ਤਲਵਾੜਾ ਦੀਆਂ ਸੰਪਰਕ ਸੜਕਾਂ ਦਾ ਮਾੜਾ ਹਾਲ
ਦੀਪਕ ਠਾਕੁਰ
ਤਲਵਾੜਾ, 15 ਮਾਰਚ
ਇਲਾਕੇ ਦੀਆਂ ਟੁੱਟੀਆਂ ਸੰਪਰਕ ਸੜਕਾਂ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਮੂੰਹ ਚਿੜਾ ਰਹੀਆਂ ਹਨ। ਪਿਛਲੇ ਸਮੇਂ ਹੋਈ ਭਾਰੀ ਬਰਸਾਤ ਕਾਰਨ ਨੁਕਸਾਨੀਆਂ ਸੰਪਰਕ ਅਤੇ ਮੁੱਖ ਸੜਕਾਂ ਕਾਰਨ ਲੋਕ ਖੱਜਲ-ਖੁਆਰ ਹਨ। ਸਰਕਾਰ ਇਨ੍ਹਾਂ ਸੜਕਾਂ ਦੀ ਮੁਰਮੰਤ ਤਾਂ ਨਹੀਂ ਕਰਵਾ ਸਕੀ, ਪਰ ਬਰਸਾਤ ਕਾਰਨ ਹੜ੍ਹੇ ਬਰਮਾਂ ’ਤੇ ਪਏ ਟੋਇਆਂ ਨੂੰ ਪੂਰਨ ’ਚ ਵੀ ਨਾਕਾਮ ਰਹੀ ਹੈ। ਬਰਸਾਤ ਦਾ ਮੌਸਮ ਖਤਮ ਹੋਇਆਂ ਛੇ ਮਹੀਨੇ ਬੀਤ ਚੁੱਕੇ ਹਨ, ਪਰ ਨੀਮ ਪਹਾੜੀ ਪਿੰਡਾਂ ਦੀਆਂ ਖਸਤਾ ਹਾਲਤ ਸੰਪਰਕ ਸੜਕਾਂ ਦੇ ਰੁੜ੍ਹੇ ਬਰਮ ਹਾਦਸਿਆਂ ਦਾ ਸਬੱਬ ਬਣ ਰਹੇ ਹਨ।
ਦੂਜੇ ਪਾਸੇ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਲਾਕੇ ਦੀਆਂ ਟੁੱਟੀਆਂ ਸੜਕਾਂ ਦੀ ਰਿਪੋਰਟ ਬਣਾ ਕੇ ਭੇਜ ਚੁੱਕੇ ਹਨ। ਉਨ੍ਹਾਂ ਕੋਲ ਫੰਡਾਂ ਦੀ ਤੋਟ ਹੈ। ਵਿਭਾਗ ਕੋਲ ਬਰ੍ਹਮਾਂ ’ਤੇ ਪਏ ਟੋਏ ਪੂਰਨ ਜੋਗੇ ਪੈਸੇ ਨਹੀਂ ਹਨ।
ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਬੋਧ ਰਾਜ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੰਢੀ ਖੇਤਰ ਦਾ ਰੇਤਾ ਬੱਜਰੀ ਅੰਨ੍ਹੇਵਾਹ ਲੁੱਟਿਆ ਜਾ ਰਿਹਾ ਹੈ ਤੇ ਸੌਗਾਤ ’ਚ ਸਰਕਾਰ ਖੇਤਰ ਵਾਸੀਆਂ ਨੂੰ ਟੁੱਟੀਆਂ ਸੜਕਾਂ ਦੇ ਰਹੀ ਹੈ।
ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਕਿਹਾ ਇਲਾਕੇ ਦੀਆਂ ਖਸਤਾਹਾਲ ਸੜਕਾਂ ਤੋਂ ਉਹ ਭਲੀ-ਭਾਂਤ ਜਾਣੂ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਰੋਕੇ ਹੋਏ ਹਨ ਤੇ ਇਹ ਮਾਮਲਾ ਸਰਵਉੱਚ ਅਦਾਲਤ ’ਚ ਹੈ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਲੋਕ ਸਭਾ ਚੋਣਾਂ ਉਪਰੰਤ ਖੇਤਰ ਦੀਆਂ ਸੜਕਾਂ ਦਾ ਪਹਿਲ ਦੇ ਆਧਾਰ ’ਤੇ ਕੰਮ ਸ਼ੁਰੂ ਕਰਵਾਇਆ ਜਾਵੇਗਾ।