰ ਪੇਸ਼ ਕਰਦੀ ਹੈ ਜੋ ਫ਼ੌਰੀ ਧਿਆਨ ਤੇ ਸੁਧਾਰ ਮੰਗਦਾ ਹੈ। ਹਾਲੀਆ ਰਿਪੋਰਟਾਂ ਤੋਂ ਇਹ ਸਾਫ਼ ਹੈ ਕਿ ਸਿਹਤ ਢਾਂਚਾ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ’ਤੇ ਖ਼ਰਾ ਉਤਰਨ ਵਿੱਚ ਨਾਕਾਮ ਹੋ ਰਿਹਾ ਹੈ। ਇਹ ਲਾਪ੍ਰਵਾਹੀ ਨਾ ਸਿਰਫ਼ ਕਸ਼ਟ ਦਾ ਕਾਰਨ ਬਣ ਰਹੀ ਹੈ ਬਲਕਿ ਜਨਤਕ ਸਿਹਤ ਦੇ ਬਚਾਅ ਲਈ ਬਣੀਆਂ ਸੰਸਥਾਵਾਂ ’ਚ ਲੋਕਾਂ ਦੇ ਭਰੋਸੇ ਨੂੰ ਵੀ ਖ਼ੋਰਾ ਲਾ ਰਹੀ ਹੈ।
ਫਰੀਦਾਬਾਦ ਦਾ ਅਟਲ ਬਿਹਾਰੀ ਵਾਜਪਾਈ ਮੈਡੀਕਲ ਕਾਲਜ ਅਤੇ ਹਸਪਤਾਲ ਕੁਪ੍ਰਬੰਧ ਤੇ ਨਾਅਹਿਲੀਅਤ ਦੀ ਸਪੱਸ਼ਟ ਉਦਾਹਰਨ ਹੈ। ਹਸਪਤਾਲ ਦੀ ਸਥਾਪਨਾ ਨੂੰ ਦੋ ਸਾਲ ਬੀਤਣ ਤੇ ਵੱਡੀ ਰਾਸ਼ੀ ਖ਼ਰਚਣ ਦੇ ਬਾਵਜੂਦ ਇਸ ਹਸਪਤਾਲ ਦਾ ਜਿ਼ਆਦਾਤਰ ਦਾ ਕੰਮ ਠੱਪ ਪਿਆ ਹੈ ਅਤੇ ਮਰੀਜ਼ਾਂ ਨੂੰ ਕਈ ਲਾਜ਼ਮੀ ਸਹੂਲਤਾਂ ਤੇ ਐਮਰਜੈਂਸੀ ਸੇਵਾਵਾਂ ਦੇਣ ਵਿੱਚ ਨਾਕਾਮ ਹੋ ਰਿਹਾ ਹੈ। ਓਪੀਡੀ ਸੇਵਾਵਾਂ ਭਾਵੇਂ ਚੱਲ ਰਹੀਆਂ ਹਨ ਪਰ ਵਿਆਪਕ ਸੰਭਾਲ ਦੀਆਂ ਸਹੂਲਤਾਂ ਦੀ ਕਮੀ ਕਾਰਨ ਇਹ ਹਸਪਤਾਲ ਇੱਕ ਸੰਭਾਵੀ ਰੈਫਰਲ ਕੇਂਦਰ ਵਜੋਂ ਆਪਣਾ ਮੰਤਵ ਪੂਰਾ ਕਰਨ ’ਚ ਪੱਛੜ ਗਿਆ ਹੈ। ਰੋਹਤਕ ਵਿੱਚ ਮਰੀਜ਼ਾਂ ਨੂੰ ਪੀਜੀਆਈ ’ਚ ਲੰਮੀਆਂ ਕਤਾਰਾਂ ਵਿੱਚ ਖੜ੍ਹਨਾ ਪੈ ਰਿਹਾ ਹੈ ਜਿੱਥੇ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ਼ ਦੀ ਗੰਭੀਰ ਘਾਟ ਕਾਰਨ ਹੰਗਾਮੀ ਸਥਿਤੀ ਬਣੀ ਰਹਿੰਦੀ ਹੈ। ਨਤੀਜੇ ਵਜੋਂ ਗੰਭੀਰ ਮਰੀਜ਼ਾਂ ਨੂੰ ਮੁੱਢਲੀ ਸਿਹਤ ਸੰਭਾਲ ਲਈ ਵੀ ਬੇਲੋੜਾ ਕਸ਼ਟ ਹੰਢਾਉਣਾ ਪੈਂਦਾ ਹੈ ਅਤੇ ਲੰਮੀ ਉਡੀਕ ਕਰਨੀ ਪੈਂਦੀ ਹੈ। ਇਸੇ ਦੌਰਾਨ ਕਰਨਾਲ ਵਿੱਚ ਟੀਬੀ ਦੀਆਂ ਦਵਾਈਆਂ ਦੀ ਘਾਟ ਦਰਪੇਸ਼ ਹੈ ਜਿਸ ਤੋਂ ਲੋੜੀਂਦੀਆਂ ਦਵਾਈਆਂ ਦੀ ਖ਼ਰੀਦ ਤੇ ਇਨ੍ਹਾਂ ਦੀ ਵੰਡ ਅੱਗੇ ਬਣੀਆਂ ਢਾਂਚਾਗਤ ਮੁਸ਼ਕਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਟੀਬੀ ਦੇ ਮਰੀਜ਼ ਜੋ ਪਹਿਲਾਂ ਹੀ ਲੰਮਾ ਅਰਸਾ ਬਿਮਾਰੀ ਦੇ ਬੋਝ ਤੋਂ ਪ੍ਰੇਸ਼ਾਨ ਹੁੰਦੇ ਹਨ, ਨੂੰ ਹੋਰ ਦੁਖੀ ਹੋਣਾ ਪੈ ਰਿਹਾ ਹੈ ਤੇ ਜ਼ਰੂਰੀ ਦਵਾਈਆਂ ਉਪਲਬਧ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਇਲਾਜ ਬਾਰੇ ਵੀ ਕੋਈ ਭਰੋਸਾ ਨਹੀਂ ਮਿਲ ਰਿਹਾ। ਅਜਿਹੀ ਸਥਿਤੀ ਨਾ ਕੇਵਲ ਵਿਅਕਤੀਗਤ ਪੱਧਰ ’ਤੇ ਇਲਾਜ ਮੁਹੱਈਆ ਕਰਾਉਣ ਨਾਲ ਸਮਝੌਤਾ ਕਰਨ ਦੇ ਬਰਾਬਰ ਹੈ ਬਲਕਿ ਇਹ ਲਾਗ ਦੀ ਬਿਮਾਰੀ ਨਾਲ ਨਜਿੱਠਣ ਦੇ ਯਤਨਾਂ ਨੂੰ ਵੀ ਖ਼ਤਰੇ ਵਿਚ ਪਾ ਰਹੀ ਹੈ।
ਹਰਿਆਣਾ ਵਿੱਚ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਬੱਝਵੀਂ ਕਾਰਵਾਈ ਕਰਨ ਅਤੇ ਮਰੀਜ਼ਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਦੀ ਲੋੜ ਹੈ। ਸਟਾਫ਼ ਦੀ ਘਾਟ, ਨੌਕਰਸ਼ਾਹੀ ਦੀਆਂ ਵਿਧੀਆਂ ਨੂੰ ਇਕਸੁਰ ਕਰਨ ਅਤੇ ਜ਼ਰੂਰੀ ਦਵਾਈਆਂ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਉਣ ਲਈ ਫ਼ੌਰੀ ਕਦਮ ਪੁੱਟੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰਕਾਰੀ ਫੰਡਾਂ ਅਤੇ ਸਾਧਨਾਂ ਦੀ ਬਰਬਾਦੀ ਰੋਕਣ ਲਈ ਹੋਰ ਜਿ਼ਆਦਾ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਲੋੜ ਹੈ।

Advertisement

Advertisement
Advertisement