ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੱਭ ਗਈ ਜੁੱਤੀ ਬਾਬੇ ਦੀ

07:54 AM Dec 01, 2024 IST

ਹਰੀ ਕ੍ਰਿਸ਼ਨ ਮਾਇਰ

Advertisement

ਮੈਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਇੱਕ ਪਿੰਡ ਵਿੱਚ ਪੜ੍ਹਾਉਂਦਾ ਸੀ। ਮੇਰੇ ਸਾਥੀ ਅਧਿਆਪਕ ਨਾਜ਼ਰ ਅਤੇ ਭੁਪਿੰਦਰ ਪਹਾੜੀ ਦੇ ਪੈਰਾਂ ਵਿੱਚ ਇੱਕ ਖੁੱਲ੍ਹੇ ਡੁੱਲ੍ਹੇ ਕਮਰੇ ਵਿੱਚ ਕਿਰਾਏ ’ਤੇ ਰਹਿੰਦੇ ਸਨ। ਛੁੱਟੀ ਤੋਂ ਬਾਅਦ ਅਸੀਂ ਤਿੰਨੇ ਇਸ ਕਮਰੇ ਵਿੱਚ ਆ ਕੇ ਬੈਠਦੇ ਸਾਂ। ਕਦੇ ਕਦੇ ਉੱਥੇ ਮਾਸਟਰ ਪ੍ਰੇਮ ਚੰਦ ਵੀ ਆ ਜਾਂਦਾ ਸੀ। ਉਸ ਦੀ ਮਜਬੂਰੀ ਇਹ ਸੀ ਕਿ ਉਸ ਨੂੰ ਰੋਟੀ ਪਕਾਉਣੀ ਨਹੀਂ ਆਉਂਦੀ ਸੀ। ਨਾਜ਼ਰ ਫੁਲਕੇ ਪਕਾਉਣ ’ਚ ਮਾਹਰ ਸੀ।ਭੁਪਿੰਦਰ ਜ਼ਾਇਕੇਦਾਰ ਦਾਲ, ਸਬਜ਼ੀ ਬਣਾਉਂਦਾ ਸੀ। ਅਸੀਂ ਦੁਪਹਿਰੇ ਇੱਥੇ ਹੀ ਖਾਣਾ ਖਾਂਦੇ ਸਾਂ। ਮੇਰਾ ਕਮਰਾ ਪਹਾੜੀ ਦੇ ਉੱਪਰ ਸੀ। ਹੇਠਾਂ ਤੋਂ ਦੇਖਦੇ ਤਾਂ ਮੇਰਾ ਕਮਰਾ ਪਹਾੜੀ ’ਤੇ ਖੜ੍ਹੇ ਰਿਕਸ਼ੇ ਵਾਂਗ ਦਿਸਦਾ। ਕਮਰੇ ਤੱਕ ਪਹੁੰਚਣ ਲਈ ਮੈਨੂੰ ਮਲ੍ਹੇ ਝਾੜੀਆਂ ਨਾਲ ਘਿਰੀ ਪਗਡੰਡੀ ’ਤੇ ਤੁਰ ਕੇ ਜਾਣ ਨੂੰ ਪੰਦਰ੍ਹਾਂ ਮਿੰਟ ਲੱਗ ਜਾਂਦੇ ਸਨ। ਪੱਥਰ ਤਪਦੇ। ਉੱਪਰੋਂ ਧੁੱਪ ਸਾੜਦੀ ਸੀ। ਪਹਾੜੀ ਚੂਨੇ ਵਾਲੀ ਹੋਣ ਕਰਕੇ ਇੱਥੇ ਸੱਪ ਬਹੁਤ ਨਿਕਲਦੇ ਸਨ। ਲੋਕ ਕਹਿੰਦੇ ਕਿ ਇਹ ਜ਼ਹਿਰੀਲੇ ਵੱਧ ਸਨ। ਮੈਂ ਕਈ ਵਾਰ ਸੱਪ ਰਸਤੇ ਵਿੱਚ ਕੁੰਡਲੀ ਮਾਰ ਕੇ ਬੈਠੇ ਦੇਖੇ ਸਨ। ਮੇਰਾ ਕਮਰਾ ਪੱਕਾ ਸੀ ਅਤੇ ਕਮਰੇ ਵਿੱਚ ਬਿਜਲੀ ਦੀ ਫਿਟਿੰਗ ਵੀ ਸੀ। ਪਿੰਡ ਦੇ ਤਕਰੀਬਨ ਬਹੁਤੇ ਲੋਕ ਛੰਨਾਂ ਵਿੱਚ ਹੀ ਰਹਿੰਦੇ ਸਨ। ਮੈਂ ਆਪਣੇ ਕਮਰੇ ਵਿੱਚ ਸੰਝ ਵੇਲੇ ਹੀ ਜਾਂਦਾ ਸਾਂ। ਕਦੇ ਗੱਲੀਂ ਰੁੱਝਿਆਂ ਨੂੰ ਕੁਵੇਲਾ ਹੋ ਜਾਂਦਾ ਤਾਂ ਤੇਲੂ ਦੁਕਾਨਦਾਰ ਕਹਿੰਦਾ, ‘‘ਮਾਸਟਰ ਜੀ, ਕੁਜੁੰਨ ਹੋ ਗਿਆ, ਇੱਥੇ ਹੀ ਰਹਿ ਜੋ।” ਮੈਂ ਦਲੇਰੀ ਦਿਖਾਉਂਦਾ ਕਹਿੰਦਾ, ‘‘ਕੁਝ ਨਹੀਂ ਹੁੰਦਾ। ਸੁਬ੍ਹਾ ਉੱਠ ਕੇ ਜਾਣਾ ਪਵੇਗਾ, ਤਿਆਰ ਹੋਣ ਲਈ।”
“ਜਾਣਾ ਹੀ ਹੈ ਤਾਂ ਆਹ ਫੜੋ ਟੰਬਾ (ਸੋਟੀ) ਨਾਲ ਲੈ ਜਾਓ। ਬੈਟਰੀ ਦੀ ਲਾਈਟ ਪੈਰਾਂ ’ਤੇ ਰੱਖਿਉ, ਟੰਬੇ ਦਾ ਖੜਕਾ ਕਰੀ ਜਾਇਓ।” ਉਹ ਮੈਨੂੰ ਸਮਝਾਉਂਦਾ।
“ਐਦਾਂ ਕਿਉਂ?” ਮੈਂ ਉਸ ਨੂੰ ਪੁੱਛਦਾ।
“ਖੜਕਾ ਸੁਣ ਐਸੀਆਂ ਵੈਸੀਆਂ ਬੁਰੀਆਂ ਚੀਜ਼ਾਂ ਭੱਜ ਜਾਂਦੀਆਂ ਨੇ।” ਤੇਲੂ ਮੈਨੂੰ ਦੱਸਦਾ।
ਇੱਕ ਦਿਨ ਛੁੱਟੀ ਮਗਰੋਂ ਅਸੀਂ ਕਮਰੇ ਵਿੱਚ ਆ ਗਏ। ਚਾਹ ਪੀਂਦਿਆਂ ਸਕੂਲ ਦੀਆਂ ਗੱਲਾਂ ਕਰਨ ਲੱਗੇ। ਗੱਲਾਂ ਵਿੱਚੋਂ ਉੱਖੜ ਕੇ ਨਾਜ਼ਰ ਦੀ ਸੁਰਤ ਪਤੀਲੇ ਵਿੱਚ ਬਚੀ ਚਾਹ ਨਾਲ ਜਾ ਜੁੜੀ। ਕਮਰੇ ਮੂਹਰਿਓਂ ਬੱਕਰੀਆਂ ਦਾ ਇੱਜੜ ਲੈ ਕੇ ਇੱਕ ਬਜ਼ੁਰਗ ਆਦਮੀ ਲੰਘਿਆ। ਨਾਜ਼ਰ ਨੇ ਉਸ ਬਜ਼ੁਰਗ ਨੂੰ ਆਵਾਜ਼ ਮਾਰੀ। ਬਜ਼ੁਰਗ ਆਵਾਜ਼ ਸੁਣ ਕੇ ਥਾਏਂ ਰੁਕ ਗਿਆ। ਨਾਜ਼ਰ ਬੋਲਿਆ, ‘‘ਆਜਾ ਬਾਬਾ, ਚਾਹ ਛਕ ਲੈ ਭੋਰਾ, ਠੰਢ ’ਚ ਘੁੰਮਦਾ ਹੈਂ।” ਬਜ਼ੁਰਗ ਦੇ ਚਿਹਰੇ ’ਤੇ ਮੁਸਕਣੀ ਉੱਭਰੀ, ਨੇੜੇ ਆਉਂਦਾ ਬੋਲਿਆ, ‘‘ਪਿਆਰ ਨਾਲ ਪਿਆਓਗੇ, ਕਿਉਂ ਨਹੀਂ ਪੀਵਾਂਗਾ?” ਪਤੀਲੇ ਵਿੱਚੋਂ ਪੋਣੀ ਨਾਲ ਪੁਣ ਕੇ ਸਟੀਲ ਦੇ ਗਲਾਸ ਵਿੱਚ ਚਾਹ ਨਾਜ਼ਰ ਨੇ ਬਜ਼ੁਰਗ ਮੂਹਰੇ ਰੱਖ ਦਿੱਤੀ।
ਗਲਾਸ ਨੂੰ ਹੱਥ ਵਿੱਚ ਫੜਦਾ ਬਜ਼ੁਰਗ ਬੋਲਿਆ, ‘‘ਜੀਅ ਉਏ ਅਫਸਰਾ, ਉੱਚੇ ਘਰਾਣੇ ਦਾ ਲੱਗਦੈਂ, ਦਾਨਿਸ਼ਮੰਦਾਂ ਦਾ ਪੁੱਤਰ ਏਂ।” ਨਾਜ਼ਰ ਤਾਂ ਜੀਕੂੰ ਖਿੜ ਗਿਆ। ਖਿੜੇ ਵੀ ਕਿਉਂ ਨਾ, ਉਸ ਦੇ ਮਜ਼ਦੂਰੀ ਕਰਦੇ ਪਿਓ ਨੂੰ ਕਿਸੇ ਨੇ ਦਾਨਿਸ਼ਮੰਦ ਜੋ ਕਹਿ ਦਿੱਤਾ ਸੀ। ਅਸੀਂ ਮਜ਼ਾਕ ਮਜ਼ਾਕ ਵਿੱਚ ਬਜ਼ੁਰਗ ਨੂੰ ਨਾਜ਼ਰ ਦੇ ਰਿਸ਼ਤੇ ਬਾਰੇ ਪੁੱਛਣ ਲੱਗੇ। ਬਜ਼ੁਰਗ ਕਹਿੰਦਾ, ‘‘ਪਹਾੜੋਂ ਰਿਸ਼ਤਾ ਆਊ, ਨੱਥ ਗੋਖੜੂ ਵਾਲੀ, ਸੇਵਾ ਕਰਨ ਵਾਲੀ ਕੁੜੀ ਹੋਊ।”
ਹੋ ਸਕਦਾ ਬਜ਼ੁਰਗ ਮਾੜੀ ਮੋਟੀ ਨਜ਼ੂਮੀਅਤ ਵੀ ਜਾਣਦਾ ਹੋਵੇ। ਨਾਜ਼ਰ ਨੇ ਬਜ਼ੁਰਗ ਨੂੰ ਚਾਹ ਪੀਣ ਦਾ ਇਸ਼ਾਰਾ ਕੀਤਾ। ਚਾਹ ਦੀ ਘੁੱਟ ਭਰਦਾ, ਉਹ ਮੂੰਹ ਵਿੱਚ ਕੁਝ ਬੋਲੀ ਜਾਂਦਾ ਸੀ। ਉਧਰ ਬੱਕਰੀਆਂ ਝਾੜੀਆਂ ਨੂੰ ਮੂੰਹ ਮਾਰਦੀਆਂ ਦੂਰ ਨਿਕਲ ਗਈਆਂ ਸਨ। ਜੂਠਾ ਗਿਲਾਸ ਬਾਲਟੀ ਵਿੱਚ ਪਏ ਪਾਣੀ ਨਾਲ ਧੋਣ ਲੱਗਾ ਤਾਂ ਨਾਜ਼ਰ ਨੇ ਉਸ ਨੂੰ ਅਜਿਹਾ ਕਰਨੋਂ ਵਰਜ ਦਿੱਤਾ। ਬਜ਼ੁਰਗ ਉੱਠ ਕੇ ਅਜੇ ਦਹਿਲੀਜ਼ੋਂ ਬਾਹਰ ਨਿਕਲਿਆ ਹੀ ਸੀ ਕਿ ਉਹ ਉੱਚੀ ਆਵਾਜ਼ ਵਿੱਚ ਬੋਲਿਆ, ‘‘ਐਥੇ ਮੇਰੇ ਮੋਜ਼ੇ ਪਏ ਸੀ। ਪਤਾ ਨਹੀਂ ਕਿੱਥੇ ਚਲੇ ਗਏ?” ਆਪਣੀ ਜੁੱਤੀ ਭਾਲ ਰਿਹਾ ਬਜ਼ੁਰਗ ਸਾਡੇ ਵੱਲ ਝਾਕ ਰਿਹਾ ਸੀ।
“ਤੇਰੇ ਪੈਰਾਂ ਵਿੱਚ ਤਾਂ ਜੁੱਤੀ ਹੈਨ੍ਹੀਂ ਸੀ।” ਨਾਜ਼ਰ ਨੇ ਕਿਹਾ।
“ਮੈਂ ਦਰਾਂ ਮੂਹਰੇ ਖੋਲ੍ਹ ਕੇ ਅੰਦਰ ਵੜਿਆਂ।” ਗਲ਼ਾ ਸਾਫ਼ ਕਰਦਾ ਬਜ਼ੁਰਗ ਬੋਲਿਆ।
ਬਜ਼ੁਰਗ ਨੂੰ ਚਾਹ ਲਈ ਸੱਦਣ ਦਾ ਸਾਨੂੰ ਪਛਤਾਵਾ ਮਹਿਸੂਸ ਹੋਣ ਲੱਗਾ।ਚਾਹ ਤਾਂ ਚੱਲੋ ਸਾਡੇ ਕੋਲ ਵਾਧੂ ਸੀ, ਪਰ ਉਸ ਨੂੰ ਜੁੱਤੀ ਕੌਣ ਦਿੰਦਾ?
“ਹੁਣ ਤੇਰੀ ਨਵੀਂ ਗੁਰਗਾਬੀ ਪਾ ਕੇ ਜਾਊ, ਇਹ ਬੱਕਰੀਆਂ ਵਾਲਾ।” ਭੁਪਿੰਦਰ ਨੇ ਨਾਜ਼ਰ ਨੂੰ ਟਿੱਚਰ ਕੀਤੀ।
‘ਮੈਂ ਤਾਂ ਅਜੇ ਪਰਸੋਂ ਨੰਗਲ ਤੋਂ ਲੈ ਕੇ ਆਇਆਂ।’ ਨਾਜ਼ਰ ਦੇ ਮਨ ਵਿੱਚ ਖ਼ਿਆਲਾਂ ਦੀ ਘੁੰਮਣਘੇਰੀ ਬਣੀ ਰਹੀ।
‘ਇਹ ਬਾਬਾ ਨੌਟੰਕੀ ਹੈ, ਗੱਲੀਬਾਤੀਂ ਨਵੀਂ ਜੁੱਤੀ ਭਾਲਦਾ।’ ਨਾਜ਼ਰ ਨੇ ਸੋਚਿਆ।
ਭੁਪਿੰਦਰ ਨੇ ਨਾਜ਼ਰ ਨੂੰ ਕਮਰੇ ’ਚੋਂ ਉੱਠ ਕੇ ਬਾਹਰ ਜਾਣ ਲਈ ਕਿਹਾ। ਅਸੀਂ ਕਮਰੇ ਨੂੰ ਜਿੰਦਰਾ ਲਗਾ ਕੇ ਚਾਹ ਵਾਲੇ ਬਲਦੇਵ ਦੀ ਦੁਕਾਨ ’ਤੇ ਜਾ ਬੈਠੇ।
“ਅੱਜਕੱਲ੍ਹ ਲੋਕਾਂ ਨੂੰ ਉਂਗਲੀ ਫੜਾਓ ਤਾਂ ਬਾਂਹ ਫੜਨ ਤੱਕ ਜਾਂਦੇ ਹਨ।” ਪ੍ਰੇਮ ਚੰਦ ਬੋਲਿਆ।
