ਮੰਤਰੀ ਦੇ ਹਲਕੇ ’ਚ ਸਿਹਤ ਸੇਵਾਵਾਂ ਦਾ ਮਾੜਾ ਹਾਲ: ਸ਼ਰਮਾ
ਪੱਤਰ ਪ੍ਰੇਰਕ
ਪਟਿਆਲਾ, 20 ਸਤੰਬਰ
ਯੂਥ ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਵਿੱਚ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਦੇ ਅਲੀਪੁਰ, ਹਸਨਪੁਰ, ਝਿੱਲ ਆਦਿ ਖੇਤਰਾਂ ਵਿੱਚ ਸੰਘਣੀ ਪਰਵਾਸੀ ਆਬਾਦੀ ਹੋਣ ਕਾਰਨ ਇੱਥੇ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬਰਸਾਤ ਦੇ ਮੌਸਮ ਵਿੱਚ ਵੀ ਝਿੱਲ, ਨਿਊ ਯਾਦਵਿੰਦਰਾ ਕਾਲੋਨੀ ਆਦਿ ਵਿੱਚ ਦਸਤ ਦੀ ਬਿਮਾਰੀ ਫੈਲੀ ਸੀ। ਹੁਣ ਮਲੇਰੀਆ ਤੇ ਡੇਂਗੂ ਆਪਣੇ ਪੈਰ ਪਸਾਰ ਰਿਹਾ ਹੈ ਤੇ ਮਲੇਰੀਆ ਕਾਰਨ ਇੱਕ ਮੌਤ ਵੀ ਹੋ ਗਈ। ਸੰਜੀਵ ਸ਼ਰਮਾ ਕਾਲੂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਝਿੱਲ, ਹਸਨਪੁਰ, ਫੋਕਲ ਪੁਆਇੰਟ, ਉਪਕਾਰ ਨਗਰ, ਰਾਜਪੁਰਾ ਕਾਲੋਨੀ, ਬਿਸ਼ਨ ਨਗਰ, ਤਫ਼ਜ਼ਲਪੁਰਾ, ਜੁਝਾਰ ਨਗਰ, ਅਰਬਨ ਅਸਟੇਟ ਆਦਿ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ, ਇਸ ਦੇ ਬਾਵਜੂਦ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ। ਸ੍ਰੀ ਸ਼ਰਮਾ ਨੇ ਕਿਹਾ ਕੀ ਪਹਿਲਾਂ ਇੱਥੇ ਡਿਸਪੈਂਸਰੀਆਂ ਜਾਂ ਪ੍ਰਾਇਮਰੀ ਹੈਲਥ ਕਲੀਨਿਕ ਦੇ ਮੈਡੀਕਲ ਅਫ਼ਸਰ ਆਪਣੇ ਸਟਾਫ਼ ਤੇ ਆਸ਼ਾ ਵਰਕਰਾਂ ਦੇ ਰਾਹੀਂ ਮਰੀਜ਼ਾਂ ਤੱਕ ਘਰੋਂ-ਘਰੀਂ ਸੰਪਰਕ ਬਣਾ ਕੇ ਰੱਖਦੇ ਸਨ। ਇੱਥੇ ਆਮ ਆਦਮੀ ਕਲੀਨਿਕ ਬਣਨ ਨਾਲ ਮਰੀਜ਼ਾਂ ਨੂੰ ਘਰ ਮਿਲਣ ਵਾਲੀਆਂ ਸੁਵਿਧਾਵਾਂ ਨਹੀਂ ਮਿਲ ਰਹੀਆਂ ਜਿਸ ਨਾਲ ਬਿਮਾਰੀਆਂ ਵਧ ਰਹੀਆਂ ਹਨ।