ਸ਼ਾਹਕੋਟ ’ਚ ਸਫ਼ਾਈ ਦਾ ਮਾੜਾ ਹਾਲ, ਥਾਂ-ਥਾਂ ਲੱਗੇ ਗੰਦਗੀ ਦੇ ਢੇਰ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 26 ਅਕਤੂਬਰ
ਕਸਬਾ ਸ਼ਾਹਕੋਟ ਵਿੱਚ ਸਫ਼ਾਈ ਦਾ ਬਹੁਤ ਮਾੜਾ ਹਾਲ ਹੈ। ਕਸਬੇ ਵਿੱਚ ਠੀਕ ਢੰਗ ਨਾਲ ਸਫਾਈ ਨਾ ਹੋਣ ਕਾਰਨ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਜੋ ਬਿਮਾਰੀਆਂ ਫੈਲਾਉਣ ਦਾ ਕਾਰਨ ਬਣ ਰਹੇ ਹਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਨਗਰ ਪੰਚਾਇਤ ਸ਼ਾਹਕੋਟ ਨੇ ਕਸਬੇ ਨੂੰ ਸਵੱਛ ਬਣਾਉਣ ਲਈ ਸਫਾਈ ਮੁਹਿੰਮ ਚਲਾਈ ਸੀ, ਜੋ ਸਿਰਫ ਫੋਟੋ ਸੈਸ਼ਨ ਹੋ ਕੇ ਰਹਿ ਗਈ। ਇਹ ਵੀ ਕਾਬਿਲੇਗੌਰ ਹੈ ਕਿ ਜਿਸ ਦਿਨ ਕਿਸੇ ਮੰਤਰੀ ਜਾ ਕਿਸੇ ਵੱਡੇ ਅਧਿਕਾਰੀ ਨੇ ਆਉਣਾ ਹੋਵੇ ਉਸ ਦਿਨ ਸੜਕਾਂ ਨੂੰ ਖੂਬ ਚਮਕਾ ਦਿਤਾ ਜਾਂਦਾ ਹੈ ਪਰ ਉਸ ਮਗਰੋਂ ਫਿਰ ਆਮ ਵਾਂਗ ਕੰਮ ਕੀਤਾ ਜਾਂਦਾ ਹੈ।
ਸਮਾਜ ਸੇਵਕ ਪ੍ਰਦੀਪ ਕੁਮਾਰ ਡੱਬ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲਾ ਆਦਰਸ ਨਗਰ ਵਿਚ ਮਹੀਨੇ ਵਿੱਚ ਇਕ ਜਾ ਦੋ ਵਾਰ ਹੀ ਸਫਾਈ ਕਰਮਚਾਰੀ ਸਫਾਈ ਦੀ ਖੇਚਲ ਕਰਨ ਆਉਂਦੇ ਹਨ, ਬਾਕੀ ਸਾਰਾ ਮਹੀਨਾ ਮੁਹੱਲਾ ਵਾਸੀਆਂ ਨੂੰ ਗੰਦਗੀ ਦੀ ਬਦਬੂ ਵਿੱਚ ਹੀ ਗੁਜਾਰਨੇ ਪੈਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਪਾਸੇ ਨਗਰ ਪੰਚਾਇਤ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਕਈ ਹੋਰ ਖਤਰਨਾਕ ਬਿਮਾਰੀਆਂ ਤੋਂ ਬਚਾਉਣ ਲਈ ਦਵਾਈ ਦਾ ਛਿੜਕਾਅ ਕਰਦੀ ਹੈ। ਦੂਜੇ ਪਾਸੇ ਕਸਬੇ ਵਿਚੋਂ ਸਫਾਈ ਨਾ ਕਰਵਾ ਕੇ ਕਸਬਾ ਵਾਸੀਆਂ ਨੂੰ ਬਿਮਾਰੀਆਂ ਵੱਲ ਖੁਦ ਧੱਕ ਰਹੀ ਹੈ। ਉਨ੍ਹਾਂ ਸਰਕਾਰ ਤੇ ਨਗਰ ਪੰਚਾਇਤ ਦੇ ਉੱਚ ਅਧਿਕਾਰੀਆਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ।
ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ: ਈਓ
ਨਗਰ ਪੰਚਾਇਤ ਸ਼ਾਹਕੋਟ ਦੇ ਕਾਰਜਸਾਧਕ ਅਫਸਰ ਚਰਨ ਦਾਸ ਨੇ ਕਿਹਾ ਕਿ ਕਸਬੇ ਵਿੱਚ ਸਫਾਈ ਨਿਰੰਤਰ ਕਰਵਾਈ ਜਾ ਰਹੀ ਹੈ। ਸਫਾਈ ਨਾ ਹੋਣ ਬਾਰੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀ ਆਈ। ਜਦੋਂ ਕੋਈ ਸਿਕਾਇਤ ਆਵੇਗੀ ਉਸ ਦਾ ਹੱਲ ਕਰ ਦਿਤਾ ਜਾਵੇਗਾ।