ਬਾਬਾਣੀਆ ਕਹਾਣੀਆ
ਅੰਤਰਜੀਤ ਭੱਠਲ
ਮੇਘ ਰਾਜ ਦੇ ਹਾਦਸੇ ਦੀ ਖ਼ਬਰ ਸੁਣ ਕੇ ਮੱਘਰ ਸਿੰਘ ਦੇ ਹੱਥਾਂ ਦੇ ਤੋਤੇ ਉੱਡ ਗਏ ਸਨ। ਮੱਘਰ ਦੇ ਪਿੰਡ ਦਾ ਬੰਦਾ ਮੇਘ ਰਾਜ ਦੀ ਆੜ੍ਹਤ ਤੇ ਫ਼ਸਲ ਸੁੱਟਣ ਮੰਡੀ ਵਿੱਚ ਗਿਆ ਸੀ। ਉੱਥੇ ਬੈਠੇ ਲੋਕ ਗੱਲਾਂ ਕਰ ਰਹੇ ਸਨ।
‘‘ਮੁਸ਼ਕਿਲ ਲੱਗਦੀ ਆ ਸੇਠ ਦੀ ਬਚਣ ਦੀ ਕੋਈ ਉਮੀਦ ਨਜ਼ਰ ਹੀ ਨੀ ਆਉਂਦੀ। ਸੱਟਾ ਹੀ ਬਾਹਲੀਆਂ ਨੇ ਦੱਸਦੇ ਨੇ। ਕਿਸੇ ਭਲੇ ਬੰਦੇ ਨੇ ਚੱਕ ਕੇ ਹਸਪਤਾਲ ਪਹੁੰਚਾਇਆ। ਸੇਠ ਦੇ ਮੁੰਡੇ ਨੂੰ ਪਿੱਛੋਂ ਪਤਾ ਲੱਗਿਆ।’’
‘‘ਸ਼ੁਕਰ ਐ! ਰੱਬ ਆਪੇ ਬਹੁੜਦਾ ਭਾਈ।’’
ਉਨ੍ਹਾਂ ਦੇ ਪਿੰਡ ਦਾ ਨਾਜਰ ਸਿੰਘ ਬੋਲਿਆ, ‘‘ਬੰਦੇ ਸਹੁਰੇ ਦਾ ਕੀ ਐ? ਘੜੀ ਪਲ ਦਾ ਵਸਾਹ ਨ੍ਹੀਂ...। ਉਹ ਗੀਤ ਨ੍ਹੀਂ ਸੁਣਿਆ ਪਾਣੀ ਦਿਆ ਬੁਲਬੁਲਿਆਂ ਕੀ ਮੁਨਿਆਦਾਂ ਤੇਰੀਆਂ। ਉਂਜ ਮੇਘ ਰਾਜ ਦੀ ਹਾਲਤ ਚੰਗੀ ਨ੍ਹੀਂ। ਬੁੱਢੇ ਵੇਲੇ ਕੀ ਲੋੜ ਸੀ! ਤੂੰ ਘਰ ਬੈਠ ਆਰਾਮ ਕਰ, ਪਰ ਸਾਰਾ ਭਾਰ ਆੜ੍ਹਤ ਦਾ ਆਪ ਹੀ ਚੱਕੀ ਫਿਰਦਾ ਸੀ। ਛੋਰ ਨੂੰ ਤਾਂ ਅਜੇ ਕਬੀਲਦਾਰੀ ਦਾ ਊੜਾ ਐੜਾ ਵੀ ਨ੍ਹੀਂ ਪਤਾ।’’
ਇਹ ਕਹਿ ਕੇ ਲਾਣੇਦਾਰ ਤਾਂ ਚਲਿਆ ਗਿਆ, ਪਰ ਇਹ ਖ਼ਬਰ ਸੁਣ ਕੇ ਮੱਘਰ ਸਿੰਘ ਨੂੰ ਤਾਪ ਚੜ੍ਹ ਗਿਆ। ਸਰੀਰ ਸੁੰਨ ਹੋ ਗਿਆ। ਕਦੇ ਉਸ ਨੂੰ ਆਪਣਾ ਸਰੀਰ ਠੰਢਾ ਹੁੰਦਾ ਜਾਪਦਾ। ਕਦੇ ਅੰਦਰ ਭਾਂਬੜ ਮੱਚਣ ਲੱਗ ਜਾਂਦਾ। ਘੜੀ ਮੁੜੀ ਪਾਗਲਾਂ ਵਾਂਗ ਕਦੇ ਦਾੜ੍ਹੀ ਖੁਰਕਣ ਲੱਗ ਜਾਂਦਾ ਤੇ ਕਦੇ ਸਿਰ ਖੁਰਕਣ ਲੱਗ ਜਾਂਦਾ। ਆਲੇ ਦੁਆਲੇ ਨੂੰ ਇੰਝ ਦੇਖ ਰਿਹਾ ਸੀ ਜਿਵੇਂ ਕਿਸੇ ਓਪਰੀ ਸ਼ੈਅ ਦਾ ਅਸਰ ਹੋ ਗਿਆ ਹੋਵੇ। ਸੱਥ ’ਚੋਂ ਉੱਠ ਕੇ ਘਰ ਤੱਕ ਮਸਾਂ ਪਹੁੰਚਿਆ। ਮੰਜੇ ’ਤੇ ਆ ਕੇ ਐਵੇਂ ਡਿੱਗ ਪਿਆ ਜਿਵੇਂ ਕਿਸੇ ਨਾਮੁਰਾਦ ਬਿਮਾਰੀ ਨੇ ਲਪੇਟ ਵਿੱਚ ਲੈ ਲਿਆ ਹੋਵੇ। ਘਰਦੇ ਆ ਕੇ ਪੁੱਛਣ ਲੱਗੇ। ਉਹ ਪੁੱਛਦੇ ਕੁਝ ਤੇ ਮੱਘਰ ਸਿੰਘ ਜਵਾਬ ਕੁਝ ਹੋਰ ਦਿਆ ਕਰੇ। ਮੱਘਰ ਸਿੰਘ ਅਜਿਹੀ ਹਾਲਤ ਦੇਖ ਕੇ ਘਰਦਿਆਂ ਨੇ ਮੁੰਡੇ ਨੂੰ ਖੇਤ ਫੋਨ ਕਰਕੇ ਬੁਲਾ ਲਿਆ। ਘਰ ਪਹੁੰਚ ਕੇ ਮੁੰਡੇ ਨੇ ਪਾਣੀ ਦਿੰਦਿਆਂ ਕਿਹਾ, ‘‘ਬਾਪੂ, ਹੋਇਆ ਕੀ ਦੱਸ ਤਾਂ ਸਹੀ। ਹੌਸਲਾ ਰੱਖ ਘਬਰਾਉਂਦਾ ਕਿਉਂ ਏਂ?’’ ਮੱਘਰ ਸਿੰਘ ਨੇ ਆਲ਼ੇ ਦੁਆਲ਼ੇ ਪਾਗਲਾਂ ਵਾਂਗ ਨਿਗ੍ਹਾ ਮਾਰ ਕੇ ਡੈਂਬਰਿਆ ਜਿਹਾ ਆਪਣੇ ਮੁੰਡੇ ਤੇ ਪਰਿਵਾਰ ਦੇ ਜੀਆਂ ਵੱਲ ਦੇਖ ਕੇ ਚੀਕ ਉੱਠਿਆ। ‘‘ਓ ਸਹੁਰੀ ਫੁੱਟਗੀ ਕਿਸਮਤ ਆਪਣੀ, ਮਾਰੇ ਗਏ ਹੁਣ ਤਾਂ, ਪੱਟੇ ਗਏ। ਪੱਲੇ ਕੱਖ ਨ੍ਹੀਂ ਰਿਹਾ ਆਪਣੇ ਤਾਂ। ਕਦੇ ਸੋਚਿਆ ਹੀ ਨ੍ਹੀਂ ਬਈ ਭਲਾ ਬੰਦੇ ਦਾ ਕੀ ਵਸਾਹ, ਮਿੰਟ ਦਾ ਪ੍ਰਾਹੁਣਾ, ਸਾਹ ਦਾ ਕੀ ਆ ਆਇਆ ਜਾਂ ਨਾ ਆਇਆ।’’
