ਬਾਬਾ ਸੋਢਲ ਮੇਲਾ ਸ਼ੁਰੂ, ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ
ਪੱਤਰ ਪ੍ਰੇਰਕ
ਜਲੰਧਰ, 27 ਸਤੰਬਰ
ਇਥੋਂ ਦਾ ਸਭ ਤੋਂ ਵੱਡਾ ਸਿੱਧ ਬਾਬਾ ਸੋਢਲ ਮੇਲਾ 28 ਸਤੰਬਰ ਨੂੰ ਰਸਮੀ ਤੌਰ ’ਤੇ ਸ਼ੁਰੂ ਹੋਵੇਗਾ। ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਰਨਾ ਸ਼ੁਰੂ ਹੋ ਗਿਆ ਹੈ। ਮੇਲੇ ਤੋਂ ਚਾਰ ਦਨਿ ਪਹਿਲਾਂ ਭਾਰੀ ਭੀੜ ਨੂੰ ਦੇਖਦਿਆਂ ਲੋਕਾਂ ਨੇ ਐਤਵਾਰ ਤੋਂ ਹੀ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਹੈ। ਸੁੱਖਣਾ ਦੀ ਪੂਰਤੀ ਤੋਂ ਬਾਅਦ ਲੋਕ ਬੈਂਡ ਅਤੇ ਸੰਗੀਤ ਦੇ ਨਾਲ ਆਪਣੇ ਬੱਚਿਆਂ ਨਾਲ ਬਾਬੇ ਦੇ ਦਰਬਾਰ ਵਿੱਚ ਆਉਂਦੇ ਹਨ। ਮੁੱਖ ਮੰਦਰ ’ਚ ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂ ਛੱਪੜ ’ਚ ਜਾ ਕੇ ਦੁੱਧ ਚੜ੍ਹਾਉਂਦੇ ਹਨ। ਪਿਛਲੇ ਮੇਲੇ ਤੋਂ ਪਹਿਲਾਂ ਹੀ ਭੀੜ ਨੂੰ ਦੇਖਦਿਆਂ ਪੁਲੀਸ ਕਮਿਸ਼ਨਰ (ਸੀਪੀ) ਕੁਲਦੀਪ ਚਾਹਲ ਅਤੇ ਡੀਸੀਪੀ ਜਗਮੋਹਨ ਸਿੰਘ ਅਧਿਕਾਰੀਆਂ ਸਮੇਤ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੰਦਰ ਪੁੱਜੇ ਸਨ। ਇਸ ਵਾਰ ਪ੍ਰਸ਼ਾਸਨ ਵੱਲੋਂ ਮੇਲੇ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਮੇਲੇ ਵਿੱਚ ਆਉਣ ਵਾਲੀ ਭੀੜ ’ਤੇ ਸੀਸੀਟੀਵੀ ਕੈਮਰਿਆਂ ਦੇ ਨਾਲ-ਨਾਲ ਡਰੋਨ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਮੇਲੇ ਵਿੱਚ ਭੀੜ ਨੂੰ ਦੇਖਦਿਆਂ ਕਮਿਸ਼ਨਰੇਟ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਮੇਲੇ ਵਿੱਚ ਲੋਕਾਂ ਦੀ ਸੁਰੱਖਿਆ ਲਈ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸਵਿਲ ਡਰੈੱਸ ’ਚ ਇਨ੍ਹਾਂ ’ਚੋਂ ਕੁਝ ਭੀੜ ’ਚ ਬੇਕਾਬੂ ਤੱਤਾਂ ’ਤੇ ਨਜ਼ਰ ਰੱਖਣਗੇ। ਸੀਸੀਟੀਵੀ ਕੈਮਰਿਆਂ ’ਤੇ ਨਜ਼ਰ ਰੱਖਣ ਲਈ ਇਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਧਿਕਾਰੀ ਮੇਲੇ ਵਿਚ ਹਰ ਸਮੇਂ ਮੌਜੂਦ ਰਹਿਣਗੇ। ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਲਈ ਟਰੈਫਿਕ ਪੁਲੀਸ ਵੱਲੋਂ ਬਦਲਵੇਂ ਰੂਟਾਂ ਤੇ ਪਾਰਕਿੰਗ ਦਾ ਵੇਰਵਾ ਜਾਰੀ ਕੀਤਾ ਗਿਆ ਹੈ।