ਬਾਬਾ ਸਿੱਦੀਕੀ ਕਤਲ: ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਦੇ ਸੰਪਰਕ 'ਚ ਸਨ ਸ਼ੂਟਰ
ਮੁੰਬਈ, 23 ਅਕਤੂਬਰ
Baba Siddiqui murder: ਮੁੰਬਈ ਕ੍ਰਾਈਮ ਬ੍ਰਾਂਚ ਨੇ ਖੁਲਾਸਾ ਕੀਤਾ ਹੈ ਕਿ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਕਥਿਤ ਤੌਰ ’ਤੇ ਤਿੰਨ ਸ਼ੱਕੀ ਸ਼ੂਟਰ ਐਨਸੀਪੀ ਆਗੂ ਨੂੰ ਗੋਲੀ ਮਾਰਨ ਤੋਂ ਪਹਿਲਾਂ ਸਨੈਪਚੈਟ ਰਾਹੀਂ ਜੇਲ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਸਨ। ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਹੱਤਿਆ ਨੂੰ ਅੰਜਾਮ ਦੇਣ ਵਾਲੇ ਤਿੰਨ ਸ਼ੱਕੀ ਸ਼ੂਟਰਾਂ ਨੇ ਸਿੱਦੀਕੀ ਨੂੰ ਮਾਰਨ ਤੋਂ ਪਹਿਲਾਂ ਮੈਸੇਜਿੰਗ ਐਪ (ਸਨੈਪਚੈਟ) ਰਾਹੀਂ ਅਨਮੋਲ ਬਿਸ਼ਨੋਈ ਨਾਲ ਗੱਲ ਕੀਤੀ ਸੀ।
ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ’ਚ ਹੁਣ ਤੱਕ 10 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚ ਦੋ ਸ਼ੂਟਰ ਅਤੇ ਇਕ ਹਥਿਆਰ ਸਪਲਾਇਰ ਸ਼ਾਮਲ ਹਨ। ਜਦੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸਨੈਪਚੈਟ ਦੀ ਜਾਂਚ ਕੀਤੀ ਗਈ, ਤਾਂ ਇਹ ਪਾਇਆ ਗਿਆ ਕਿ ਸ਼ੂਟਰ ਅਤੇ ਪੁਣੇ ਸਥਿਤ ਪ੍ਰਵੀਨ ਲੋਨਕਰ, ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਸਨ ਅਤੇ ਪ੍ਰਾਪਤ ਸੰਦੇਸ਼ਾਂ ਨੂੰ ਡਿਲੀਟ ਬਾਅਦ ਵਿਚ ਕਰਦੇ ਸਨ। ਪੁਲੀਸ ਨੇ ਦੱਸਿਆ ਕਿ ਅਨਮੋਲ ਕੈਨੇਡਾ ਅਤੇ ਅਮਰੀਕਾ ਤੋਂ ਮੁਲਜ਼ਮਾਂ ਦੇ ਸੰਪਰਕ ਵਿੱਚ ਸੀ ਅਤੇ ਮੁਲਜ਼ਮ ਕੋਲੋਂ ਚਾਰ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ।
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਸ਼ੂਟਰ ਸ਼ਿਵਕੁਮਾਰ ਗੌਤਮ ਅਤੇ ਕਈ ਹੋਰ ਮੁਲਜ਼ਮ ਅਜੇ ਵੀ ਫਰਾਰ ਹਨ। 19 ਅਕਤੂਬਰ ਨੂੰ ਮੁੰਬਈ ਪੁਲੀਸ ਨੇ ਪੁਲਿਸ ਸੁਰੱਖਿਆ ਗਾਰਡ ਸ਼ਿਆਮ ਸੋਨਾਵਣੇ ਨੂੰ ਮੁਅੱਤਲ ਕਰ ਦਿੱਤਾ ਸੀ, ਜੋ ਘਟਨਾ ਸਮੇਂ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਨਾਲ ਮੌਜੂਦ ਸੀ। -ਏਐੱਨਆਈ