‘‘ਬਾਪੂ, ਕੁਝ ਦੱਸੇਂਗਾ ਵੀ ਕਿ ਕਮਲਿਆਂ ਵਾਂਗ ਬੋਲੀ ਜਾਵੇਂਗਾ।’’ ਮੁੰਡਾ ਗੁੱਸੇ ਵਿੱਚ ਬੋਲਿਆ। ‘‘ਪੁੱਤ, ਤੈਨੂੰ ਪਤਾ ਆਪਣੀ ਆੜ੍ਹਤ ਮੇਘ ਰਾਜ ਕੋਲ ਚਲਦੀ ਹੈ। ਆਪਣੀ ਆੜ੍ਹਤ ਹੀ ਨਹੀਂ, ਕਈ ਸਾਲਾਂ ਦੇ ਪੈਸੇ ਉਸ ਕੋਲ ਹੀ ਪਏ ਨੇ। ਸਹੁਰੀ ਦਾ ਬੰਦੇ ਨੂੰ ਲਾਲਚ ਮਰਵਾ ਜਾਂਦਾ। ਮੈਨੂੰ ਤਾਂ ਸੀ ਮੈਂ ਪੈਸੇ ਘਰ ਵਿੱਚ ਕੀ ਕਰਨੇ ਨੇ, ਤੇਰੇ ਤੇ ਵੀਰੋ ਤੇਰੀ ਭੈਣ ਦੇ ਵਿਆਹ ’ਤੇ ਖਰਚ ਕਰਨ ਵੇਲੇ ਲੈ ਲਵਾਂਗੇ। ਡਰਦਾ ਸੀ ਕਿ ਪੈਸੇ ਘਰ ਕਬੀਲਦਾਰੀ ਵਿੱਚ ਨਾ ਚੱਲ ਜਾਣ। ਉੱਥੇ ਵਿਆਜ ਵੀ ਨਾਲ ਜੁੜਦਾ ਰਹੂ। ਹਰ ਸਾਲ ਹਿਸਾਬ ਤਾਂ ਮੈਂ ਕਰਦਾ ਰਿਹਾ, ਪਰ ਸੇਠ ਤੋਂ ਪੈਸਾ ਕੋਈ ਨ੍ਹੀਂ ਲਿਆ। ਹੁਣ ਲੋਕਾਂ ਕੋਲੋਂ ਸੁਣਿਆ ਵੀ ਉਹ ਬਚਦਾ ਨ੍ਹੀਂ ਹਸਪਤਾਲ ਵਿੱਚ ਗੁੰਮ ਪਿਐ।’’ ਇਹ ਗੱਲ ਸੁਣ ਕੇ ਸਾਰੇ ਪਰਿਵਾਰ ਵਿੱਚ ਸ਼ੋਕ ਫੈਲ ਗਿਆ। ਇੰਝ ਲੱਗਦਾ ਸੀ ਹਸਪਤਾਲ ਵਿੱਚ ਮੇਘ ਰਾਜ ਨਹੀਂ, ਮੱਘਰ ਸਿੰਘ ਦੇ ਪਰਿਵਾਰ ਦਾ ਕੋਈ ਮਰਨ ਕਿਨਾਰੇ ਪਿਆ। ‘‘ਪੁੱਤ, ਜਦ ਮਾੜੇ ਦਿਨ ਆਉਂਦੇ ਨੇ ਪੁੱਛ ਕੇ ਥੋੜ੍ਹਾ ਆਉਂਦੇ ਨੇ...।’’
‘‘ਘਾਟੇ ਵਾਧੇ ਜ਼ਿੰਦਗੀ ਦਾ ਅੰਗ ਨੇ ਬਾਪੂ, ਤੂੰ ਢੇਰੀ ਨਾ ਢਾਹ। ਨਾਲ ਆਏਂ ਘਾਬਰਿਆਂ ਹੁਣ ਪੈਸੇ ਮੁੜ ਆਉਣਗੇ? ਹਿੰਮਤ ਰੱਖ। ਕੋਈ ਨ੍ਹੀਂ ਆਪਣੇ ਹੱਕ ਦੇ ਹੋਏ ਤਾਂ ਜ਼ਰੂਰ ਮਿਲ ਜਾਣਗੇ, ਨਹੀਂ ਰੱਬ ਜਾਣੇ। ਬੰਦਾ ਤੰਦਰੁਸਤ ਚਾਹੀਦਾ, ਪੈਸੇ ਦਾ ਕੀ ਹੈ ਹੋਰ ਕਮਾ ਲਵਾਂਗੇ। ਤੂੰ ਸਹੀ ਸਲਾਮਤ ਰਹਿ। ਪੈਸਾ ਤਾਂ ਬੰਦੇ ਦੇ ਹੱਥਾਂ ਦੀ ਮੈਲ ਐ।’’ ਮੁੰਡਾ ਆਪਣੀ ਜਾਣੇ ਪਿਉ ਦਾ ਧੀਰਜ ਬੰਨ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅੰਦਰੋਂ ਤਾਂ ਉਹ ਵੀ ਸਹਿਮਿਆ ਪਿਆ ਸੀ।
ਮੇਘ ਰਾਜ ਦੇ ਪਰਿਵਾਰ ਨਾਲ ਮੱਘਰ ਸਿੰਘ ਦੇ ਪਰਿਵਾਰ ਦੀ ਪੀੜ੍ਹੀ ਦਰ ਪੀੜ੍ਹੀ ਸਾਂਝ ਚੱਲਦੀ ਰਹੀ ਸੀ। ਮੱਘਰ ਦੇ ਬਾਬੇ ਪੜਦਾਦਿਆਂ ਤੋਂ ਲੈ ਕੇ ਹੁਣ ਤੀਕ ਮੇਘ ਰਾਜ ਕੀ ਹੀ ਆੜ੍ਹਤ ਸੀ। ਜਦੋਂ ਪੈਸੇ ਚਾਹੀਦੇ ਹੁੰਦੇ, ਲੈ ਜਾਂਦੇ। ਫ਼ਸਲ ਸੁੱਟ ਕੇ, ਹਿਸਾਬ ਕਿਤਾਬ ਕਰਦੇ ਤੇ ਸਿਲਸਿਲਾ ਚੱਲਦਾ ਰਹਿੰਦਾ। ਬੜੀ ਡੂੰਘੀ ਸਾਂਝ ਸੀ ਦੋਵਾਂ ਪਰਿਵਾਰਾਂ ਦੀ। ਮੱਘਰ ਦੇ ਕੁੜੀਆਂ ਮੁੰਡੇ ਕਾਲਜ ਪੜ੍ਹਨ ਆਏ ਜੋ ਚੀਜ਼ ਚਾਹੀਦੀ ਹੁੰਦੀ ਮੇਘ ਰਾਜ ਨੂੰ ਕਹਿ ਕੇ ਮੰਗ ਲਿਜਾਂਦੇ। ਮੱਘਰ ਹਿਸਾਬ ਤੇ ਨੀਅਤ ਦਾ ਸਾਫ਼ ਬੰਦਾ ਸੀ ਜੋ ਗੱਲ ਕਰ ਲਈ, ਕਰ ਲਈ। ਜੋ ਕਹਿਤਾ, ਕਹਿਤਾ। ਕਦੇ ਪਿੱਛੇ ਮੁੜ ਕੇ ਨਹੀਂ ਸੀ ਦੇਖਦਾ, ਪਰ ਇਹ ਸਭ ਕੁਝ ਹੁੰਦਾ ਲਿਖਤ ਪੜ੍ਹਤ ਨਾਲ ਹੀ ਸੀ। ਮੇਘ ਰਾਜ ਕਿਹਾ ਵੀ ਕਰਦਾ ਸੀ, ‘‘ਮੱਘਰ ਸਿੰਹਾਂ, ਊਂ ਤੂੰ ਜਾਨ ਮੰਗੇਂ ਤਾਂ ਜਾਨ ਹਾਜ਼ਰ ਐ ਭਾਈ, ਪਰ ਲੇਖਾ ਮਾਵਾਂ ਧੀਆਂ ਦਾ। ਇਹਦੇ ’ਚ ਫਿੱਕ ਨ੍ਹੀਂ ਪੈਣਾ ਚਾਹੀਦਾ। ਗੱਲ ਲੇਖੇ ਵਿੱਚ ਤਾਂ ਆਵੇ। ਹਿਸਾਬ-ਕਿਤਾਬ ਸਾਫ਼ ਹੋਵੇ ਤਾਂ ਸਬੰਧ ਵੀ ਬਣੇ ਰਹਿੰਦੇ ਐ। ਵਿਗਾੜ ਨ੍ਹੀਂ ਆਉਂਦਾ ਕਿਸੇ ਵੀ ਕਿਸਮ ਦਾ। ਪਰ ਕਿਸਮਤ ਅੱਗੇ ਕਿਸਦਾ ਜ਼ੋਰ ਚਲਦੈ। ਜਦੋਂ ਬੰਦਾ ਹੀ ਜੱਗ ’ਤੇ ਨਾ ਰਿਹਾ। ਪੈਸੇ ਮੰਗਾਂਗੇ ਕਿਸ ਕੋਲੋਂ ਤੇ ਪੈਸੇ ਦੇਣ ਵਾਲਾ ਕਿਹੜਾ ਹਰ ਕੋਈ ਕੂਲਾ ਹੁੰਦਾ। ਮੁੰਡੇ ਨੂੰ ਤਾਂ ਉਂਝ ਈ ਲੈਣ ਦੇਣ ਦਾ ਨ੍ਹੀਂ ਪਤਾ। ਦੂਜਾ ਮੁੰਡਾ ਉਂਝ ਬਾਹਰ ਰਹਿੰਦਾ, ਮੱਘਰ ਸਿਆਂ ਤੈਨੂੰ ਪੱਲਾ ਫੜਾਵੇਗਾ ਕੌਣ?
ਇਹੋ ਜਿਹੀਆਂ ਸੋਚਾਂ ਸੋਚ ਸੋਚ ਉਸ ਦਾ ਚਿੱਤ ਘਿਰਨ ਲੱਗ ਪਿਆ ਸੀ। ਉਹ ਬੈਠਾ ਬੈਠਾ ਮੰਜੇ ’ਤੇ ਪੈ ਗਿਆ। ਮੁੰਡੇ ਨੇ ਦਬਾਸੱਟ ਠੰਢੇ ਪਾਣੀ ਦਾ ਗਿਲਾਸ ਮੱਘਰ ਸਿੰਘ ਦੇ ਮੂੰਹ ਨੂੰ ਲਾਇਆ। ਦੋ ਕੁ ਘੁੱਟਾਂ ਪੀ ਕੇ ਉਹ ਫਿਰ ਲੇਟ ਗਿਆ ਸਿੱਧਾ ਸਪਾਟ।
‘‘ਹੌਸਲਾ ਕਰ ਬਾਪੂ, ਤੁਸੀਂ ਤਾਂ ਜਮਾਂ ਹੀ ਢੇਰੀ ਢਾਹ ਗਏ। ਜੇਕਰ ਮਨ ਨਹੀਂ ਖੜ੍ਹਦਾ ਚਲੋ ਹਸਪਤਾਲ ਚੱਲੀਏ। ਪਤਾ ਤਾਂ ਕਰੀਏ ਇਕੇਰਾਂ ਜਾ ਕੇ।’’ ਮੁੰਡੇ ਨੇ ਮੱਘਰ ਸਿੰਘ ਨੂੰ ਹੌਸਲਾ ਦੇਣਾ ਚਾਹਿਆ। ਮੁੰਡੇ ਨੇ ਸਿਆਣੀ ਗੱਲ ਕੀਤੀ ਸੀ। ਹੜ੍ਹ ਆਉਣ ਤੋਂ ਪਹਿਲਾਂ ਹੀ ਛੱਤ ’ਤੇ ਸਾਮਾਨ ਲੈ ਬੈਠਣ ਦਾ ਕੀ ਫਾਇਦਾ। ਹੋਣਾ ਤਾਂ ਉਹੀ ਹੈ ਜੋ ਰੱਬ ਨੂੰ ਮਨਜ਼ੂਰ ਹੋਇਆ। ਐਵੇਂ ਢੇਰੀ ਢਾਹ ਕੇ ਬਹੁੜੀ ਬਹੁੜੀ ਕਰਨ ਨਾਲ ਕਿਹੜਾ ਪੈਸੇ ਮਿਲ ਜਾਣਗੇ।
ਮੁੰਡੇ ਦੀਆਂ ਗੱਲਾਂ ਸੁਣ ਕੇ ਧਰਵਾਸ ਕਰ ਉੱਠ ਖੜ੍ਹਾ ਹੋਇਆ।
‘‘ਮੈਂ ਕਾਰ ਕੱਢਦਾਂ ਬਾਪੂ, ਤੂੰ ਬੈਠ ਆਪਾਂ ਹਸਪਤਾਲ ਚੱਲੀਏ।’’
