ਬਾਬਾ ਸਿੱਦੀਕੀ ਹੱਤਿਆ ਮਾਮਲਾ: ਅਕੋਲਾ ਤੋਂ ਸਲਮਾਨਭਾਈ ਗ੍ਰਿਫ਼ਤਾਰ
ਮੁੰਬਈ, 17 ਨਵੰਬਰ
ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਮੁੰਬਈ ਦੀ ਅਪਰਾਧ ਸ਼ਾਖਾ ਨੇ ਅੱਜ ਮਹਾਰਾਸ਼ਟਰ ਦੇ ਅਕੋਲਾ ਤੋਂ ਗੁਜਰਾਤ ਦੇ ਵਸਨੀਕ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਅਕੋਲਾ ਦੇ ਬਾਲਾਪੁਰ ਤੋਂ ਸਲਮਾਨਭਾਈ ਇਕਬਾਲਭਾਈ ਵੋਹਰਾ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ’ਚ ਹੁਣ ਤੱਕ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਲਮਾਨਭਾਈ ਨੇ ਮਈ ’ਚ ਬੈਂਕ ਖ਼ਾਤਾ ਖੋਲ੍ਹ ਕੇ ਨਰੇਸ਼ ਕੁਮਾਰ ਸਿੰਘ, ਮੁਲਜ਼ਮ ਦੇ ਗ੍ਰਿਫ਼ਤਾਰ ਭਰਾ ਗੁਰਮੇਲ ਸਿੰਘ, ਰੁਪੇਸ਼ ਮੋਹੋਲ ਅਤੇ ਹਰੀਸ਼ ਕੁਮਾਰ ਨੂੰ ਵਿੱਤੀ ਸਹਾਇਤਾ ਦਿੱਤੀ ਸੀ। ਉਸ ਨੇ ਬਾਬਾ ਸਿੱਦੀਕੀ ਦੀ ਹੱਤਿਆ ਨਾਲ ਜੁੜੇ ਹੋਰ ਵਿਅਕਤੀਆਂ ਦੀ ਵੀ ਸਹਾਇਤਾ ਕੀਤੀ ਸੀ। ਸਿੱਦੀਕੀ ਦੀ ਹੱਤਿਆ ਮਗਰੋਂ ਹਰਿਆਣਾ ਦੇ ਗੁਰਮੇਲ ਸਿੰਘ ਅਤੇ ਯੂਪੀ ਦੇ ਧਰਮਰਾਜ ਕਸ਼ਯਪ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲੀਸ ਨੇ ਹੁਣੇ ਜਿਹੇ ਮੁੱਖ ਸ਼ੂਟਰ ਸ਼ਿਵ ਕੁਮਾਰ ਗੌਤਮ ਨੂੰ ਉਤਰ ਪ੍ਰਦੇਸ਼ ਦੇ ਬਹਿਰਾਈਚ ਤੋਂ ਗ੍ਰਿਫ਼ਤਾਰ ਕੀਤਾ ਸੀ। ਗੌਤਮ ਦੀ 12 ਅਕਤੂਬਰ ਤੋਂ ਭਾਲ ਕੀਤੀ ਜਾ ਰਹੀ ਸੀ ਅਤੇ ਉਸ ਨੂੰ ਨੇਪਾਲ ਭੱਜਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