ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬੇ ਗੈਬੇ ਦੇ ਖ਼ਰਬੂਜ਼ੇ

06:17 AM Nov 25, 2024 IST

 

Advertisement

ਮੁਖਤਿਆਰ ਸਿੰਘ

ਬਾਬਾ ਗੈਬਾ ਹਰ ਸਾਲ ਆਪਣੀ ਨਿਆਈਂ ਵਾਲੀ ਵਿਘੜੀ ਵਿੱਚ ਖ਼ਰਬੂਜ਼ੇ ਲਾ ਦਿੰਦਾ ਸੀ। ਉਹ ਹੌਲੀ-ਹੌਲੀ ਸਵੇਰੇ ਹੀ ਸੋਟੀ ਦੇ ਸਹਾਰੇ ਵਿਘੜੀ ਵਿੱਚ ਪਹੁੰਚ ਜਾਂਦਾ। ਇਹ ਵਿਘੜੀ ਬਾਕੀ ਲਾਣਿਆਂ ਦੀਆਂ ਵਿਘੜੀਆਂ ਦੇ ਵਿਚਕਾਰ ਸੀ। ਹੋਰ ਕੋਈ ਵੀ ਖ਼ਰਬੂਜ਼ੇ ਬੀਜਦਾ ਨਹੀਂ ਸੀ। ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਬੇ ਗੈਬੇ ਨੇ ਤਾਂ ਹਰ ਹਾਲਤ ਵਿੱਚ ਬੀਜਣੇ ਹੀ ਹਨ। ਉਹ ਆਪ ਵੀ ਖਾਣ ਦਾ ਸ਼ੌਕੀਨ ਸੀ।
ਬਾਬੇ ਗੈਬੇ ਨੂੰ ਦੋ ਮਹੀਨੇ ਪਹਿਲਾਂ ਹੀ ਫ਼ਿਕਰ ਲੱਗ ਜਾਂਦਾ ਕਿ ਐਤਕੀਂ ਵਧੀਆ ਕਿਸਮ ਦਾ ਬੀਜ ਮੰਗਵਾ ਕੇ ਖ਼ਰਬੂਜ਼ੇ ਬੀਜਣੇ ਨੇ, ਜਿਹੜੇ ਮਿੱਠੇ ਹੋਣ, ਮੂੰਹ ’ਚ ਪਾਇਆਂ ਖੰਡ ਮਿਸ਼ਰੀ ਵਾਂਗ ਘੁਲ ਜਾਣ। ਅਸੀਂ ਨਿਆਣੇ ਉਸ ਨੂੰ ਵੱਡੇ ਦਰਵਾਜ਼ੇ ’ਚ ਬੈਠੇ ਨੂੰ ਪੁੱਛਦੇ ਰਹਿੰਦੇ, ‘‘ਬਾਬਾ, ਖ਼ਰਬੂਜ਼ੇ ਲਾ ਦੋ ਹੁਣ, ਗਰਮੀਆਂ ਤਾਂ ਆਉਣ ਆਲੀਆਂ ਨੇ।’’