ਮੇਘ ਰਾਜ ਵੈਂਟੀਲੇਟਰ ’ਤੇ ਪਿਆ ਸੀ। ਉਸ ਦੀ ਘਰਵਾਲੀ ਤੇ ਜਵਾਨ ਮੁੰਡੇ ਕਮਰੇ ਦੇ ਬਾਹਰ ਬੈਠੇ ਸਨ। ਉਸ ਦਾ ਸਿਰ ਪੱਟੀਆਂ ਨਾਲ ਢੱਕਿਆ ਪਿਆ ਸੀ। ਬਾਂਹ ’ਚ ਵੀ ਸੋਜ ਆਈ ਹੋਈ ਸੀ ਤੇ ਕੁਝ ਥਾਵਾਂ ’ਤੇ ਪੱਟੀਆਂ ਬੱਝੀਆਂ। ਲੱਤਾਂ ’ਤੇ ਥਾਂ ਥਾਂ ਪੱਟੀਆਂ ਹੋਈਆਂ ਸਨ। ਮੱਘਰ ਸਿੰਘ ਨੂੰ ਆਇਆ ਦੇਖ ਮੇਘਰਾਜ ਦੀ ਘਰਵਾਲੀ ਰੋਣ ਲੱਗ ਪਈ। ਪੁੱਤਰ ਵੀ ਅੱਖਾਂ ਜਿਹੀਆਂ ਮਲਣ ਲੱਗ ਪਏ। ਬੁਸ ਬੁਸ ਜਿਹੀ ਦੀ ਆਵਾਜ਼ ਵੀ ਸੁਣਾਈ ਦੇਣ ਲੱਗ ਪਈ ਸੀ। ਮੱਘਰ ਸਿੰਘ ਨੇ ਇੱਕ ਮੁੰਡੇ ਨੂੰ ਹਿੱਕ ਨਾਲ ਲਾ ਲਿਆ।
‘‘ਭਾਈ ਸ਼ਾਂਤੀ ਦੇਵੀ, ਇਹ ਕੀ ਭਾਣਾ ਵਾਪਰ ਗਿਆ? ਅਜੇ ਕੱਲ੍ਹ ਸ਼ਾਮ ਨੂੰ ਮੈਂ ਹਿਸਾਬ ਕਰਕੇ ਗਿਆ ਸੀ...।”
‘‘ਬੱਸ ਭਾਈਆ ਜੀ, ਕੀ ਦੱਸੀਏ? ਪਤਾ ਨਹੀਂ ਕਿਹੋ ਜਿਹਾ ਲੋਹਾ ਘਰ ਆਇਐ? ਕੀਹਦਾ ਮਾੜਾ ਪੈਸਾ ਰਲ ਗਿਆ ਵਿੱਚ। ਬੜਾ ਚਾਅ ਸੀ ਇੱਕ ਛੋਟੀ ਕਾਰ ਲੈਣ ਦਾ। ਕਹਿੰਦੇ ਸੀ ਹਰ ਥਾਂ ਡਰਾਈਵਰ ਨ੍ਹੀਂ ਨਾਲ ਜਾ ਸਕਦਾ। ਕਈ ਵਾਰ ਮੈਂ ਕਿਤੇ ਜਾਣਾ ਹੁੰਦਾ ਫਿਰ ਔਖਾ ਹੋ ਜਾਂਦਾ ਸੀ। ਬੱਚਿਆਂ ਦਾ ਤੁਹਾਨੂੰ ਪਤਾ ਹੀ ਬਾਹਰ ਰਹਿੰਦੇ ਨੇ, ਆਪਣੇ ਕੰਮਾਂ ਕਾਰਾਂ ’ਤੇ, ਪਰ ਚੀਜ਼ਾਂ ਵੀ ਤਾਂ ਕਿਸੇ ਕਿਸੇ ਨੂੰ ਰਾਸ ਆਉਂਦੀਆਂ ਨੇ।’’ ਸ਼ਾਂਤੀ ਦੇਵੀ ਹੁਬਕੀ ਹੁਬਕੀ ਰੋ ਰਹੀ ਸੀ।
‘‘ਹੋਇਆ ਬਹੁਤ ਮਾੜਾ ਭਾਈ। ਦੂਜੀ ਗੱਡੀ ਵਾਲਾ ਫੜਿਆ ਗਿਆ?’’ ‘‘ਕਿੱਥੇ ਵੀਰ ਜੀ, ਰਾਤ ਨੂੰ ਮੰਡੀ ’ਚੋਂ ਆਉਂਦਿਆਂ ਨੂੰ ਹਨੇਰਾ ਹੋ ਗਿਆ। ਬਸ ਸਾਨੂੰ ਘਰੇ ਖ਼ਬਰ ਹੀ ਮਿਲੀ ਹੈ। ਅਸੀਂ ਭੱਜੇ, ਹਸਪਤਾਲ ਪਹੁੰਚੇ। ਪਤਾ ਲੱਗਿਆ ਜ਼ਿਆਦਾ ਸੱਟਾਂ ਵੱਜੀਆਂ ਨੇ।’’
‘‘ਤੁਸੀਂ ਕਾਰ ਦੇਖ ਆਏ ਕੋਈ ਵਹੀ ਖ਼ਾਤਾ, ਕੋਈ ਪੈਸਾ ਧੇਲਾ ਤਾਂ ਨ੍ਹੀਂ ਸੀ ਨਾਲ ਉਸ ਵਕਤ।’’ ਮੱਘਰ ਸਿੰਘ ਨੇ ਪੈਸਿਆਂ ਦੀ ਗੱਲ ਕਰਨੀ ਚਾਹੀ।
‘‘ਇਹਦੀਆਂ ਇਹੀ ਜਾਣੇ। ਸਾਨੂੰ ਕਿਹੜਾ ਦੱਸਿਆ ਕਦੇ ਬਈ ਕੀਹਨੂੰ ਦੇਤਾ ਤੇ ਕੀਹਤੋਂ ਲੈ ਲਿਆ। ਬੰਦੇ ਭੇਤ ਦੇਣ ਲੱਗ ਜਾਣ ਤਾਂ... ਚਲੋ ਆਪਾਂ ਨੂੰ ਤਾਂ ਇਹਦੀ ਜ਼ਿੰਦਗੀ ਚਾਹੀਦੀ ਐ ਜੀ।’’
‘ਦੇਖੋ ਚਲਿੱਤਰ ਇਨ੍ਹਾਂ ਜ਼ਨਾਨੀਆਂ ਦੇ। ਪੈਰ ਪਾਣੀ ਨ੍ਹੀਂ ਪੈਣ ਦਿੰਦੀ। ਮੇਘ ਰਾਜ ਮਰੇ ਤੋਂ ਇਹ ਕੀ ਦਬਾਲ ਐ। ਇਹਦੀ ਜ਼ਿੰਦਗੀ ਚਾਹੀਦੀ ਐ ਤੇ ਸਾਡੀ ਜ਼ਿੰਦਗੀ ਰੱਬ ਨੂੰ ਚਾਹੀਦੀ ਐ!’ ਮੱਘਰ ਸਿੰਘ ਅੰਦਰੋਂ ਅੰਦਰ ਕਲਪ ਰਿਹਾ ਸੀ, ਪਰ ਉੱਪਰੋਂ ਉਹ ਕੁਝ ਜ਼ਾਹਿਰ ਨਹੀਂ ਸੀ ਹੋਣ ਦੇ ਰਿਹਾ।
‘‘ਸੁਰਤ ਤਾਂ ਲੱਗਦੀ ਨ੍ਹੀਂ ਅਜੇ ਭਾਈ ਇਹਨੂੰ?’’ “ਨਾ ਜੀ... ਕਦੀ ਕਦੀ ਬੁੜਬੁੜਾਉਂਦੇ ਜੇ ਐ... ਉਂ ਅਜੇ ਫੜ੍ਹੀ ਨ੍ਹੀਂ ਸੁਰਤ...।” ਸ਼ਾਂਤੀ ਦੇਵੀ ਨੇ ਜੀਅ ਭਿਆਣੀ ਜਿਹੀ ਹੋ ਕੇ ਕਿਹਾ।
