ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ-ਫ਼ਲਸਤੀਨ ਟਕਰਾਅ ਦਾ ਪਿਛੋਕੜ ਅਤੇ ਤੀਜੀ ਧਿਰ

10:24 AM Feb 03, 2024 IST

ਪ੍ਰੋ. (ਰਿਟਾ.) ਸੁਖਦੇਵ ਸਿੰਘ
Advertisement

ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਜ਼ਰਾਈਲ-ਫ਼ਲਸਤੀਨ ਜੰਗ ਦਾ ਤੁਰੰਤ ਪਹਿਲਾਂ ਅਤੇ ਲੰਮਾ ਸਮਾਂ ਪਹਿਲਾਂ ਦਾ ਇਤਿਹਾਸ ਹੈ: ਜੰਗ ਤੋਂ ਤੁਰੰਤ ਪਹਿਲਾਂ ਦਾ ਇਤਿਹਾਸ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ਉੱਤੇ ਹਮਲੇ ਦੌਰਾਨ 1200 ਲੋਕਾਂ ਨੂੰ ਮਾਰਨ ਅਤੇ 120 ਨੂੰ ਬੰਦੀ ਬਣਾ ਲੈਣ ਦਾ ਹੈ ਪਰ ਇਸ ਦਾ ਲੰਮਾ ਇਤਿਹਾਸ ਇਸ ਖਿੱਤੇ ਵਿੱਚ ਯਹੂਦੀ, ਇਸਲਾਮ ਅਤੇ ਈਸਾਈ ਧਰਮਾਂ ਦਾ ਜਨਮ ਸਥਾਨ ਮੰਨੇ ਜਾਂਦੇ ਸ਼ਹਿਰ ਯੇਰੂਸ਼ਲਮ ਸਥਿਤ ਹੋਣ ਦੇ ਹਵਾਲੇ ਵਜੋਂ ਇੱਥੇ ਯਹੂਦੀ ਵਤਨ ਇਜ਼ਰਾਈਲ ਉਸਾਰਨ ਦੇ ਮਨਸ਼ੇ ਨਾਲ ਯੂਰੋਪ ਤੋਂ ਉਜਾੜ ਕੇ ਯਹੂਦੀਆਂ ਨੂੰ ਇੱਥੇ ਆਵਾਸ ਲਈ ਪ੍ਰੇਰਨ ਅਤੇ ਉਤਸ਼ਾਹਿਤ ਕਰਨ ਨਾਲ ਸ਼ੁਰੂ ਹੋਇਆ। ਯਹੂਦੀ ਵਤਨ ਇਜ਼ਰਾਈਲ ਅਤੇ ਯਹੂਦੀ ਇਜ਼ਰਾਈਲ ਰਾਸ਼ਟਰਵਾਦ ਦੇ ਉਭਾਰ ਨੇ ਇਸ ਨੂੰ ਪਰੰਪਰਕ ਫ਼ਲਸਤੀਨ ਦੀ ਮੁਸਲਿਮ, ਯਹੂਦੀ ਅਤੇ ਈਸਾਈ ਆਬਾਦੀ ਦੇ ਫ਼ਲਸਤੀਨੀ-ਅਰਬ ਰਾਸ਼ਟਰਵਾਦ ਨਾਲ ਟਕਰਾਅ ਵਿੱਚ ਖੜ੍ਹਾ ਕਰ ਦਿੱਤਾ।
ਇਜ਼ਰਾਈਲ-ਫ਼ਲਸਤੀਨ ‘ਟਕਰਾਅ’ ਦਾ ਮੁੱਢ ਪਹਿਲੀ ਸੰਸਾਰ ਜੰਗ ਦੌਰਾਨ ਬਰਤਾਨਵੀ ਅਧਿਕਾਰੀਆਂ ਦੇ ਮੁਫਾਦ ਅਤੇ ਸਾਮਰਾਜਵਾਦੀ ਨੀਤੀਆਂ ਲਈ ਤੀਹਰੇ ਆਪਾ-ਵਿਰੋਧੀ ਸਮਝੌਤਿਆਂ ਨਾਲ ਬੱਝਿਆ: ਇਹ ਸਮਝੌਤੇ ‘ਹੁਸੈਨ-ਮੈਕਮੋਹਨ ਪੱਤਰ-ਵਿਹਾਰ’, ‘ਸਾਈਕਸ-ਪਿਕੋਟ ਸਮਝੌਤਾ’ ਅਤੇ ‘ਬਲਫੋਰ ਐਲਾਨ’ ਦੇ ਨਾਵਾਂ ਨਾਲ ਮਸ਼ਹੂਰ ਹਨ।