ਉਹ ਪਿਆਰ ਨਾਲ ਹੌਲੀ ਜਿਹੀ ਕਹਿ ਦਿੰਦਾ, ‘‘ਲਾ ਦਾਂਗੇ ਲਾ ਦਾਂਗੇ। ਅਜੇ ਪੂਰੀ ਠੰਢ ਐ।’’ ਘੜੀ ਕੁ ਪਿੱਛੋਂ ਅਸੀਂ ਫਿਰ ਪੁੱਛ ਲੈਂਦੇ। ਸਾਡੇ ਵਾਰ-ਵਾਰ ਪੁੱਛਣ ਨਾਲ ਉਹ ਖਿਝ ਵੀ ਜਾਂਦਾ ਤੇ ਆਖਦਾ, ‘‘ਪਰ੍ਹੇ ਜਾਓ ਓਏ ਜੁਆਕੋ, ਆਵਦੀ ਦਾਦੀ ਨੂੰ ਕਹੋ ਜਾ ਕੇ ਲਾ ਕੇ ਆਵੇ।’’ ਉਹ ਕਿੰਨਾ ਹੀ ਚਿਰ ਬੁੜ-ਬੁੜ ਕਰੀ ਜਾਂਦਾ। ਉਹ ਚੌਂਤਰੇ ਉੱਤੋਂ ਲੱਤਾਂ ਲਮਕਾ ਕੇ, ਕੱਢੀ ਹੋਈ ਸਣ ਦੀਆਂ ਰੱਸੀਆਂ ਵੱਟਣ ਲੱਗ ਜਾਂਦਾ। ਥੋੜ੍ਹੇ ਚਿਰ ਬਾਅਦ ਹਥੇਲੀ ਉੱਪਰ ਥੁੱਕ ਕੇ ਫਿਰ ਰੱਸੀ ਵੱਟਣ ਲੱਗ ਜਾਂਦਾ। ਜਦੋਂ ਰੱਸੀ ਲੰਮੀ ਸਾਰੀ ਵੱਟੀ ਜਾਂਦੀ ਤਾਂ ਉਸ ਰੱਸੀ ਦਾ ਮਜ਼ਬੂਤ ਸੰਘਣਾ ਗੋਪੀਆ ਬਣਾਉਣ ਲੱਗ ਜਾਂਦਾ।
ਅਸੀਂ ਪੁੱਛਦੇ, ਬਾਬਾ ਪਿਛਲੇ ਸਾਲ ਵਾਲਾ ਗੋਪੀਆ ਕਿੱਥੇ ਗਿਆ?
ਉਹ ਹਉਕਾ ਲੈ ਕੇ ਦੱਸਦਾ, ‘‘ਬਾੜੇ ’ਚੋਂ ਕੋਈ ਲੈ ਗਿਆ ਤੀ।’’ ਅਸੀਂ ਚੁੱਪ ਕਰ ਜਾਂਦੇ। ਅਸੀਂ ਉਸ ਨੂੰ ਕਿਉਂ ਦੱਸਦੇ ਕਿ ਗੋਪੀਆ ਤਾਂ ਮੋਹਨ ਲਾਲ ਨੇ ਚੁੱਕ ਲਿਆਂਦਾ ਸੀ। ਬਾਬੇ ਨੂੰ ਪਤਾ ਹੀ ਨਹੀਂ ਸੀ ਲੱਗਾ। ਅਸੀਂ ਸਾਰੇ ਰਲ ਕੇ ਉਸੇ ਗੋਪੀਏ ਨਾਲ ਟੋਭੇ ਦੇ ਉੱਪਰੋਂ ਰੋੜੀਆਂ ਮਾਰਦੇ ਰਹਿੰਦੇ ਤੇ ਇਹ ਸਾਡੀ ਖੇਡ ਬਣ ਗਈ।
ਬਾਬੇ ਨੇ ਆਪਣੇ ਜੀਜੇ ਰਾਹੀਂ ਖੇਤੀਬਾੜੀ ਯੂਨੀਵਰਸਿਟੀ ਤੋਂ ਵਧੀਆ ਕਿਸਮ ਦੇ ਖ਼ਰਬੂਜ਼ਿਆਂ ਦਾ ਬੀਜ ਮੰਗਵਾਇਆ ਸੀ। ਬਾਬਾ ਹਰ ਸਾਲ ਉਨ੍ਹਾਂ ਮਿੱਠੇ ਖ਼ਰਬੂਜ਼ਿਆਂ ਦਾ ਬੀਜ ਧੋ ਕੇ, ਸੁਕਾ ਕੇ ਸਾਂਭ ਲੈਂਦਾ ਸੀ। ਉਸੇ ਨੂੰ ਅਗਲੇ ਸਾਲ ਬੀਜਦਾ। ਉਹ ਆਪਣੇ ਮੁੰਡਿਆਂ ਨੂੰ ਨਾਲ ਲਾ ਕੇ ਬੀਜ ਲੈਂਦਾ। ਫਿਰ ਗੋਡੀ ਅਤੇ ਸਾਂਭ-ਸੰਭਾਲ ਆਪ ਕਰਦਾ। ਉਸ ਦੇ ਮੁੰਡੇ ਸਿਰਫ਼ ਪਾਣੀ ਹੀ ਦਿੰਦੇ ਸੀ। ਜਦੋਂ ਬੀਜ ਉੱਗ ਆਉਂਦੇ, ਉਹ ਵੇਖਦਾ ਰਹਿੰਦਾ ਕਿ ਹਰ ਰੋਜ਼ ਵੇਲਾਂ ਕਿੰਨੀਆਂ ਕੁ ਵਧਦੀਆਂ ਹਨ। ਜਦੋਂ ਵੇਲਾਂ ਨੂੰ ਫੁੱਲ ਲਗਦੇ ਤਾਂ ਬਾਬੇ ਦਾ ਚਿਹਰਾ ਖਿੜ ਜਾਂਦਾ। ਫੁੱਲਾਂ ਤੋਂ ਡੋਡੀਆਂ ਬਣਦੀਆਂ। ਫੇਰ ਜਿਉਂ-ਜਿਉਂ ਚੂੰਏਂ ਬਣ ਕੇ ਖ਼ਰਬੂਜ਼ੇ ਵੱਡੇ ਹੁੰਦੇ ਜਾਂਦੇ, ਬਾਬੇ ਤੋਂ ਚਾਅ ਸੰਭਾਲਿਆ ਨਾ ਜਾਂਦਾ। ਉਸ ਦਾ ਦਿਲ ਵੀ ਖ਼ਰਬੂਜ਼ਿਆਂ ਜਿੱਡਾ ਹੋ ਜਾਂਦਾ, ਪਰ ਕਿਸੇ ਦੀ ਕੀ ਮਜਾਲ ਕਿ ਕੋਈ ਨਿਆਣਾ ਸਿਆਣਾ ਖ਼ਰਬੂਜ਼ਿਆਂ ਦੇ ਬਾੜੇ ਵੱਲ ਝਾਕ ਵੀ ਜਾਵੇ। ਉਹ ਤੜਕੇ ਹੀ ਉੱਠ ਕੇ ਬਾੜੇ ਵਿੱਚ ਹੌਲੀ-ਹੌਲੀ ਜਾ ਬਹਿੰਦਾ। ਪਹਿਰ ਰਾਤ ਤੱਕ ਉੱਥੇ ਹੀ ਬੈਠਾ ਰਹਿੰਦਾ। ਮਿੱਟੀ ਦੀਆਂ ਬਣਾਈਆਂ ਗੋਲੀਆਂ, ਗੋਪੀਏ ’ਚ ਪਾ ਕੇ ਪੰਛੀਆਂ ਅਤੇ ਡੰਗਰਾਂ ਦੇ ਮਾਰਦਾ ਰਹਿੰਦਾ। ਉਸ ਦਾ ਨਿਸ਼ਾਨਾ ਉੱਕਦਾ ਨਹੀਂ ਸੀ। ਬਾੜੇ ਵਿੱਚੋਂ ਸਭ ਭੱਜ ਜਾਂਦੇ। ਜਦੋਂ ਜੇਠ-ਹਾੜ੍ਹ ਵਿੱਚ ਗਰਮੀ ਨਾਲ ਪਿੰਡ ਦਾ ਟੋਭਾ ਸੁੱਕ ਜਾਂਦਾ ਤਾਂ ਬਾਬਾ ਟੋਭੇ ਦੀ ਚੀਕਣੀ ਮਿੱਟੀ ਦੀਆਂ ਗੋਪੀਏ ਲਈ ਗੋਲੀਆਂ ਬਣਾ ਕੇ ਸੁਕਾ ਲੈਂਦਾ।