ਮੱਘਰ ਸਿੰਘ ਬੋਲਿਆ, ‘‘ਭਾਈ, ਇਹ ਅੰਦਰ ਨ੍ਹੀਂ ਜਾਣ ਦਿੰਦੇ ਕਿਸੇ ਨੂੰ ਵੀ ।’’ ਮੁੰਡਾ ਬੋਲਿਆ, ‘‘ਅਸੀਂ ਤਾਂ ਕੱਲ੍ਹ ਦੇ ਬਾਹਰ ਹੀ ਬੈਠੇ ਹਾਂ। ਮਰੀਜ਼ ਦੀ ਦੇਖਭਾਲ ਇਨ੍ਹਾਂ ਦੀਆਂ ਨਰਸਾਂ ਹੀ ਕਰਦੀਆਂ ਨੇ। ਘਰ ਕਿਹੜਾ ਮਨ ਖੜ੍ਹਦੈ। ਇਨ੍ਹਾਂ ਨੇ ਤਾਂ ਕਹਿ ਦਿੱਤਾ, ਤੁਸੀਂ ਘਰੇ ਜਾਓ ਆਪਣੇ ਕੰਮ ਕਰੋ, ਮਰੀਜ਼ ਦੀ ਜ਼ਿੰਮੇਵਾਰੀ ਸਾਡੀ ਹੈ, ਤੁਸੀਂ ਇੱਥੇ ਬੈਠ ਕੇ ਕੀ ਕਰਨਾ।’’
ਪੰਜ ਤਾਰਾ ਹੋਟਲ ਵਰਗਾ ਹਸਪਤਾਲ ਅਜਿਹਾ ਕੁਝ ਹੀ ਕਰਨਗੇ। ਸਹੁਰੀ ਦੇ ਵੱਟਾਂ ’ਤੇ ਫਿਰ ਫਿਰ ਮਿੱਟੀ ਨਾਲ ਮਿੱਟੀ ਅਸੀਂ ਹੋਈਏ। ਤੁਸੀਂ ਤਾਂ ਜਿਉਂਦੇ ਵੀ ਨਜ਼ਾਰੇ ਲੈਂਦੇ ਓ ਤੇ ਹਸਪਤਾਲ ਵਿੱਚ ਵੀ ਚੰਗੇ ਬੈੱਡ ਤੇ ਏ.ਸੀ ਕਮਰਿਆਂ ਵਿੱਚ...।
‘‘ਕੋਈ ਨ੍ਹੀਂ ਭਾਈ... ਵਾਹਗੁਰੂ ਸਭ ਭਲੀ ਕਰੂ। ਇਹਨੇ ਤਾਂ ਕਦੇ ਕੀੜੀ ਨ੍ਹੀਂ ਸੀ ਮਾਰੀ ਵਿਚਾਰੇ ਨੇ। ਨੇਕ ਨੀਤ ਬੰਦੈ ਵਾਹਗੁਰੂ ਪਰਮੇਸ਼ਰ ਸਭ ਭਲੀ ਕਰੂ। ਸਭ ਉਸ ਦੇ ਹੀ ਹੱਥ ਐ। ਮੈਂ ਜਾ ਕੇ ਕਰਦਾਂ ਡਾਕਟਰ ਨਾਲ ਗੱਲ। ਪੁੱਤ ਫ਼ਿਕਰ ਨਾ ਕਰਿਓ। ਕਿਸੇ ਚੀਜ਼ ਦੀ ਜ਼ਰੂਰਤ ਹੋਈ ਜਿੰਨੇ ਜੋਗਾ ਮੈਂ ਹੈਗਾ ਮੈਂ ਥੋਡੇ ਲਈ ਹਾਜ਼ਰ ਆਂ ਭਾਈ।’’
“ਕੋਈ ਨ੍ਹੀਂ ਜੀ, ਬੱਸ ਇਹ ਉੱਠ ਖੜ੍ਹਨ ਸਹੀ ਸਲਾਮਤ।’’ ਸ਼ਾਂਤੀ ਦੇਵੀ ਨੇ ਮੱਘਰ ਸਿੰਘ ਨੂੰ ਦੋਵੇਂ ਹੱਥ ਜੋੜੇ।
‘‘ਸੱਟਾਂ ਬਾਹਲੀਆਂ ਈ ਲੱਗੀਐ?’’ ਮੱਘਰ ਨੇ ਫੇਰ ਪੁੱਛਿਆ। ‘‘ਸਿਰ ਦੇ ਇੱਕ ਪਾਸੇ ਸੋਜ ਜ਼ਿਆਦਾ ਦੱਸਦੇ ਨੇ ਜਿੰਨਾ ਸਮਾਂ ਸੋਜ ਨ੍ਹੀਂ ਉਤਰਦੀ ਓਨਾ ਸਮਾਂ ਅਪਰੇਸ਼ਨ ਨਹੀਂ ਹੁੰਦਾ। ਬਾਂਹ ਦੀ ਹੱਡੀ ਵੀ ਟੁੱਟਗੀ। ਐਕਸਰੇ ਵਾਲੇ ਨੇ ਦੱਸਿਆ। ਬਾਕੀ ਇੱਕ ਲੱਤ ਵੀ ਗਈ, ਜ਼ਖ਼ਮ ਵੱਡਾ...।’’
ਮੱਘਰ ਨੇ ਆਪਣੇ ਮੁੰਡੇ ਨੂੰ ਸੈਨਤ ਰਾਹੀਂ ਕੁਝ ਸਮਝਾਇਆ। ਮੁੰਡਾ ਉਦੋਂ ਹੀ ਉੱਥੋਂ ਬਾਹਰ ਵੱਲ ਨੂੰ ਹੋ ਤੁਰਿਆ।
‘‘ਮੈਂ ਭਾਈ ਮਿਲਦਾਂ ਡਾਕਟਰ ਨੂੰ। ਕਾਕਾ, ਜ਼ਰਾ ਚੱਲੀਏ ਡਾਕਟਰ ਕੋਲ।’’ ਕਹਿ ਮੱਘਰ ਸਿੰਘ ਮੇਘਰਾਜ ਦੇ ਮੁੰਡੇ ਨੂੰ ਨਾਲ ਲੈ ਡਾਕਟਰ ਵੱਲ ਹੋ ਤੁਰਿਆ ।
ਸਬੱਬੀਂ ਡਾਕਟਰ ਆਪਣੇ ਕਮਰੇ ’ਚ ਹੀ ਮਿਲ ਗਿਆ। ਮੁੰਡੇ ਸਾਹਮਣੇ ਮੱਘਰ ਸਿੰਘ ਉਸ ਨੂੰ ਪੁੱਛਣ ਲੱਗਾ, ‘‘ਡਾਕਟਰ ਸਾਹਿਬ, ਭਲਾ ਉਹ ਐਕਸੀਡੈਂਟ ਵਾਲੇ ਮਰੀਜ਼ ਦਾ ਕੀ ਹਾਲ ਐ?’’ “ਉਹ ਜੋ ਵੈਂਟੀਲੇਟਰ ’ਤੇ ਹੈ?’’
‘‘ਹਾਂ ਜੀ।’’
“ਉਹ ਤਾਂ ਸੀਰੀਅਸ ਈ ਐ ਹਾਲੇ ਤਾਂ। ਦਵਾਈ ਚੱਲ ਰਹੀ ਹੈ ਜਦੋਂ ਸਿਰ ਦੀ ਸੋਜ ਘਟੇਗੀ ਫਿਰ ਕੁਝ ਕਿਹਾ ਜਾ ਸਕੇਗਾ। ਸ਼ਾਇਦ ਬਲੱਡ ਵੀ ਦੇਣਾ ਪਵੇ। ਅਜੇ ਕੁਝ ਕਹਿ ਨ੍ਹੀਂ ਸਕਦੇ। ਤਿੰਨ-ਚਾਰ ਬੰਦੇ ਖੂਨ ਦੇਣ ਲਈ ਤਿਆਰ ਕਰੋ। ਕੀ ਐ ਜੇ ਲੋੜ ਪੈ ਵੀ ਜਾਵੇ।’’ ਖ਼ੂਨ ਵਾਲੀ ਗੱਲ ਸੁਣਦਿਆਂ ਹੀ ਮੱਘਰ ਸਿੰਘ ਦਾ ਸਾਹ ਕੁਝ ਤੇਜ਼ ਹੋ ਗਿਆ। ‘ਨਾਲੇ ਪੈਸਾ ਗੁਆਇਆ ਨਾਲੇ ਜਿੰਦ ਨੂੰ ਰੋਗ ਲਵਾਇਆ। ਹੁਣ ਖ਼ੂਨ ਵੀ ਦੇ ਮੱਘਰ ਸਿਆਂ। ਖ਼ੂਨ ਮੇਰੇ ਦੀ ਤਾਂ ਅੱਗੇ ਹੀ ਤਿੱਪ ਨ੍ਹੀਂ ਰਹੀ ਪਿੰਡੇ ’ਚ। ਜਦੋਂ ਦੀ ਖ਼ਬਰ ਸੁਣੀ ਐ, ਖ਼ੂਨ ਤਾਂ ਉਂਜ ਈ ਸੁੱਕ ਗਿਆ ਨਾੜੀਆਂ ’ਚੋਂ।’ ਮੱਘਰ ਸਿੰਘ ਪਲ ਦੀ ਪਲ ਸੋਚ ਰਿਹਾ ਸੀ, ਪਰ ਉੱਪਰੋਂ ਉੱਪਰੋਂ ਉਸ ਨੇ ਮੁੰਡੇ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ, ‘‘ਕੋਈ ਨ੍ਹੀਂ ਗੱਭਰੂਆ, ਇਹੋ ਜਿਹੀਆਂ ਗੱਲਾਂ ਹੁੰਦੀਆਂ ਈ ਆ ਜਿਉਂਦਿਆਂ ਨਾਲ। ਜਾਨ ਨਾਲ ਜਹਾਨ ਐ। ਪਿੰਡ ’ਚੋਂ ਆਪੇ ਲੈ ਆਵਾਂਗਾ ਬੰਦੇ ਖ਼ੂਨ ਦੇਣ ਲਈ। ਬਹੁਤੀ ਲੋੜ ਪਈ ਤਾਂ ਮੈਂ ਵੀ ਹਾਜ਼ਰ ਆਂ।’’ ਤੇ ਉਹ ਮੁੰਡੇ ਨੂੰ ਨਾਲ ਲੈ ਕੇ ਮੇਘਰਾਜ ਦੇ ਕਮਰੇ ਵੱਲ ਨੂੰ ਮੁੜ ਆਇਆ।
‘‘ਕਿਉਂ ਜੀ, ਕੀ ਕਹਿੰਦੇ ਆ ਡਾਕਟਰ ਸਾਹਿਬ?’’ ਸ਼ਾਂਤੀ ਦੇਵੀ ਨੇ ਕਾਹਲੀ ਨਾਲ ਪੁੱਛਿਆ। ‘‘ਕੋਈ ਨੀ ਭਾਈ, ਘਾਬਰੋ ਨਾ। ਸ਼ੈਦ ਖੂਨ ਦੇਣਾ ਪਵੇ, ਪਰ ਤੁਸੀਂ ਫ਼ਿਕਰ ਨਾ ਕਰੋਂ। ਮੁੰਡੇ ਨੂੰ ਦੱਸ ਦਿੱਤਾ ਮੈਂ। ਆਪਣੀ ਪੂਰੀ ਵਾਹ ਲਾ ਦਿਆਂਗੇ। ਮੇਘਰਾਜ ਸਾਨੂੰ ਕੋਈ ਬਿਗਾਨਾ ਤਾਂ ਨ੍ਹੀਂ। ਪੈਸੇ ਤਾਂ ਭਾਈ ਮੇਰੇ ਸਾਰੇ ਮੇਘਰਾਜ ਕੋਲ ਹੀ ਹੁੰਦੇ ਨੇ। ਫਿਰ ਵੀ ਇਹ ਘਰ ਵਿੱਚ ਵੀਹ ਹਜ਼ਾਰ ਰੁਪਿਆ ਪਿਆ ਸੀ। ਇਹ ਰੱਖ ਲੈ ਭਾਈ। ਇੱਥੇ ਲੋੜ ਪਊਗੀ। ਹੋਰ ਕੁਝ ਚਾਹੀਦਾ ਹੋਇਆ ਮੈਂ ਹਾਜ਼ਰ ਹਾਂ। ਸੁਖ ਦੁਖ ਵੇਲੇ ਹੀ ਪਰਖੇ ਜਾਂਦੇ ਨੇ ਆਪਣੇ ਬਿਗਾਨੇ।’’
ਮੱਘਰ ਸਿੰਘ ਤੇ ਉਸ ਦਾ ਮੁੰਡਾ ਪਿੰਡ ਨੂੰ ਮੁੜ ਆਏ। ਪਿੰਡ ਘਰ ਵੀ ਸਾਂਭਣਾ ਸੀ। ਘਬਰਾਹਟ ’ਚ ਡੰਗਰ ਪਸ਼ੂ ਨੂੰ ਐਵੇਂ ਹੀ ਛੱਡ ਆਏ ਸੀ।
ਰਾਤ ਨੂੰ ਮੱਘਰ ਸਿੰਘ ਦੇਰ ਰਾਤ ਤੱਕ ਦਾਰੂ ਪੀਂਦਾ ਰਿਹਾ। ਇਕੱਲਾ ਹੀ ਬੋਲੀ ਗਿਆ। ਸਾਰੇ ਪਰਿਵਾਰ ਨੂੰ ਉਸ ਦਾ ਬੜਾ ਫ਼ਿਕਰ ਸੀ। ਇੱਕ ਤਾਂ ਪੈਸੇ ਜਾਂਦੇ ਦਿਸ ਰਹੇ ਸੀ। ਦੂਜੇ ਪਾਸੇ, ਮੱਘਰ ਸਿੰਘ ਮਾਨਸਿਕ ਸੰਤੁਲਨ ਗੁਆਉਣ ਵਰਗੀ ਸਥਿਤੀ ਵਿੱਚ ਸੀ।