ਹੁਸੈਨ-ਮੈਕਮੋਹਨ ਪੱਤਰ-ਵਿਹਾਰ (1915-1916) ਮੁਤਾਬਿਕ, ਪਹਿਲੀ ਸੰਸਾਰ ਜੰਗ ਵਿੱਚ ਓਟੋਮਾਨ ਸਾਮਰਾਜ ਵਿਰੁੱਧ ਅਰਬਾਂ ਵੱਲੋਂ ਬਰਤਾਨੀਆਂ ਦੇ ਸਮਰਥਨ ਬਦਲੇ ਫ਼ਲਸਤੀਨ ਦੀ ਸੁਤੰਤਰਤਾ ਲਈ ਵਾਅਦਾ ਅਤੇ ਦੂਜੇ ਪਾਸੇ ਬਲਫੋਰ ਐਲਾਨ (1917) ਮੁਤਾਬਿਕ, ਅਮਰੀਕੀ ਯਹੂਦੀਆਂ ਵੱਲੋਂ ਅਮਰੀਕਾ ਨੂੰ ਬਰਤਾਨੀਆ ਦੀਆਂ ਯੁੱਧ ਬਾਅਦ ਨੀਤੀਆਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਨ ਬਦਲੇ ਯਹੂਦੀਆਂ ਨੂੰ ਫ਼ਲਸਤੀਨ ਇਲਾਕੇ ਵਿੱਚ ਯਹੂਦੀ ਧਰਮ ਅਧਾਰਿਤ ਇਜ਼ਰਾਈਲ ਰਾਸ਼ਟਰ ਬਣਾਉਣ ਲਈ ਬਰਤਾਨਵੀ ਸਰਕਾਰ ਦੀ ਮਦਦ ਦਾ ਭਰੋਸਾ ਦੇਣ ਵਾਲੇ ਆਪਾ-ਵਿਰੋਧੀ ਦਸਤਾਵੇਜ਼ ਜ਼ਾਹਿਰ ਹੋਣ ਨਾਲ ਯਹੂਦੀਆਂ ਅਤੇ ਫ਼ਲਸਤੀਨੀਆਂ ਵਿੱਚ ਪਹਿਲਾਂ ਤੋਂ ਹੀ ਚੱਲ ਰਿਹਾ ਟਕਰਾਅ ਹੋਰ ਤਿੱਖਾ ਹੋ ਗਿਆ। ਉਂਝ, ਜੰਗ ਵਿੱਚ ਓਟੋਮਾਨ ਸਾਮਰਾਜ ਦੀ ਹਾਰ ਬਾਅਦ ਸਾਈਕਸ-ਪਿਕੋਟ ਸਮਝੌਤੇ (1916) ਮੁਤਾਬਿਕ, ਫ਼ਲਸਤੀਨ ਨੂੰ ਬਰਤਾਨੀਆ ਨੇ ਆਪਣੇ ਹੁਕਮ ਅਧੀਨ ਕਰ ਲਿਆ ਜਿਸ ਨਾਲ ਸੁਏਜ਼ ਨਹਿਰ ਅਤੇ ਪਰਸ਼ੀਅਨ ਖਾੜੀ ਦੇ ਰਸਤੇ ਬਰਤਾਨੀਆ ਦੀ ਭਾਰਤ ਤੱਕ ਪਹੁੰਚ ਸੁਰੱਖਿਅਤ ਹੋ ਗਈ। ਫ਼ਲਸਤੀਨ 1948 ਤੱਕ ਬਰਤਾਨਵੀ ਅਧਿਕਾਰ ਅਧੀਨ ਇਲਾਕਾ ਹੀ ਰਿਹਾ ਅਤੇ ਇਸ ਦੌਰਾਨ ਯਹੂਦੀ-ਫ਼ਲਸਤੀਨੀ ਟਕਰਾਅ ਵਿੱਚ ਨਫ਼ਰਤ ਸ਼ਾਮਿਲ ਹੁੰਦੀ ਗਈ।
ਇਸੇ ਦੌਰਾਨ ਅਰਬਾਂ ਨੇ ਫ਼ਲਸਤੀਨ ਵਿੱਚ ਬਰਤਾਨਵੀ ਬਸਤੀਵਾਦੀ ਸ਼ਾਸਨ ਅਤੇ ਇਸ ਦੀ ਯਹੂਦੀਆਂ ਲਈ ਫ਼ਲਸਤੀਨ ਵਿੱਚ ਆਵਾਸ ਦੀ ਨੀਤੀ ਵਿਰੁੱਧ ਬਗਾਵਤ ਆਰੰਭ ਦਿੱਤੀ ਜਿਸ ਦੇ ਨਤੀਜੇ ਵਜੋਂ ਫ਼ਲਸਤੀਨ ਨੂੰ ਵੰਡ ਕੇ ਯਹੂਦੀ ਅਤੇ ਅਰਬ ਦੋ ਰਾਜ ਬਣਾਉਣ ਅਤੇ ਯੇਰੂਸ਼ਲਮ ਨੂੰ ਕੌਮਾਂਤਰੀ ਪ੍ਰਸ਼ਾਸਨ ਅਧੀਨ ਰੱਖਣ ਦੀ ਯੋਜਨਾ ਬਣਾਈ ਗਈ ਜਿਸ ਨੂੰ ਯਹੂਦੀ ਨੇਤਾਵਾਂ ਨੇ ਮੰਨ ਲਿਆ ਪਰ ਅਰਬ ਮੁਲਕਾਂ ਅਤੇ ਫ਼ਲਸਤੀਨੀਆਂ ਨੇ ਰੱਦ ਕਰ ਦਿੱਤਾ।
