ਬਾਬਾ ਸਿੱਦੀਕੀ ਹੱਤਿਆ: ਲਾਰੈਂਸ ਗਰੋਹ ’ਤੇ ਸ਼ੱਕ ਦੀ ਸੂਈ
ਮੁੰਬਈ, 13 ਅਕਤੂਬਰ
ਐੱਨਸੀਪੀ (ਅਜੀਤ ਪਵਾਰ) ਆਗੂ ਬਾਬਾ ਸਿੱਦੀਕੀ (66) ਦੀ ਹੱਤਿਆ ਦੇ ਮਾਮਲੇ ਦੀ ਲਾਰੈਂਸ ਬਿਸ਼ਨੋਈ ਗਰੋਹ ਨੇ ਜ਼ਿੰਮੇਵਾਰੀ ਲਈ ਹੈ। ਪੁਲੀਸ ਵੱਲੋਂ ਸੋਸ਼ਲ ਮੀਡੀਆ ਪੋਸਟ ਦੀ ਪੜਤਾਲ ਕੀਤੀ ਜਾ ਰਹੀ ਹੈ। ਬਾਬਾ ਸਿੱਦੀਕੀ ਨੂੰ ਸ਼ਨਿਚਰਵਾਰ ਰਾਤ ਉਨ੍ਹਾਂ ਦੇ ਵਿਧਾਇਕ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਬਾਂਦਰਾ ਸਥਿਤ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਸਨ ਤੇ ਉਨ੍ਹਾਂ ਦੀ ਲੀਲਾਵਤੀ ਹਸਪਤਾਲ ’ਚ ਮੌਤ ਹੋ ਗਈ ਸੀ।
ਪੁਲੀਸ ਮੁਤਾਬਕ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਤਿੰਨ ਹੋਰ ਫਰਾਰ ਹਨ। ਇਸ ਦੌਰਾਨ ਬਾਬਾ ਸਿੱਦੀਕੀ ਨੂੰ ਅੱਜ ਰਾਤ ਮੁੰਬਈ ਦੇ ਬੜਾ ਕਬਰਿਸਤਾਨ ’ਚ ਪੂਰੇ ਰਾਜਸੀ ਸਨਮਾਨਾਂ ਨਾਲ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਜਨਾਜ਼ੇ ਦੀ ਅਗਵਾਈ ਬਾਬਾ ਸਿੱਦੀਕੀ ਦਾ ਪੁੱਤਰ ਜ਼ੀਸ਼ਾਨ ਸਿੱਦੀਕੀ ਅਤੇ ਧੀ ਅਰਸ਼ੀਆ ਸਿੱਦੀਕੀ ਕਰ ਰਹੇ ਸਨ। ਇਸ ਮੌਕੇ ਐੱਨਸੀਪੀ ਆਗੂ ਪ੍ਰਫੁੱਲ ਪਟੇਲ, ਛਗਨ ਭੁਜਬਲ ਅਤੇ ਅਜੀਤ ਪਵਾਰ, ਐੱਨਸੀਪੀ (ਐੱਸਪੀ) ਦੀ ਸੁਪ੍ਰਿਆ ਸੂਲੇ ਅਤੇ ਕਾਂਗਰਸ ਆਗੂ ਸੁਸ਼ੀਲ ਕੁਮਾਰ ਸ਼ਿੰਦੇ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਤੋਂ ਪਹਿਲਾਂ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਹੋਰ ਹਸਤੀਆਂ ਨੇ ਬਾਬਾ ਸਿੱਦੀਕੀ ਦੇ ਘਰ ਜਾ ਕੇ ਪਰਿਵਾਰ ਨਾਲ ਅਫ਼ਸੋਸ ਪ੍ਰਗਟਾਇਆ। ਡੀਸੀਪੀ (ਅਪਰਾਧ ਸ਼ਾਖਾ) ਦੱਤਾ ਨਾਲਾਵਾੜੇ ਨੇ ਕਿਹਾ ਕਿ ਬਾਬਾ ਸਿੱਦੀਕੀ ਨਾਲ ਤਿੰਨ ਪੁਲੀਸ ਕਾਂਸਟੇਬਲ ਤਾਇਨਾਤ ਸਨ ਜੋ ਤਿੰਨ ਸ਼ਿਫ਼ਟਾਂ ’ਚ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਹਮਲੇ ਸਮੇਂ ਸਿੱਦੀਕੀ ਨਾਲ ਇਕ ਕਾਂਸਟੇਬਲ ਮੌਜੂਦ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਦੋ ਪਸਤੌਲਾਂ ਅਤੇ 28 ਕਾਰਤੂਸ ਬਰਾਮਦ ਹੋਏ ਹਨ। ਡੀਸੀਪੀ ਨੇ ਕਿਹਾ ਕਿ 15 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਨੂੰ ਮਹਾਰਾਸ਼ਟਰ ਦੇ ਬਾਹਰ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਿੱਦੀਕੀ ’ਤੇ ਹਮਲਾ ਹੋਣ ਮਗਰੋਂ ਸਹਾਇਕ ਪੁਲੀਸ ਇੰਸਪੈਕਟਰ ਰਾਜੇਂਦਰ ਧਬਾੜੇ ਅਤੇ ਇਕ ਕਾਂਸਟੇਬਲ ਨੇ ਦੋਵੇਂ ਸ਼ੂਟਰਾਂ ਨੂੰ ਫੜ ਲਿਆ ਸੀ।
ਪੁਲੀਸ ਨੇ ਦੋ ਹਮਲਾਵਰਾਂ ਹਰਿਆਣਾ ਦੇ ਗੁਰਮੇਲ ਬਲਜੀਤ ਸਿੰਘ (23) ਅਤੇ ਉੱਤਰ ਪ੍ਰਦੇਸ਼ ਦੇ ਧਰਮਰਾਜ ਰਾਜੇਸ਼ ਕਸ਼ਯਪ (19) ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਗੁਰਮੇਲ ਸਿੰਘ ਨੂੰ 21 ਅਕਤੂਬਰ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਜਦਕਿ ਧਰਮਰਾਜ ਨੂੰ ਕ੍ਰਾਈਮ ਬ੍ਰਾਂਚ ਹਵਾਲੇ ਕੀਤਾ ਗਿਆ ਹੈ ਅਤੇ ਉਸ ਦੀ ਉਮਰ ਦਾ ਪਤਾ ਲਾਉਣ ਲਈ ਟੈਸਟ ਕੀਤਾ ਜਾਵੇਗਾ। ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਮਗਰੋਂ ਪੁਲੀਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀਆਂ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਦੀਆਂ ਸਰਕਾਰੀ ਰਿਹਾਇਸ਼ਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਮੁੱਖ ਮੰਤਰੀ ਨੇ ਬਾਬਾ ਸਿੱਦੀਕੀ ਦੀ ਹੱਤਿਆ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਫਾਸਟ ਟਰੈਕ ਅਦਾਲਤ ’ਚ ਕੇਸ ਚਲਾਇਆ ਜਾਵੇਗਾ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਹਮਲੇ ਨੂੰ ਅਫ਼ਸੋਸਨਾਕ ਕਰਾਰ ਦਿੱਤਾ।
ਪੁਲੀਸ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਕਿਉਂਕਿ ਬਾਬਾ ਸਿੱਦੀਕੀ ਨੂੰ ਧਮਕੀਆਂ ਮਿਲਦੀਆਂ ਰਹੀਆਂ ਸਨ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਬਾਬਾ ਸਿੱਦੀਕੀ ਦੀ ਹੱਤਿਆ ਸਬੰਧੀ ਜ਼ਿੰਮੇਵਾਰੀ ਲੈਣ ਵਾਲੀ ਸੋਸ਼ਲ ਮੀਡੀਆ ਪੋਸਟ ਦੀ ਉਹ ਤਸਦੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੱਤਿਆ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਬਾਬਾ ਸਿੱਦੀਕੀ ਦੀ ਹੱਤਿਆ ਮਗਰੋਂ ਅਦਾਕਾਰ ਸਲਮਾਨ ਖਾਨ ਦੀ ਬਾਂਦਰਾ ਰਿਹਾਇਸ਼ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੋਈ ਹੈ। -ਪੀਟੀਆਈ
ਕੈਥਲ ਦੇ ਨਰੜ ਪਿੰਡ ਦਾ ਨਿਵਾਸੀ ਹੈ ਇਕ ਸ਼ੂਟਰ