ਅਗਲੀ ਸਵੇਰ ਦਿਨ ਚੜ੍ਹਦੇ ਨਾਲ ਹੀ ਪਿੰਡ ਨੂੰ ਪਤਾ ਗਿਆ ਕਿ ਮੇਘ ਰਾਜ ਰਾਤ ਰੱਬ ਨੂੰ ਪਿਆਰਾ ਹੋ ਗਿਆ। ਸਾਰੇ ਪਿੰਡ ਦੀ ਆੜ੍ਹਤ ਹੋਣ ਕਰਕੇ ਜਿਸ ਨੇ ਵੀ ਉਸ ਕੋਲ ਵਿਆਜ ਦੇ ਪੈਸੇ ਦਿੱਤੇ ਹੋਏ ਸਨ ਸਾਰੇ ਦੇ ਸਾਰੇ ਉਸ ਦੇ ਅੰਤਿਮ ਸੰਸਕਾਰ ’ਤੇ ਪਹੁੰਚ ਰਹੇ ਸਨ। ਸਭ ਨੂੰ ਆਉਣ ਵਾਲੇ ਸਮੇਂ ਦਾ ਫ਼ਿਕਰ ਵੱਢ ਵੱਢ ਖਾ ਰਿਹਾ ਸੀ।
ਅੰਤਿਮ ਸੰਸਕਾਰ ਪਿੱਛੋਂ ਭੋਗ ਤੱਕ ਲੋਕਾਂ ਦਾ ਆਉਣਾ ਜਾਣਾ ਬਣਿਆ ਰਿਹਾ। ਸਾਰੇ ਲੋਕ ਇੱਕ ਚੰਗੇ ਇਨਸਾਨ ਕਰਕੇ ਚੁੱਪ ਸਨ ਕਿਉਂਕਿ ਮੇਘ ਰਾਜ ਦਾ ਹਿਸਾਬ ਸਭ ਨਾਲ ਸਿੱਧਾ ਤੇ ਸਾਫ਼ ਸੀ। ਅੱਧੀ ਰਾਤ ਲੋੜ ਪਈ ਤੋਂ ਵੀ ਉਸ ਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਸੀ। ਇਸ ਅਪਣੱਤ ਕਰਕੇ ਹੀ ਸਾਰੇ ਲੋਕ ਜਿਨ੍ਹਾਂ ਨੇ ਪੈਸੇ ਵਿਆਜ ’ਤੇ ਰੱਖੇ ਹੋਏ ਸਨ ਸ਼ਾਂਤ ਸੀ। ਭੋਗ ਪਿੱਛੋਂ ਚਾਚੇ ਤਾਇਆਂ ਨੇ ਆਪਣਾ ਘਰ ਬਾਰ ਜ਼ਮੀਨ, ਹਿਸਾਬ ਕਿਤਾਬ ਸਭ ਵੱਖਰਾ ਕਰ ਲਿਆ। ਮੇਘਰਾਜ ਦੇ ਮੁੰਡਿਆਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ। ਮੁੰਡੇ ਬਾਹਰ ਰਹਿੰਦੇ ਤੇ ਕੰਮਕਾਜ ਕਰਦੇ ਸਨ। ਨਾ ਉਹ ਲੋਕਾਂ ਨੂੰ ਜਾਣਦੇ ਸਨ ਤੇ ਨਾ ਲੋਕ ਉਨ੍ਹਾਂ ਨੂੰ ਜਾਣਦੇ ਸਨ। ਸਭ ਦੇ ਮਨ ਵਿੱਚ ਇੱਕ ਵੱਡਾ ਡਰ ਸੀ ਕਿ ਸਾਡੇ ਪੈਸੇ ਮਰ ਗਏ। ਜਿੰਨਾ ਸਮਾਂ ਚਾਚੇ ਤਾਏ ਨਾਲ ਸੀ ਓਨਾ ਸਮਾਂ ਮਨ ਕੁਝ ਟਿਕਾਣੇ ਸੀ, ਪਰ ਜਦੋਂ ਉਹ ਅੱਡ ਹੋ ਗਏ ਤਾਂ ਪੈਸੇ ਲੈਣ ਵਾਲਿਆਂ ਦੇ ਦਿਲਾਂ ਦੀਆਂ ਧੜਕਣਾਂ ਵਧਣੀਆਂ ਸ਼ੁਰੂ ਹੋ ਗਈਆਂ।
ਦੋਵੇਂ ਭਰਾਵਾਂ ਨੇ ਇੱਕ ਦਿਨ ਇਕੱਠ ਰੱਖਿਆ। ਉਸ ਇਕੱਠ ਵਿੱਚ ਉਹ ਸਭ ਲੋਕ ਪਹੁੰਚੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਮੇਘ ਰਾਜ ਕੋਲ ਪੈਸੇ ਰੱਖੇ ਹੋਏ ਸਨ। ਮੁੰਡਿਆਂ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਕਿਹਾ, ‘‘ਸਾਨੂੰ ਕੁਝ ਸਮਾਂ ਦਿਓ। ਸਾਨੂੰ ਇਸ ਹਿਸਾਬ ਕਿਤਾਬ ਬਾਰੇ ਕੋਈ ਜਾਣਕਾਰੀ ਨਹੀਂ ਹੈ। ਚਾਚੇ ਤਾਇਆਂ ਨੂੰ ਹੋ ਸਕਦਾ ਹੋਵੇ, ਪਰ ਉਨ੍ਹਾਂ ਨੇ ਪਹਿਲਾਂ ਹੀ ਸਾਡੇ ਤੋਂ ਦੂਰੀ ਬਣਾ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਹਾਲਾਤ ਪੈਦਾ ਹੋਣਗੇ। ਅਸੀਂ ਸਮਾਜ ਵਿੱਚ ਆਪਣੇ ਪਿਓ ਦੀ ਇੱਜ਼ਤ ਰੱਖਣੀ ਹੈ। ਸਭ ਉਨ੍ਹਾਂ ਨੂੰ ਇੱਜ਼ਤ ਨਾਲ ਯਾਦ ਰੱਖਣ, ਸੋ ਸਾਨੂੰ ਇੱਕ ਸਾਲ ਦਾ ਸਮਾਂ ਦਿਓ। ਹੋ ਸਕਦਾ ਅਸੀਂ ਵਿਆਜ ਨਾ ਦੇ ਸਕੀਏ ਪਰ ਮੂਲ ਸਭ ਨੂੰ ਦੇਵਾਂਗੇ।’’
ਸਭ ਨੇ ਸੁਖ ਦਾ ਸਾਹ ਲਿਆ। ਮੱਘਰ ਸਿੰਘ ਦੇ ਮਨ ਤੋਂ ਵੀ ਬਹੁਤ ਵੱਡਾ ਬੋਝ ਹਲਕਾ ਹੋ ਗਿਆ ਸੀ। ਹੁਣ ਮੱਘਰ ਸਿੰਘ ਸੋਚ ਰਿਹਾ ਸੀ, ‘ਵਾਹ! ਮੇਘ ਰਾਜਾ, ਇੰਨੇ ਲਾਇਕ ਪੁੱਤ ਤੇਰੇ ਜਿਨ੍ਹਾਂ ਨੇ ਤੇਰੀ ਮਿੱਟੀ ਪਲੀਤ ਹੋਣ ਤੋਂ ਬਚਾਅ ਲਈ। ਸਮਾਜ ਵਿੱਚ ਤੇਰਾ ਕੱਦ ਅੱਜ ਹੋਰ ਉੱਚਾ ਹੋ ਗਿਆ।’