ਦੂਜੀ ਸੰਸਾਰ ਜੰਗ ਦੌਰਾਨ ਜਰਮਨੀ ਅਤੇ ਕੁਝ ਹੋਰ ਯੂਰੋਪੀਅਨ ਦੇਸ਼ਾਂ ਵਿੱਚ ਯਹੂਦੀ ਸਰਬਨਾਸ਼ ਮੁਹਿੰਮ ਨੇ ਯਹੂਦੀ ਬੇਘਰ ਹੋਏ ਦਰ-ਬ-ਦਰ ਫਿਰ ਰਹੇ ਸਨ ਤਾਂ ਅਗਸਤ 1945 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੂਮਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਐਟਲੀ ਨੂੰ ਨਾਜ਼ੀਆਂ ਦੀ ਯਹੂਦੀ ਸਰਬਨਾਸ਼ ਮੁਹਿੰਮ ਤੋਂ ਬਚੇ ਹੋਏ 100,000 ਲੋਕਾਂ ਦੇ ਫ਼ਲਸਤੀਨ ਵਿੱਚ ਤੁਰੰਤ ਦਾਖਲੇ ਦੀ ਅਪੀਲ ਨਾਲ ਅਮਰੀਕਾ ਵੀ ਫ਼ਲਸਤੀਨ ਦਾ ਭਵਿੱਖ ਨਿਰਧਾਰਤ ਕਰਨ ਵਾਲੀਆਂ ਸ਼ਕਤੀਆਂ ਦੇ ਅਖਾੜੇ ਵਿੱਚ ਆ ਗਿਆ ਭਾਵੇਂ ਅਮਰੀਕਾ ਅਤੇ ਬਰਤਾਨੀਆ ਨੇ ਇਹਨਾਂ ਸ਼ਰਨਾਰਥੀਆਂ ਨੂੰ ਅਮਰੀਕਾ ਅਤੇ ਬਰਤਾਨੀਆ ਵਿੱਚ ਵਸਾਉਣ ਦੀ ਕਦੇ ਵੀ ਕੋਈ ਪੇਸ਼ਕਸ਼ ਨਾ ਕੀਤੀ ਜਦਕਿ ਇਹਨਾਂ ਨੂੰ ਯੂਰੋਪੀਅਨ ਦੇਸ਼ਾਂ ਵਿੱਚੋਂ ਹੀ ਬੇਘਰ ਕੀਤਾ ਗਿਆ ਸੀ। ਬੇਘਰ ਹੋਏ ਯਹੂਦੀਆਂ ਨਾਲ ਅਰਬਾਂ ਦੀ ਹਮਦਰਦੀ ਤਾਂ ਸੀ ਪਰ ਉਹ ਫ਼ਲਸਤੀਨ ਇਲਾਕੇ ਵਿੱਚ ਯਹੂਦੀ ਰਾਸ਼ਟਰ ਇਜ਼ਰਾਈਲ ਬਣਾਉਣ ਦੇ ਵਿਰੋਧੀ ਸਨ। ਅਮਰੀਕਾ ਅਤੇ ਬਰਤਾਨੀਆਂ ਮੌਕੇ ਅਤੇ ਸਹੂਲਤ ਮੁਤਾਬਿਕ ਕਦੇ ਯਹੂਦੀਆਂ ਅਤੇ ਕਦੇ ਫ਼ਲਸਤੀਨੀਆਂ ਅਨੁਸਾਰ ਆਪਣੀ ਨੀਤੀ ਬਦਲਦੇ ਰਹੇ ਪਰ ਯਹੂਦੀਆਂ ਦਾ ਫ਼ਲਸਤੀਨ ਇਲਾਕੇ ਵਿੱਚ ਆਵਾਸ ਜਾਰੀ ਰਿਹਾ ਅਤੇ ਸੰਯੁਕਤ ਰਾਸ਼ਟਰ ਦੀ ਇੱਕ ਮੁਲਕ ਨੂੰ ਦੋ ਮੁਲਕਾਂ ਵਿੱਚ ਵੰਡਣ ਦੀ ਤਜਵੀਜ਼ ਦਰਮਿਆਨ ਘਰੇਲੂ ਖਾਨਾਜੰਗੀ ਸ਼ੁਰੂ ਹੋ ਗਈ।
