ਬਾਬਾ ਸਿੱਦੀਕੀ ਦਾ ਪੁੱਤਰ ਵੀ ਸ਼ੂਟਰਾਂ ਦੇ ਨਿਸ਼ਾਨੇ ’ਤੇ ਸੀ
* ਫੜਿਆ ਗਿਆ ਮੁਲਜ਼ਮ ਬਾਲਗ
* ਪੁਣੇ ’ਚ ਪਨਾਹ ਦੇਣ ਵਾਲੇ ਮੁਲਜ਼ਮ ਨੂੰ 21 ਤੱਕ ਪੁਲੀਸ ਹਿਰਾਸਤ ’ਚ ਭੇਜਿਆ
ਮੁੰਬਈ, 14 ਅਕਤੂਬਰ
ਐੱਨਸੀਪੀ (ਅਜੀਤ ਪਵਾਰ) ਆਗੂ ਬਾਬਾ ਸਿੱਦੀਕੀ ਦੀ ਹੱਤਿਆ ’ਚ ਸ਼ਾਮਲ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਿੱਦੀਕੀ ਦਾ ਪੁੱਤਰ ਜ਼ੀਸ਼ਾਨ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਸੀ। ਮੁੰਬਈ ਪੁਲੀਸ ਮੁਤਾਬਕ ਮੁਲਜ਼ਮਾਂ ਨੂੰ ਜ਼ੀਸ਼ਾਨ ਅਤੇ ਬਾਬਾ ਸਿੱਦੀਕੀ ਦੋਹਾਂ ਦੇ ਕਤਲ ਦੀ ਸੁਪਾਰੀ ਮਿਲੀ ਸੀ। ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਕਮ ਮਿਲੇ ਸਨ ਕਿ ਦੋਹਾਂ ’ਚੋਂ ਜੋ ਵੀ ਮਿਲੇ, ਉਸ ’ਤੇ ਗੋਲੀਆਂ ਚਲਾ ਦਿੱਤੀਆਂ ਜਾਣ। ਜ਼ੀਸ਼ਾਨ ਸਿੱਦੀਕੀ ਨੂੰ ਕੁਝ ਦਿਨ ਪਹਿਲਾਂ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।
ਉਧਰ ਮੁੰਬਈ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਧਰਮਰਾਜ ਕਸ਼ਯਪ ਦਾ ਔਸੀਫਿਕੇਸ਼ਨ ਟੈਸਟ ਕਰਵਾਇਆ, ਜਿਸ ਤੋਂ ਖ਼ੁਲਾਸਾ ਹੋਇਆ ਹੈ ਕਿ ਉਹ ਨਾਬਾਲਗ ਨਹੀਂ ਹੈ। ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਪੁਣੇ ਤੋਂ ਗ੍ਰਿਫ਼ਤਾਰ ਕੀਤੇ ਪ੍ਰਵੀਨ ਲੋਨਕਰ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ 21 ਅਕਤੂਬਰ ਤੱਕ ਲਈ ਪੁਲੀਸ ਹਿਰਾਸਤ ’ਚ ਭੇਜ ਦਿੱਤਾ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਪ੍ਰਵੀਨ ਲੋਨਕਰ ਨੇ ਗ੍ਰਿਫ਼ਤਾਰ ਹੋ ਚੁੱਕੇ ਦੋਵੇਂ ਮੁਲਜ਼ਮਾਂ ਨੂੰ ਪੁਣੇ ’ਚ ਪਨਾਹ ਦਿੱਤੀ ਸੀ। ਪੁਲੀਸ ਮੁਤਾਬਕ ਪ੍ਰਵੀਨ, ਸ਼ੁਭੂ ਲੋਨਕਰ ਦਾ ਭਰਾ ਹੈ, ਜਿਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ ਕਿ ਸਿੱਦੀਕੀ ਦੀ ਹੱਤਿਆ ਦੀ ਲਾਰੈਂਸ ਬਿਸ਼ਨੋਈ ਗਰੋਹ ਨੇ ਜ਼ਿੰਮੇਵਾਰੀ ਲਈ ਹੈ। ਸ਼ੁਭੂ ਲੋਨਕਰ ਇਸ ਸਮੇਂ ਫ਼ਰਾਰ ਹੈ।