ਮੇਘ ਰਾਜ ਦਾ ਵੱਡਾ ਮੁੰਡਾ ਕਹਿੰਦਾ, ‘‘ਅਸੀਂ ਆਪਣੀ ਸਾਰੀ ਜ਼ਮੀਨ ਜਾਇਦਾਦ, ਭੱਠਾ, ਦੁਕਾਨਾਂ, ਘਰ ਵੇਚ ਕੇ ਸਭ ਲਈ ਪੈਸੇ ਦਾ ਇੰਤਜ਼ਾਮ ਕਰਾਂਗੇ। ਤੁਸੀਂ ਇੱਕ ਵਾਰ ਆਪਣੀ ਮੋਟੀ ਮੋਟੀ ਰਕਮ ਸਬੂਤ ਸਮੇਤ ਨੋਟ ਕਰਵਾ ਦਿਓ। ਜੇਕਰ ਕਿਸੇ ਨੇ ਸਾਡੇ ਪਿਤਾ ਜੀ ਪੈਸੇ ਦੇਣੇ ਹਨ ਉਹ ਵੀ ਦੱਸ ਦਿਓ ਤਾਂ ਜੋ ਵਿਉਂਤਬੰਦੀ ਬਣਾ ਕੇ ਸਾਰਿਆਂ ਨਾਲ ਲੈਣ ਦੇਣ ਪੂਰਾ ਕਰ ਸਕੀਏ।’’ ਉੱਥੇ ਤਾਂ ਸਾਰੇ ਪੈਸੇ ਲੈਣ ਵਾਲੇ ਹੀ ਸਨ।
ਮੇਘ ਰਾਜ ਦੇ ਮੁੰਡਿਆਂ ਨੇ ਮੋਟਾ ਜਿਹਾ ਹਿਸਾਬ ਕਿਤਾਬ ਜੋੜ ਲਿਆ ਕਿ ਲੋਕਾਂ ਦਾ ਕਿੰਨਾ ਪੈਸਾ ਦੇਣਾ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭੱਠੇ ਦਾ ਗਾਹਕ ਲੱਭਣਾ ਸ਼ੁਰੂ ਕਰ ਦਿੱਤਾ। ਇਸ ਨਾਲ ਇੱਕ ਵਾਰ ਵਿੱਚ ਵੱਡੀ ਰਕਮ ਆ ਜਾਣੀ ਸੀ। ਮੇਘਰਾਜ ਦੀ ਘਰਵਾਲੀ ਦਾ ਅੰਦਰੋਂ ਦਿਲ ਖੁੱਸਦਾ ਜਦੋਂ ਦੋਵੇਂ ਮੁੰਡੇ ਮਿਹਨਤ ਨਾਲ ਬਣਾਈ ਜਾਇਦਾਦ ਨੂੰ ਵੇਚਣ ਦੀਆਂ ਗੱਲਾਂ ਕਰਦੇ, ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਇਹ ਸਭ ਵੇਚ ਵੱਟ ਕੇ ਹੀ ਲੋਕਾਂ ਨੂੰ ਪੈਸਾ ਦਿੱਤਾ ਜਾ ਸਕਦਾ ਸੀ। ਮੇਘ ਰਾਜ ਕੋਲ ਜੋ ਧਨ ਸੀ ਸ਼ਾਇਦ ਇਹੀ ਸੀ । ਲੋਕਾਂ ਕੋਲੋਂ ਪੈਸਾ ਲੈ ਕੇ ਕੀ ਕੀਤਾ, ਉਹ ਜਾਣਦਾ ਸੀ ਜਾਂ ਰੱਬ ਜਾਣਦਾ ਸੀ। ਭੱਠੇ ਨੂੰ ਵੇਚ ਕੇ ਕੁਝ ਲੋਕਾਂ ਨੂੰ ਬੁਲਾਵਾ ਭੇਜਿਆ ਤੇ ਵੱਧ ਘੱਟ ਕਰਕੇ ਸਭ ਨੂੰ ਪੈਸੇ ਦੇ ਕੇ ਸੰਤੁਸ਼ਟ ਕਰ ਦਿੱਤਾ। ਜ਼ਮੀਨ ਵੇਚ ਕੇ ਲੋਕਾਂ ਨੂੰ ਬੁਲਾਵਾ ਭੇਜ ਕੇ ਪੈਸੇ ਵਾਪਸ ਕਰ ਦਿੱਤੇ। ਜਿਨ੍ਹਾਂ ਨੂੰ ਦੁਕਾਨ ਚਾਹੀਦੀ ਸੀ ਉਨਾਂ੍ਹ ਨੂੰ ਦੁਕਾਨਾਂ ਵੰਡ ਦਿੱਤੀਆਂ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਕਹੇ ਅਨੁਸਾਰ ਛੇ ਮਹੀਨਿਆਂ ਵਿੱਚ ਹੀ ਸਭ ਦੇ ਪੈਸੇ ਮੋੜ ਦਿੱਤੇ।
ਇੱਕਾ ਦੁੱਕਾ ਅਸਾਮੀਆਂ ਤੋਂ ਬਿਨਾਂ ਮੇਘ ਰਾਜ ਦੇ ਪਰਿਵਾਰ ਨੂੰ ਕਿਸੇ ਨੇ ਪੈਸੇ ਨਹੀਂ ਮੋੜੇ, ਪਰ ਉਸ ਦੇ ਮੁੰਡਿਆਂ ਨੇ ਸਭਨਾਂ ਨੂੰ ਘੱਟ-ਵੱਧ ਕਰਕੇ ਸੰਤੁਸ਼ਟ ਕਰ ਦਿੱਤਾ।
ਮੱਘਰ ਸਿੰਘ ਸੋਚਦਾ ਆ ਰਿਹਾ ਸੀ ਕਿ ਹਿਸਾਬ ਕਿਤਾਬ ਦੇ ਮਾਮਲੇ ’ਚ ਜਾਤਪਾਤ ਜਾਂ ਧਰਮ ਕੋਈ ਮਾਅਨੇ ਨਹੀਂ ਰੱਖਦਾ। ਜਿੰਮੀਦਾਰ ਮੇਘ ਰਾਜ ਦੇ ਦਿੱਤੇ ਪੈਸੇ ਮੁੱਕਰ ਗਏ, ਪਰ ਉਸ ਦੇ ਬੱਚਿਆਂ ਨੇ ਆਪਣੇ ਪਿਓ ਦੇ ਮਰਨ ਤੋਂ ਬਾਅਦ ਵੀ ਸ਼ਾਨ ਨੀਵੀਂ ਨਹੀਂ ਹੋਣ ਦਿੱਤੀ ਤਾਂ ਹੀ ਆਖਦੇ ਹਨ ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ।।
ਸੰਪਰਕ: 98729-09776