ਘਰੇਲੂ ਖਾਨਾਜੰਗੀ ਦੌਰਾਨ ਯਹੂਦੀ-ਅਰਬੀ ਸੰਗਠਨਾਂ ਨੂੰ ਆਪਸ ਵਿੱਚ ਲੜਦੇ ਛੱਡ ਕੇ ਬਰਤਾਨਵੀ ਸਰਕਾਰ ਨੇ 14 ਮਈ 1948 ਅੱਧੀ ਰਾਤ ਨੂੰ ਫ਼ਲਸਤੀਨ ਉੱਤੇ ਆਪਣਾ ਅਧਿਕਾਰ ਖਤਮ ਕਰ ਦਿੱਤਾ ਅਤੇ ਉਸੇ ਹੀ ਦਿਨ ਫ਼ਲਸਤੀਨ ਵਿੱਚ ਯਹੂਦੀ ਲੀਡਰਸਿ਼ਪ ਨੇ ਇਜ਼ਰਾਈਲ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ। ਹਿੰਸਕ ਜੰਗ ਦੀਆਂ ਹਾਲਤਾਂ ਵਿੱਚ ਹੋਏ ਇਜ਼ਰਾਈਲ ਦੇ ਜਨਮ ਕਾਰਨ ਲੱਗਭੱਗ 700,000 ਫ਼ਲਸਤੀਨ-ਅਰਬ ਆਬਾਦੀ ਦਾ ਉਜਾੜਾ ਹੋਇਆ । ਇਸ ਨੂੰ ਇਜ਼ਰਾਇਲੀ ਯਹੂਦੀ ‘ਆਜ਼ਾਦੀ ਦੀ ਲੜਾਈ’ ਅਤੇ ਅਰਬ ਫ਼ਲਸਤੀਨੀ ‘ਨਕਬਾ’ ਭਾਵ ਤਬਾਹੀ ਅਤੇ ਉਜਾੜਾ ਕਹਿੰਦੇ ਹਨ।
ਇਸ ਤੋਂ ਬਾਅਦ ਹੁਣ ਤੱਕ ਫ਼ਲਸਤੀਨ ਲਗਾਤਾਰ ਤਣਾਅ ਦੀ ਸਥਿਤੀ ਵਿੱਚ ਹੈ ਅਤੇ ਕਈ ਲੜਾਈਆਂ ਤੇ ਸ਼ਾਂਤੀ ਸਮਝੌਤਿਆਂ ਵਿੱਚੋਂ ਗੁਜ਼ਰਿਆ ਹੈ। ਵਰਤਮਾਨ ਕਾਲ ਵਿੱਚ ਇੱਕੋ ਭੂਗੋਲਿਕ ਖਿੱਤੇ ਵਿੱਚ ਯਹੂਦੀਆਂ ਦੇ ਵਤਨ ਵਸਾਉਣ ਅਤੇ ਫ਼ਲਸਤੀਨੀਆਂ ਦੇ ਵਤਨ ਬਚਾਉਣ ਦੇ 100 ਸਾਲ ਤੋਂ ਵੱਧ ਲੰਮੇ ਟਕਰਾਅ ਅਤੇ ਵਿੱਚ ਵਿਚਾਲੇ ਦੀਆਂ ਜੰਗਾਂ ਨੇ ਦੋਵੇਂ ਪਾਸੇ ਸੱਜੇ ਪੱਖੀ ਰਾਸ਼ਟਰਵਾਦ ਨੂੰ ਮਜ਼ਬੂਤ ਕੀਤਾ ਹੈ। ਇਸ ਦੌਰਾਨ ਖਿੱਤਾ ਬਾਹਰੀ ਤੀਜੀਆਂ ਤਾਕਤਾਂ ਨਵ-ਬਸਤੀਵਾਦੀ ਰੂਪ ਵਿੱਚ ਆਪਣੇ ਬਸਤੀਵਾਦੀ ਹਿੱਤਾਂ ਦੀ ਪੂਰਤੀ ਲਈ ਲਗਾਤਾਰ ਹਾਜ਼ਰ ਰਹੀਆਂ ਹਨ।
2023-24 ਦੀ ਇਜ਼ਰਾਈਲ-ਫ਼ਲਸਤੀਨ ਜੰਗ ਵਿੱਚ ਇਜ਼ਰਾਈਲ ਅਤੇ ਹਮਾਸ ਜਾਂ ਫ਼ਲਸਤੀਨ ਉਹ ਧਿਰਾਂ ਹਨ ਜੋ ਸਿੱਧੀਆਂ ਟਕਰਾਅ ਵਿੱਚ ਹਨ ਅਤੇ ਇਸ ਯੁੱਧ ਬਾਰੇ ਬਹੁਤੀ ਵਿਚਾਰ ਚਰਚਾ ਆਮ ਕਰ ਕੇ ਇਸ ਬਹਿਸ ’ਤੇ ਕੇਂਦਰਿਤ ਰਹਿੰਦੀ ਹੈ ਕਿ ‘ਜੰਗ ਵਿੱਚ ਫੌਰੀ ਖਿਡਾਰੀਆਂ ਵਿੱਚੋਂ ਕੌਣ ਵੱਧ ਕਸੂਰਵਾਰ ਹੈ’ ਜਦਕਿ ਯੁੱਧ ਵਿੱਚ ਸ਼ਾਮਿਲ ਤੀਜੀਆਂ ਧਿਰਾਂ ਵਿੱਚੋਂ ‘ਯੁੱਧ ਤੇਜ਼ ਕਰਨ ਵਾਲੇ ਉਤਪ੍ਰੇਰਕ’ ਦਾ ਜ਼ਿਕਰ ਵੀ ਜ਼ਰੂਰੀ ਹੈ।