ਬਾਬਾ ਸਿੱਦੀਕੀ ਦੀ ਹੱਤਿਆ ਕਰਨ ਮਗਰੋਂ ਫ਼ਰਾਰ ਮੁਲਜ਼ਮ ਉੱਤਰ ਪ੍ਰਦੇਸ਼ ਵਾਸੀ ਸ਼ਿਵ ਕੁਮਾਰ ਗੌਤਮ ਨੇ ਇੰਸਟਾਗ੍ਰਾਮ ’ਤੇ ਆਪਣੇ ਸਟੇਟਸ ’ਚ ਲਿਖਿਆ ਹੈ, ‘ਯਾਰ ਤੇਰਾ ਗੈਂਗਸਟਰ ਹੈ ਜਾਨੀ’। ਇਹ ਪੋਸਟ 24 ਜੁਲਾਈ ਦੀ ਹੈ। -ਏਐੱਨਆਈ
ਸ਼ਿੰਦੇ ਹੁਣ ਆਪਣੀ ‘ਸਿੰਘਮਗਿਰੀ’ ਦਿਖਾਉਣ: ਸੰਜੇ ਰਾਊਤ
ਮੁੰਬਈ:
ਸ਼ਿਵ ਸੈਨਾ (ਯੂਬੀਟੀ) ਸੰਸਦ ਮੈਂਬਰ ਸੰਜੇ ਰਾਊਤ ਨੇ ਬਾਬਾ ਸਿੱਦੀਕੀ ਦੀ ਹੱਤਿਆ ਲਈ ਮਹਾਰਾਸ਼ਟਰ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਸਮੇਂ ’ਚ ਮੁੰਬਈ ’ਚ ਗੈਂਗਵਾਰ ਅਤੇ ਅੰਡਰਵਰਲਡ ਹਾਵੀ ਹੋ ਗਏ ਹਨ। ਰਾਊਤ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ’ਚ ਸ਼ਾਮਲ ਸਾਜ਼ਿਸ਼ਘਾੜਿਆਂ ਦਾ ਐਨਕਾਊਂਟਰ ਕਰਕੇ ਆਪਣੀ ‘ਸਿੰਘਮਗਿਰੀ’ ਦਿਖਾਉਣ। ਉਨ੍ਹਾਂ ਕਿਹਾ ਕਿ ਬਦਲਾਪੁਰ ਸ਼ੋਸ਼ਣ ਮਾਮਲੇ ਦੇ ਮੁਲਜ਼ਮ ਅਕਸ਼ੇ ਸ਼ਿੰਦੇ ਨੂੰ ਗੋਲੀ ਮਾਰਨ ਮਗਰੋਂ ਸ਼ਿੰਦੇ ਨੂੰ ਖੁਦ ਨੂੰ ਸਿੰਘਮ ਕਰਾਰ ਦਿੱਤਾ ਸੀ ਅਤੇ ਹੁਣ ਬਾਬਾ ਸਿੱਦੀਕੀ ਦੇ ਹਮਲਾਵਰਾਂ ਦਾ ਐਨਕਾਊਂਟਰ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੂੰ ਅੰਡਰਵਰਲਡ ਦੀ ਹਮਾਇਤ ਪ੍ਰਾਪਤ ਹੈ ਅਤੇ ਇਹ ਅੰਡਰਵਰਲਡ ਗੁਜਰਾਤ ਤੋਂ ਚੱਲ ਰਿਹਾ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹਵਾਲਾ ਦਿੰਦਿਆਂ ਰਾਊਤ ਨੇ ਕਿਹਾ ਕਿ ਇਕ ਗੈਂਗਸਟਰ ਗੁਜਰਾਤ ਦੀ ਸਾਬਰਮਤੀ ਜੇਲ੍ਹ ’ਚ ਬੰਦ ਹੈ, ਜਿਸ ਨੇ ਬਾਬਾ ਸਿੱਦੀਕੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਚੁਣੌਤੀ ਹੈ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਵੀ ਗੁਜਰਾਤ ਤੋਂ ਹਨ। -ਏਐੱਨਆਈ