ਚੰਡੀਗੜ੍ਹ: ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਫੜਿਆ ਗਿਆ ਇਕ ਸ਼ੂਟਰ ਗੁਰਮੇਲ ਬਲਜੀਤ ਸਿੰਘ ਕੈਥਲ ਦੇ ਨਰੜ ਪਿੰਡ ਦਾ ਨਿਵਾਸੀ ਹੈ। ਉਹ ਪਹਿਲਾਂ ਵੀ ਕਈ ਅਪਰਾਧਾਂ ’ਚ ਸ਼ਾਮਲ ਰਿਹਾ ਹੈ ਅਤੇ ਉਸ ਖ਼ਿਲਾਫ਼ ਹੱਤਿਆ ਦਾ ਕੇਸ ਵੀ ਚੱਲ ਰਿਹਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ 11 ਸਾਲ ਪਹਿਲਾਂ ਉਨ੍ਹਾਂ ਗੁਰਮੇਲ ਸਿੰਘ ਨੂੰ ਘਰੋਂ ਕੱਢ ਦਿੱਤਾ ਸੀ। ਕੈਥਲ ਦੇ ਐੱਸਪੀ ਰਾਜੇਸ਼ ਕਾਲੀਆ ਨੇ ਦੱਸਿਆ ਕਿ ਗੁਰਮੇਲ ਸਿੰਘ 2019 ’ਚ ਹੱਤਿਆ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ’ਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਸਾਲ 2022 ’ਚ ਜੇਲ੍ਹ ਅੰਦਰੋਂ ਉਸ ਕੋਲੋਂ ਇਕ ਮੋਬਾਈਲ ਫੋਨ ਮਿਲਣ ਮਗਰੋਂ ਇਕ ਹੋਰ ਕੇਸ ਦਰਜ ਕੀਤਾ ਗਿਆ ਸੀ। ਉਸ ’ਤੇ ਇਕ ਨੌਜਵਾਨ ਨੂੰ ਕੁੱਟਣ ਦਾ ਕੇਸ ਵੀ ਦਰਜ ਹੈ। ਗੁਰਮੇਲ ਦੀ ਦਾਦੀ ਫੂਲੀ ਦੇਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਉਸ ਦੇ ਮਾਪਿਆਂ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਪਰਿਵਾਰ ਨੇ ਉਸ ਨਾਲੋਂ 11 ਸਾਲ ਪਹਿਲਾਂ ਨਾਤਾ ਤੋੜ ਲਿਆ ਸੀ। ਉਹ ਸਾਡੇ ਲਈ ਹੁਣ ਕੁਝ ਵੀ ਨਹੀਂ ਹੈ।’’ ਦਾਦੀ ਨੇ ਕਿਹਾ ਕਿ ਉਹ ਕੁਝ ਵੀ ਨਹੀਂ ਕਰਦਾ ਸੀ ਅਤੇ ਉਹ ਚਾਰ ਸਾਲ ਜੇਲ੍ਹ ’ਚ ਰਹਿਣ ਮਗਰੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਉਸ ਨੇ ਕਿਹਾ ਕਿ ਕਾਨੂੰਨ ਮੁਤਾਬਕ ਗੁਰਮੇਲ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ
ਵਿਰੋਧੀ ਧਿਰ ਨੇ ਮਹਾਰਾਸ਼ਟਰ ਸਰਕਾਰ ਨੂੰ ਘੇਰਿਆ
ਮੁੰਬਈ: ਵਿਰੋਧੀ ਧਿਰ ਨੇ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ’ਤੇ ਮਹਾਰਾਸ਼ਟਰ ਸਰਕਾਰ ਨੂੰ ਘੇਰਿਆ ਹੈ। ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਸੂਬਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਬਾਬਾ ਸਿੱਦੀਕੀ ਦੀ ਹੱਤਿਆ ਦੀ ਮਹਾਰਾਸ਼ਟਰ ਸਰਕਾਰ ਨੂੰ ਜ਼ਿੰਮੇਵਾਰੀ ਲੈਂਦਿਆਂ ਸੱਤਾ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਐੱਨਸੀਪੀ ਮੰਤਰੀ ਛਗਨ ਭੁਜਬਲ ਨੇ ਕਿਹਾ ਕਿ ਬਾਬਾ ਸਿੱਦੀਕੀ ਦੀ ਹੱਤਿਆ ਲਈ ਮੁੱਖ ਮੰਤਰੀ ਦੇ ਨਾਲ ਨਾਲ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਦੀ ਤਹਿਕੀਕਾਤ ਲਈ ਪੂਰੀ ਖੁੱਲ੍ਹ ਦੇਣੀ ਚਾਹੀਦੀ ਹੈ। ਐੱਨਸੀਪੀ (ਐੱਸਪੀ) ਦੇ ਪ੍ਰਦੇਸ਼ ਪ੍ਰਧਾਨ ਜੈਯੰਤ ਪਾਟਿਲ ਨੇ ਕਿਹਾ ਕਿ ਜੇ ਹੁਕਮਰਾਨ ਗੱਠਜੋੜ ਦੇ ਆਗੂ ਹੀ ਸੁਰੱਖਿਅਤ ਨਹੀਂ ਹਨ ਤਾਂ ਸਰਕਾਰ ਆਮ ਆਦਮੀ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੀ ਹੈ। ਕਾਂਗਰਸ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੂੰ ਮੁਕੰਮਲ ਅਤੇ ਪਾਰਦਰਸ਼ੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ ਤਾਂ ਜੋ ਦੋਸ਼ੀਆਂ ਖ਼ਿਲਾਫ਼ ਫੌਰੀ ਕਾਰਵਾਈ ਹੋ ਸਕੇ। ਖੜਗੇ ਨੇ ਕਿਹਾ ਕਿ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਮਹਾਰਾਸ਼ਟਰ ’ਚ ਅਮਨ-ਸ਼ਾਂਤੀ ਦੀ ਵਿਗੜਦੀ ਹਾਲਾਤ ਦਾ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹੁਕਮਰਾਨ ਗੱਠਜੋੜ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ’ਚ ਅਜਿਹੇ ਹਾਲਾਤ ਬਣ ਗਏ ਹਨ ਕਿ ਤਿੰਨ ਪਾਰਟੀਆਂ ਵੱਖੋ ਵੱਖਰੇ ਫ਼ੈਸਲੇ ਲੈ ਰਹੀਆਂ ਹਨ ਅਤੇ ਅਫ਼ਸਰ ਪ੍ਰੇਸ਼ਾਨ ਹਨ ਕਿ ਉਹ ਕਿਸ ਦੀ ਸੁਣਨ। ਕਾਂਗਰਸ ਦੇ ਮਹਾਰਾਸ਼ਟਰ ਮਾਮਲਿਆਂ ਦੇ ਇੰਚਾਰਜ ਰਮੇਸ਼ ਚੇਨੀਥਲਾ ਨੇ ਦਾਅਵਾ ਕੀਤਾ ਕਿ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਸਾਬਤ ਹੋ ਗਿਆ ਹੈ ਕਿ ਮੁੰਬਈ ’ਚ ਬਦਅਮਨੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਅਹੁਦੇ ਤੋਂ ਤੁਰੰਤ ਅਸਤੀਫ਼ੇ ਦੇਣੇ ਚਾਹੀਦੇ ਹਨ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਿਜੇ ਵਡੇਤੀਵਾਰ ਨੇ ਮੁੰਬਈ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਕਿ ਸਿੱਦੀਕੀ ਨੂੰ 15 ਦਿਨ ਪਹਿਲਾਂ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਨ੍ਹਾਂ ਕਿਹਾ ਕਿ ਫਿਲਮ ਅਦਾਕਾਰ ਦੇ ਘਰ ਬਾਹਰ ਵੀ ਗੋਲੀ ਚੱਲੀ ਸੀ ਅਤੇ ਕੀ ਸਿੱਦੀਕੀ ਦੀ ਹੱਤਿਆ ਦਾ ਉਸ ਮਾਮਲੇ ਨਾਲ ਕੁਝ ਲੈਣਾ-ਦੇਣਾ ਹੈ। ਸ਼ਿਵ ਸੈਨਾ (ਯੂਬੀਟੀ) ਆਗੂ ਸੰਜੇ ਰਾਊਤ ਨੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਅਸਤੀਫ਼ਾ ਨਹੀਂ ਦਿੰਦੇ ਹਨ ਤਾਂ ਰਾਜਪਾਲ ਨੂੰ ਉਨ੍ਹਾਂ ਦਾ ਅਸਤੀਫ਼ਾ ਲੈਣਾ ਚਾਹੀਦਾ ਹੈ। ਰਾਊਤ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਪੁਲੀਸ ਦੇ ਕੰਮਕਾਜ ’ਚ ਦਖ਼ਲ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਸਰਕਾਰ ’ਚ ਗੈਂਗ ਵਾਰ ਚੱਲ ਰਹੀ ਹੈ। ਪਾਰਟੀ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਜੇ ਸੁਰੱਖਿਆ ਪ੍ਰਾਪਤ ਵਿਅਕਤੀ ਦੀ ਹੱਤਿਆ ਹੋ ਸਕਦੀ ਹੈ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ। -ਪੀਟੀਆਈ
ਪੰਜਾਬ ਨਾਲ ਵੀ ਜੁੜਨ ਲੱਗੇ ਬਾਬਾ ਸਿੱਦੀਕੀ ਕਤਲ ਮਾਮਲੇ ਦੇ ਤਾਰ
ਪਟਿਆਲਾ (ਸਰਬਜੀਤ ਸਿੰਘ ਭੰਗੂ): ਮਹਾਰਸ਼ਟਰ ਦੇ ਸਾਬਕਾ ਮੰਤਰੀ ਤੇ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਦੇ ਤਾਰ ਪੰਜਾਬ ਨਾਲ ਵੀ ਜੁੜਨ ਲੱਗੇ ਹਨ ਕਿਉਂਕਿ ਇਸ ਘਟਨਾਕ੍ਰਮ ’ਚ ਇੱਕ ਮੁਲਜ਼ਮ ਵਜੋਂ ਚਰਚਾ ’ਚ ਆਇਆ ਮੁਹੰਮਦ ਜ਼ੀਸ਼ਾਨ ਅਖ਼ਤਰ ਪੰਜਾਬ ਦਾ ਵਸਨੀਕ ਹੈ। ਉਹ ਨਕੋਦਰ ਦੇ ਸ਼ਾਕਰ ਪਿੰਡ ਦਾ ਵਾਸੀ ਹੈ। ਪੁਲੀਸ ਮੁਤਾਬਕ ਅਖ਼ਤਰ ਨੂੰ ਜਲੰਧਰ ਦਿਹਾਤੀ ਪੁਲੀਸ ਨੇ 2022 ’ਚ ਸੰਗਠਤ ਅਪਰਾਧ, ਹੱਤਿਆ ਅਤੇ ਡਕੈਤੀ ਦੇ ਮਾਮਲਿਆਂ ’ਚ ਗ੍ਰਿਫ਼ਤਾਰ ਕੀਤਾ ਸੀ। ਉਹ ਪਟਿਆਲਾ ਜੇਲ੍ਹ ’ਚੋਂ ਸਵਾ ਦੋ ਮਹੀਨੇ ਪਹਿਲਾਂ ਹੀ ਰਿਹਾਅ ਹੋਇਆ ਸੀ। ਏਜੀਟੀਐੱਫ ਦੇ ਅਧਿਕਾਰੀਆਂ ਨੇ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਅਖ਼ਤਰ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਵੇਰਵਿਆਂ ਅਨੁਸਾਰ ਜੀਸ਼ਾਨ ਅਖਤਰ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਸ਼ਾਜਿਸ਼ ਤੋਂ ਜਾਣੂ ਸੀ ਤੇ ਇਸ ਮਾਮਲੇ ’ਚ ਮਸ਼ਕੂਕ ਗੁਰਮੇਲ ਸ਼ੂਟਰ ਦਾ ਬਿਸ਼ਨੋਈ ਗੈਂਗ ਨਾਲ ਉਸ ਨੇ ਹੀ ਸੰਪਰਕ ਕਰਵਾਇਆ ਸੀ। ਮੰਨਿਆ ਜਾ ਰਿਹਾ ਹੈ ਕਿ ਅਖ਼ਤਰ ਤਿੰਨੋਂ ਸ਼ੂਟਰਾਂ ਨੂੰ ਨਿਰਦੇਸ਼ ਦੇ ਰਿਹਾ ਸੀ ਅਤੇ ਉਸ ਨੇ ਸਿੱਦੀਕੀ ਦੇ ਥਹੁ-ਟਿਕਾਣੇ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੇ ਤਿੰਨਾਂ ਲਈ ਕਿਰਾਏ ਦੇ ਕਮਰਿਆਂ ਦਾ ਵੀ ਪ੍ਰਬੰਧ ਕੀਤਾ ਸੀ। ਗੁਰਮੇਲ ਸ਼ੂਟਰ ਨਾਲ ਅਖਤਰ ਦੀ ਨੇੜਤਾ ਕੁਰੂਕਸ਼ੇਤਰ ਜੇਲ੍ਹ ’ਚ ਰਹਿੰਦਿਆਂ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀਸ਼ਾਨ ਨੇ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਰਹਿਣ ਦੌਰਾਨ ਵੀ ਗੁਰਮੇਲ ਸ਼ੂਟਰ ਦੇ ਨਾਲ ਰਾਬਤਾ ਬਣਾਈ ਰੱਖਿਆ। ਇਸੇ ਹਵਾਲੇ ਨਾਲ ਸੁਰੱਖਿਆ ਏਜੰਸੀਆਂ ਨੇ ਉਸ ਸਮੇਂ ਦੀਆਂ ਸਰਗਰਮੀਆਂ ਦੀ ਜਾਂਚ ਵਿੱਢੀ ਹੈ।