ਤੀਜੀ ਧਿਰ ਦੇ ਇੱਕ ਖਿਡਾਰੀ ਉਹ ਹਨ ਜੋ ਆਪਣੀ ਖੇਤਰੀ ਭੂਗੋਲਿਕ, ਸੱਭਿਆਚਾਰਕ ਅਤੇ ਇਤਿਹਾਸਕ ਹੋਂਦ ਦੀ ਮਜਬੂਰੀ ਕਰ ਕੇ ਫਸੇ ਹੋਏ ਹਨ ਕਿਉਂਕਿ ਇਸ ਖੇਤਰ ਵਿੱਚ ਜੋ ਵੀ ਵਾਪਰਦਾ ਹੈ, ਉਸ ਤੋਂ ਉਹ ਪ੍ਰਭਾਵਿਤ ਹੁੰਦੇ ਹਨ। ਜੰਗ ਵਿੱਚ ਹੋਰ ਖਿੱਤਾ ਬਾਹਰੀ ਸ਼ਕਤੀਆਂ ਵੀ ਹਨ ਜੋ ਆਪਣੇ ਭੂ-ਰਾਜਨੀਤਕ ਅਤੇ ਆਰਥਿਕ ਹਿੱਤਾਂ ਲਈ ਇਸ ਖਿੱਤੇ ਵਿੱਚ ਲੰਮੇ ਸਮੇਂ ਤੋਂ ਮੌਜੂਦ ਹਨ ਅਤੇ ਇਜ਼ਰਾਈਲ-ਫ਼ਲਸਤੀਨੀ ‘ਟਕਰਾਅ’ ਨੂੰ ‘ਜੰਗ’ ਵਿੱਚ ਬਦਲਣ ਲਈ ਉਤਪ੍ਰੇਰਕ ਵਜੋਂ ਕੰਮ ਕਰਦੀਆਂ ਹਨ। ਇਜ਼ਰਾਈਲ-ਫ਼ਲਸਤੀਨੀ ਯੁੱਧ ਦੀ ਬਹੁਪੱਖੀ ਰਾਜਨੀਤੀ ਨੂੰ ਸਮਝਣ ਲਈ ਯੁੱਧ ਦੇ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ।
ਹਮਾਸ ਦੁਆਰਾ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹਮਲੇ ਅਤੇ ਜਵਾਬ ਵਿੱਚ ਇਜ਼ਰਾਇਲੀ ਫੌਜ ਵੱਲੋਂ ਆਮ ਫ਼ਲਸਤੀਨੀ ਸ਼ਹਿਰੀਆਂ ਨੂੰ ਸਮੂਹਿਕ ਤੌਰ ’ਤੇ ਮਾਰਨ ਦੀ ਦੋ-ਪਾਸੜ ਨਿੰਦਿਆ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ‘ਇੱਕ ਦਮ ਜੰਗਬੰਦੀ’ ਕਰਨ ਦੇ ਸੁਝਾਅ ਨੂੰ ਅਮਰੀਕਾ ਅਤੇ ਬਰਤਾਨੀਆਂ ਨੇ ਸੰਯੁਕਤ ਰਾਸ਼ਟਰ ਸੰਗਠਨ ਵਿੱਚ ਆਪਣੇ ਖਾਸ ਹੱਕ ਦੀ ਵਰਤੋਂ ਕਰਦੇ ਹੋਏ ਰੱਦ (ਵੀਟੋ) ਕਰ ਕੇ ਅਤੇ ਅਮਰੀਕਾ ਨੇ ਦੋ ਵਾਰ ਇਜ਼ਰਾਈਲ ਲਈ ਐਮਰਜੈਂਸੀ ਦੇ ਹਵਾਲੇ ਨਾਲ ਬਿਨਾਂ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਤੋਂ ਹਥਿਆਰਾਂ ਦੀ ਭਾਰੀ ਵਿਕਰੀ ਕਰ ਕੇ ਜੰਗ ਨੂੰ ਹਵਾ ਦਿੱਤੀ ਹੈ ਅਤੇ ਸੱਜੇ ਪੱਖੀ ਇਜ਼ਰਾਇਲੀ ਸਰਕਾਰ ਵੱਲੋਂ ਫ਼ਲਸਤੀਨੀ ਲੋਕਾਂ ਦੇ ਉਜਾੜੇ ਦੇ ਜਨੂਨ ਨੂੰ ਬਲ ਦਿੱਤਾ ਹੈ।