ਅਸੀਂ ਇੱਕ ਦੋ ਨਿਆਣੇ ਬਾਬੇ ਦੇ ਪੋਤੇ ਧਰਮੇ ਨਾਲ ਰੋਟੀ-ਲੱਸੀ ਅਤੇ ਪਾਣੀ ਦੇਣ ਚਲੇ ਜਾਂਦੇ। ਅਸੀਂ ਉਸੇ ਤਰ੍ਹਾਂ ਲਾਲ਼ਾਂ ਸੁੱਟਦੇ ਵਾਪਸ ਆ ਜਾਂਦੇ। ਸਾਡਾ ਜੀਅ ਕਰਦਾ ਕੱਚੇ ਖ਼ਰਬੂਜ਼ੇ ਹੀ ਤੋੜ ਕੇ ਲੈ ਜਾਈਏ। ਦਰਵਾਜ਼ੇ ਵਿੱਚ ਬਹਿ ਕੇ ਸੁਆਦ ਨਾਲ ਖਾਈਏ। ਜੇ ਕਿਸੇ ਦਿਨ ਖ਼ਰਬੂਜ਼ੇ ਨੂੰ ਹੱਥ ਵੀ ਲਾ ਦੇਣਾ ਤਾਂ ਉਹ ਸੋਟੀ ਉਲਾਰ ਕੇ ਉੱਚੀ-ਉੱਚੀ ਝਿੜਕਣ ਲੱਗ ਜਾਂਦਾ,‘‘ ਥੋਡੀ ਮਾਉਂ ਨੂੰ, ਥੋਡੀ ਦਾਦੀ ਨੂੰ... ਉਏ ਕੱਚੇ ਨੇ... ਪੱਕਿਆਂ ਤੋਂ ਖਾ ਲਿਓ... ਸਹੁਰੇ ਪਾਗਲ।’’
ਅਸੀਂ ਡਰ ਕੇ ਨੱਠ ਆਉਂਦੇ। ਉਦੋਂ ਬਜ਼ੁਰਗਾਂ ਦਾ ਡਰ ਹੀ ਏਨਾ ਹੁੰਦਾ ਸੀ। ਇੱਕ ਦਿਨ ਦੂਜੇ ਪਾਸੇ ਦੇ ਨਿਆਣਿਆਂ ਨੇ ਬਾਬੇ ਦੇ ਕੱਚੇ ਖ਼ਰਬੂਜ਼ੇ ਤੋੜ ਲਏ। ਜਦੋਂ ਬਾਬਾ ਗੈਬਾ ਬਾੜੇ ਵਿੱਚ ਵੜਿਆ, ਉਸ ਨੇ ਵੇਲ਼ਾਂ ਉਲਟ-ਪੁਲਟ ਹੋਈਆਂ ਵੇਖ ਲਈਆਂ। ਬੱਸ ਫਿਰ ਬਾਬਾ ਲੱਗ ਪਿਆ ਸ਼ਲੋਕ ਸੁਣਾਉਣ। ਉਹ ਥੱਕ-ਹਾਰ ਕੇ ਚੁੱਪ ਕਰਿਆ। ਦੋ-ਤਿੰਨ ਦਿਨ ਅਸੀਂ ਵੀ ਧਰਮੇ ਨਾਲ ਬਾੜੇ ਵਿੱਚ ਨਾ ਗਏ। ਕੀ ਪਤਾ ਸਾਡੇ ’ਤੇ ਹੀ ਸ਼ੱਕ ਕਰ ਕੇ ਸਾਨੂੰ ਸ਼ਲੋਕ ਸੁਣਾਉਣ ਲੱਗ ਪਵੇ। ਅਸੀਂ ਵੀ ਸਬਰ ਰੱਖਿਆ। ਸਾਨੂੰ ਪਤਾ ਸੀ ਕਿ ਹਰੇਕ ਸਾਲ ਬਾਬਾ ਇਸੇ ਤਰ੍ਹਾਂ ਰਾਖੀ ਕਰਦਾ ਹੈ। ਖ਼ਰਬੂਜ਼ੇ ਪੱਕਿਆਂ ਤੋਂ ਵੰਡ ਵੀ ਦਿੰਦਾ ਹੈ।