“ਭਲਾ ਕਰਨ ਦਾ ਜ਼ਮਾਨਾ ਈ ਨਹੀਂ ਅੱਜਕੱਲ੍ਹ।” ਨਾਜ਼ਰ ਬੋਲਿਆ।
“ਵੱਡਾ ਨਜੂਮੀ ਬਣਿਆ ਫਿਰਦੈ, ਨੱਥ ਗੋਖੜੂ ਆਲੀ ਆਊ ਨਾਜ਼ਰ ਘਰੇ।” ਭੁਪਿੰਦਰ ਗੁੱਸੇ ਵਿੱਚ ਬੋਲਿਆ। ਬਜ਼ੁਰਗ ਦੂਰ ਝਾੜੀਆਂ ਵਿੱਚ ਸੋਟੀ ਨਾਲ ਫਰੋਲ ਕੇ ਆਪਣੇ ਮੋਜ਼ੇ ਭਾਲ ਰਿਹਾ ਸੀ। ਨਾਜ਼ਰ ਬਜ਼ੁਰਗ ਨੂੰ ਦੇਣ ਲਈ ਕਮਰੋਂ ਵਿੱਚੋਂ ਆਪਣੀ ਨਵੀਂ ਗੁਰਗਾਬੀ ਵੀ ਚੁੱਕ ਲਿਆਇਆ ਸੀ। ਜੁੱਤੀ ਟੋਲਦਾ ਬਜ਼ੁਰਗ ਮੂੰਹ ਵਿੱਚ ਕੁਝ ਬੋਲੀ ਜਾ ਰਿਹਾ ਸੀ। ਨਾਜ਼ਰ ਉੱਠ ਕੇ ਖੜ੍ਹ ਗਿਆ ਅਤੇ ਬਜ਼ੁਰਗ ਵੱਲ ਦੇਖਣ ਲੱਗਾ।
“ਜੁੱਤੀ ਦੇਣ ਜਾਣਾ ਉਸ ਨੂੰ?” ਭੁਪਿੰਦਰ ਨੇ ਪੁੱਛਿਆ।
“ਮੈਂ ਸੋਚਦਾਂ ਐਵੇਂ ਹਾਉਕਾ ਲੈਜੂਗਾ ਗ਼ਰੀਬ!” ਨਾਜ਼ਰ ਬੋਲਿਆ।
“ਐਂ ਕਰੀਂ ਆਪਣੇ ਵਿਆਹ ’ਤੇ ਵੀ ਸੱਦ ਲਈਂ ਇਸ ਆਜੜੀ ਨੂੰ।” ਭੁਪਿੰਦਰ ਗੁੱਸੇ ਵਿੱਚ ਬੋਲਿਆ।
ਐਨੇ ਨੂੰ ਬਜ਼ੁਰਗ ਦੀ ਉੱਚੀ ਆਵਾਜ਼ ਸੁਣਾਈ ਦਿੱਤੀ, ‘‘ਆਹ ਲੱਭ ਗਈ ਜੁੱਤੀ ਅਫ਼ਸਰੋ, ਕਤੂਰਾ ਚੁੱਕ ਲਿਆਇਆ ਸੀ।” ਬਜ਼ੁਰਗ ਹੱਥ ਵਿੱਚ ਫੜੀ ਜੁੱਤੀ ਸਾਨੂੰ ਦਿਖਾ ਰਿਹਾ ਸੀ। ਅਸੀਂ ਉਸ ਬਜ਼ੁਰਗ ਬਾਰੇ ਐਵੇਂ ਗ਼ਲਤ ਮਲਤ ਬੋਲੀ ਦਾ ਰਹੇ ਸਾਂ। ਜੇ ਜੁੱਤੀ ਗੁੰਮੀ, ਤਾਹੀਓਂ ਉਸ ਨੂੰ ਲੱਭੀ ਸੀ।ਬਜ਼ੁਰਗ ਸੱਚ ਬੋਲਦਾ ਸੀ। ਅਸੀਂ ਬਜ਼ੁਰਗ ਅਤੇ ਨਾਜ਼ਰ ਦੇ ਚਿਹਰੇ ’ਤੇ ਨਿਆਮਤ ਵਰਗੀ ਖ਼ੁਸ਼ੀ ਦੇਖ ਰਹੇ ਸਾਂ।
ਈ-ਮੇਲ: mayer_hk@yahoo.com

Advertisement
Advertisement