ਹਮਾਸ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਖ਼ਤਮ ਕਰਨ ਦੇ ਨਾਮ ’ਤੇ ਅਮਰੀਕਾ ਦੇ ਸਮਰਥਨ ਅਤੇ ਹੱਲਾਸ਼ੇਰੀ ਨਾਲ ਇਜ਼ਰਾਈਲ ਵੱਲੋਂ ਅੰਨ੍ਹੇਵਾਹ ਭਾਰੀ ਬੰਬਾਰੀ ਕਾਰਨ ਆਮ ਫ਼ਲਸਤੀਨੀ ਨਾਗਰਿਕਾਂ ਦੀ ਸਮੂਹਿਕ ਤਬਾਹੀ ਹੋਈ ਹੈ। ਇਜ਼ਰਾਇਲੀ ਫੌਜ ਨੇ ਹਮਾਸ ਦੇ ਕੁਝ ਨੇਤਾਵਾਂ ਨੂੰ ਤਾਂ ਮਾਰਿਆ ਹੀ ਹੈ ਪਰ ਵਧੇਰੇ ਫ਼ਲਸਤੀਨੀ ਨਾਗਰਿਕਾਂ ਨੂੰ ਮਾਰਿਆ ਹੈ। ਇਜ਼ਰਾਈਲ ਦਾ ਹਮਾਸ ਵਿਰੁੱਧ ਚੱਲ ਰਿਹਾ ਮੌਜੂਦਾ ਯੁੱਧ ਅਸਲ ਵਿੱਚ ਫ਼ਲਸਤੀਨੀਆਂ ਵਿਰੁੱਧ ਯੁੱਧ ਹੈ; ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ ਪਰ ਮੌਤ, ਉਜਾੜੇ, ਬਿਮਾਰੀ ਅਤੇ ਭੁੱਖਮਰੀ ਦਾ ਸ਼ਿਕਾਰ ਫ਼ਲਸਤੀਨੀ ਆਬਾਦੀ ਹੈ। ਇਜ਼ਰਾਇਲੀ ਫੌਜ ਦੁਆਰਾ ਬੰਬਾਰੀ ਦਾ ਨਿਸ਼ਾਨਾ ਫ਼ਲਸਤੀਨੀ ਘਰ, ਰੈਣ ਬਸੇਰੇ, ਦੁਕਾਨਾਂ, ਕਾਰੋਬਾਰੀ ਥਾਵਾਂ, ਹਸਪਤਾਲ ਅਤੇ ਵਾਤਾਵਰਨ ਬਣ ਰਹੇ ਹਨ।
ਉਨ੍ਹਾਂ ਲਈ ਫ਼ਲਸਤੀਨੀਆਂ ਨੂੰ ਹਰਾਉਣਾ ਅਤੇ ਖ਼ਤਮ ਕਰਨਾ ਹਮਾਸ ਅਤੇ ‘ਦੋ-ਮੁਲਕੀ’ ਹੱਲ’ ਨੂੰ ਹਰਾਉਣਾ ਅਤੇ ਖ਼ਤਮ ਕਰਨਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਅਗਵਾਈ ਵਾਲੀ ਸੱਜੇ ਪੱਖੀ ਇਜ਼ਰਾਇਲੀ ਸਰਕਾਰ ਫ਼ਲਸਤੀਨ ਵਿੱਚ ਇਜ਼ਰਾਈਲ ਦਾ ਪੂਰਨ ਕੰਟਰੋਲ ਚਾਹੁੰਦੀ ਹੈ ਅਤੇ ਫ਼ਲਸਤੀਨੀ ਅਥਾਰਟੀ ਦੀ ਕਿਸੇ ਵੀ ਭੂਮਿਕਾ ਨੂੰ ਨਹੀਂ ਮੰਨਦੀ। ਇਜ਼ਰਾਇਲੀ ਸਰਕਾਰ ਦੇ ਦੋ ਇਜ਼ਰਾਇਲੀ ਮੰਤਰੀਆਂ ਨੇ ਤਾਂ ਫ਼ਲਸਤੀਨੀਆਂ ਨੂੰ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਜਾ ਵੱਸਣ ਦੀ ਖੁੱਲ੍ਹੇਆਮ ਸਲਾਹ ਦੇ ਕੇ ਆਪਣੀ ਸੋਚ ਅਤੇ ਨੀਤੀ ਦਾ ਐਲਾਨ ਕਰ ਦਿੱਤਾ ਹੈ। ਇਜ਼ਰਾਈਲ ਨੂੰ ਇਸ ਜੰਗ ਲਈ ਅਮਰੀਕਾ ਦੇ ਬੇਝਿਜਕ ਸਮਰਥਨ ਨੇ ਇਜ਼ਰਾਈਲ ਦੀ ਅਜਿਹੀ ਵਿਚਾਰਧਾਰਾ ਨੂੰ ਮਜਬੂਤ ਕੀਤਾ ਹੈ।