ਜਦੋਂ ਖ਼ਰਬੂਜ਼ੇ ਪੱਕਣ ਲੱਗ ਪਏ ਤਾਂ ਨੀਲੀਆਂ ਧਾਰੀਆਂ ਵਾਲੇ ਦੇਸੀ ਖ਼ਰਬੂਜ਼ਿਆਂ ਦੀ ਖੁਸ਼ਬੂ ਦੂਰ ਤੱਕ ਫੈਲ ਜਾਂਦੀ। ਅਸੀਂ ਬਾੜੇ ਵਿੱਚ ਧਰਮੇ ਨਾਲ ਜਾਣ ਲੱਗ ਪੈਂਦੇ। ਬਾਬਾ ਸਾਨੂੰ ਉਡੀਕਦਾ ਰਹਿੰਦਾ ਸੀ, ‘‘ਆਓ ਉਏ ਦਾਦੀਆਂ ਦੇ ਪੋਤਿਓ... ਖਾ ਲੋ, ਕੱਢ ਲੋ ਕੁੱਖਾਂ... ਐਹ ਪੱਕੇ ਪੱਕੇ ਤੋੜ ਕੇ ਰੱਖੇ ਨੇ... ਚੱਕ ਲੋ ਦੋ ਦੋ...।’’
ਅਸੀਂ ਪੱਕੇ ਪੱਕੇ ਪੀਲੇ ਪੀਲੇ, ਕੋਈ ਕੋਈ ਹਰਾ ਵੀ ਹੁੰਦਾ, ਚੁੱਕ ਕੇ ਦੁੜੰਗੇ ਮਾਰਦੇ ਦੌੜ ਜਾਂਦੇ। ਦਰਵਾਜ਼ੇ ਵਿੱਚ ਬੈਠ ਕੇ ਖਾਂਦੇ। ਗੋਡਿਆਂ ਦੇ ਵਿਚਕਾਰ ਹਥੇਲੀਆਂ ਨਾਲ ਦਾਬ ਪਾ ਕੇ, ਖ਼ਰਬੂਜ਼ੇ ਦੇ ਦੋ ਫਾੜ ਕਰ ਲੈਂਦੇ। ਬੱਸ ਫੇਰ ਮਿੰਟਾਂ ਵਿੱਚ ਹੀ ਚੂੰਡ ਲੈਂਦੇ। ਉਹ ਖ਼ਰਬੂਜ਼ੇ ਵਾਕਈ ਹੀ ਖੰਡ-ਮਿਸ਼ਰੀ ਵਾਲੇ ਸਨ। ਖਾ ਕੇ ਸੁਆਦ ਆ ਜਾਂਦਾ। ਰੱਜ ਕੇ ਢਿੱਡਾਂ ਉੱਤੇ ਹੱਥ ਫੇਰ ਕੇ, ਬਾਬੇ ਗੈਬੇ ਦੇ ਗੁਣ ਗਾਉਂਦੇ ਫਿਰਦੇ, ਬੱਲੇ ਉਏ ਬਾਬਾ ਗੈਬਿਆ... ਬੱਲੇ ਉਏ...। ਉਸ ਦੀਆਂ ਪਹਿਲਾਂ ਦਿੱਤੀਆਂ ਝਿੜਕਾਂ ਸਭ ਭੁੱਲ ਜਾਂਦੇ। ਹੁਣ ਜਦੋਂ ਬਾਬੇ ਗੈਬੇ ਦੇ ਉਹ ਖ਼ਰਬੂਜ਼ੇ ਯਾਦ ਆਉਂਦੇ ਨੇ ਤਾਂ ਮੂੰਹ ’ਚ ਖੰਡ-ਮਿਸ਼ਰੀ ਘੁਲ ਜਾਂਦੀ ਹੈ।
ਸੰਪਰਕ: 98729-23511

Advertisement

Advertisement