2023-24 ਦੀ ਇਜ਼ਰਾਈਲ-ਫ਼ਲਸਤੀਨ ਜੰਗ ਸਭ ਤੋਂ ਭਿਆਨਕ ਨਾ ਸਿਰਫ ਇਸ ਲਈ ਹੈ ਕਿ ਇਸ ਵਿੱਚ ਮਰਨ ਵਾਲੇ ਬਹੁ ਗਿਣਤੀ ਆਮ ਸ਼ਹਿਰੀ ਹਨ ਸਗੋਂ ਇਸ ਲਈ ਵੀ ਕਿ ਇਹ ਜੰਗ ਨਸਲਕੁਸ਼ੀ ਵਾਂਗ ਲੜੀ ਜਾ ਰਹੀ ਹੈ। ਜੰਗ ਵਿੱਚ ਅਮਰੀਕਾ ਦੇ ਕਿਰਦਾਰ ਦੀ ਅੰਦਰੋਂ ਅਤੇ ਬਾਹਰੋਂ ਨਿੰਦਿਆ, ਪੱਛਮੀ ਏਸ਼ੀਆ ਦੇ ਦੇਸ਼ਾਂ ਵੱਲੋਂ ਦਬਾਅ ਅਤੇ ਇਜ਼ਰਾਈਲ ਦੇ ਲੋੜੋਂ ਵੱਧ ਨਿਧੜਕ ਹੋ ਜਾਣ ਦੇ ਡਰ ਕਾਰਨ ਅਮਰੀਕਾ ਨੂੰ ਆਪਣੇ ਸਿਆਸੀ ਪੈਂਤੜੇ ਵਿੱਚ ਲਚਕ ਲਿਆਉਣੀ ਪਈ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਜੰਗ ਤੋਂ ਬਾਅਦ ਦੀ ਆਪਣੀ ਯੋਜਨਾ ਦੇ ਹੱਕ ਵਿੱਚ ਰਾਇ ਬਣਾਉਣ ਅਤੇ ਆਪਣੀ ਮੋਹਤਬਰੀ ਲਈ ਪੱਛਮੀ ਏਸ਼ੀਆ ਦੇ ਆਪਣੇ ਚੌਥੇ ਕੂਟਨੀਤਕ ਦੌਰੇ ਦੌਰਾਨ ਤੁਰਕੀ, ਕਤਰ ਅਤੇ ਜੌਰਡਨ ਦੇ ਮੁਖੀਆਂ ਨੂੰ ਮਿਲੇ ਹਨ। ਉਨ੍ਹਾਂ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਨਾਲ ਪ੍ਰੈੱਸ ਕਾਨਫਰੰਸ ਵਿੱਚ ਇਜ਼ਰਾਇਲੀ ਮੰਤਰੀ ਦੇ ਬਿਆਨਾਂ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਫ਼ਲਸਤੀਨੀਆਂ ’ਤੇ ਗਾਜ਼ਾ ਛੱਡਣ ਲਈ ਦਬਾਅ ਨਹੀਂ ਪਾਇਆ ਜਾਣਾ ਚਾਹੀਦਾ।
ਇਸ ਦੇ ਉਲਟ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਦੱਖਣੀ ਅਫਰੀਕਾ ਵੱਲੋਂ ਇਜ਼ਰਾਈਲ ਵਿਰੁੱਧ ਕੌਮਾਂਤਰੀ ਅਦਾਲਤ ਵਿੱਚ ਫ਼ਲਸਤੀਨੀਆਂ ਦੀ ‘ਨਸਲਕੁਸ਼ੀ’ ਦਾ ਮੁਕਦਮਾ ਦਾਇਰ ਕਰਨ ਅਤੇ ਇਜ਼ਰਾਇਲੀ ਫੌਜ ਦੁਆਰਾ ਹਮਲੇ ਤੁਰੰਤ ਬੰਦ ਕਰਨ ਦੀ ਮੰਗ ਕਰਨ ਕਰ ਕੇ ਦੱਖਣੀ ਅਫਰੀਕਾ ਦੀ ਆਲੋਚਨਾ ਕੀਤੀ ਹੈ। ਦੱਖਣੀ ਅਫ਼ਰੀਕਾ ਦੀ ਰਾਇ ਨੂੰ ਗੈਰ-ਮੁਨਾਸਬਿ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਨਾਂ ਇਜ਼ਰਾਈਲ-ਫ਼ਲਸਤੀਨ ਜੰਗ ਵਿੱਚ ਨਸਲਕੁਸ਼ੀ ਕਰਨ ਵਾਲੇ ਕੋਈ ਕੰਮ ਨਹੀਂ ਦੇਖੇ, ਇਸ ਲਈ ਅਜਿਹੇ ਦੋਸ਼ ਹਲਕੇ ਵਿੱਚ ਨਹੀਂ ਲਗਾਏ ਜਾ ਸਕਦੇ।
ਹਰ ਰੋਜ਼ ਔਸਤਨ 10 ਤੋਂ ਵੱਧ ਫ਼ਲਸਤੀਨੀ ਬੱਚਿਆਂ ਦੀਆਂ ਇੱਕ ਜਾਂ ਦੋਵੇਂ ਲੱਤਾਂ ਕੱਟੀਆਂ ਜਾਣੀਆਂ, 25000 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣੀ ਅਤੇ ਤਕਰੀਬਨ 70000 ਨੂੰ ਘਾਤਕ ਸੱਟਾਂ ‘ਹਲਕੇ ਵਿੱਚ ਲਾਏ ਗਏ ਇਲਜ਼ਾਮ’ ਨਹੀਂ ਹੋ ਸਕਦੇ। ਕਿਸੇ ਭਾਈਚਾਰੇ ਲਈ ਸਮੂਹਿਕ ਤੌਰ ’ਤੇ ਉਜਾੜਨ ਦਾ ਡਰ ਪੈਦਾ ਕਰਨਾ ‘ਹਲਕੇ ਵਿੱਚ ਲਾਏ ਦੋਸ਼’ ਨਹੀਂ।
ਇੱਕ ਪਾਸੇ ਅਮਰੀਕਾ ਦਾ ਫ਼ਲਸਤੀਨੀ ਖਿੱਤੇ ਵਿੱਚ ਸ਼ਾਂਤੀ ਲਈ ਦੋ-ਮੁਲਕੀ ਹੱਲ ਦਾ ਸਮਰਥਨ ਅਤੇ ਇਜ਼ਰਾਈਲ ਵੱਲੋਂ ਇੱਥੇ ਸੰਪੂਰਨ ਯਹੂਦੀ ਰਾਸ਼ਟਰ ਕਾਇਮ ਕਰਨ ਦੇ ਦਾਅਵੇ ਤੇ ਨੀਤੀਆਂ ਦੀ ਆਲੋਚਨਾ ਕਰਨਾ; ਦੂਜੇ ਪਾਸੇ ਸਾਲਾਂ ਤੋਂ ਇਜ਼ਰਾਈਲ ਨੂੰ ਅਰਬਾਂ ਡਾਲਰਾਂ ਦੀ ਸਾਲਾਨਾ ਅਮਰੀਕੀ ਸਹਾਇਤਾ ਅਤੇ 2023 ਦੀ ਜੰਗ ਲਈ ਹਥਿਆਰ ਵੇਚਣਾ, ਸੰਯੁਕਤ ਰਾਸ਼ਟਰ ਦੇ ‘ਇੱਕ ਦਮ ਜੰਗਬੰਦੀ’ ਦੇ ਸੁਝਾਅ ਨੂੰ ਰੱਦ ਕਰਨਾ ਅਮਰੀਕਾ ਦੀ ਦੋਹਰੀ ਨੀਤੀ ਨੂੰ ਨੰਗਾ ਕਰਦਾ ਹੈ। ਆਖਿ਼ਰਕਾਰ ਇਜ਼ਰਾਈਲ ਫ਼ਲਸਤੀਨੀ ਇਲਾਕਿਆਂ ’ਤੇ ਕਬਜ਼ਾ ਕਰਨ ਅਤੇ ਫ਼ਲਸਤੀਨੀ ਆਬਾਦੀ ਨੂੰ ਖਿੰਡਾਉਣ ਲਈ ਅਮਰੀਕੀ ਸਹਾਇਤਾ ਅਤੇ ਹਥਿਆਰਾਂ ਦੀ ਵਰਤੋਂ ਹੀ ਤਾਂ ਕਰ ਰਿਹਾ ਹੈ।
*ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 94642-25655

Advertisement
Advertisement