ਬਾਬਾ ਸਿੱਦੀਕੀ ਕਤਲ ਕੇਸ: ਮੁਲਜ਼ਮ ਦੇ ਫ਼ੋਨ ਵਿੱਚ ਮਿਲੀ ਜ਼ੀਸ਼ਾਨ ਸਿੱਦੀਕੀ ਦੀ ਫੋਟੋ
ਮੁੰਬਈ, 19 ਅਕਤੂਬਰ
baba siddique murder case: ਐਨਸੀਪੀ ਨੇਤਾ ਬਾਬਾ ਸਿੱਦੀਕੀ ਕਤਲ ਮਾਮਲੇ ਵਿਚ ਮੁੰਬਈ ਪੁਲੀਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਉਸਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦੀ ਫੋਟੋ ਇੱਕ ਮੁਲਜ਼ਮ ਦੇ ਫੋਨ ਵਿੱਚੋ ਮਿਲੀ ਹੈ। ਪੁਲੀਸ ਮੁਤਾਬਕ ਇਹ ਤਸਵੀਰ ਮੁਲਜ਼ਮਾਂ ਨਾਲ ਉਨ੍ਹਾਂ ਦੇ ਹੈਂਡਲਰ ਨੇ ਸਨੈਪਚੈਟ ਰਾਹੀਂ ਸਾਂਝੀ ਕੀਤੀ ਸੀ। ਮੁੰਬਈ ਪੁਲੀਸ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਨਿਸ਼ਾਨੇਬਾਜ਼ਾਂ ਅਤੇ ਸਾਜ਼ਿਸ਼ਕਰਤਾਵਾਂ ਨੇ ਸਨੈਪਚੈਟ ਦੀ ਵਰਤੋਂ ਹਦਾਇਤਾਂ ਤੋਂ ਬਾਅਦ ਮਿਟਾਏ ਜਾਣ ਵਾਲੇ ਸੰਦੇਸ਼ਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਕੀਤੀ।
ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਕਈ ਖੁਲਾਸੇ
ਮੁੰਬਈ ਕ੍ਰਾਈਮ ਬ੍ਰਾਂਚ ਨੇ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਰਾਮ ਕਨੌਜੀਆ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪਹਿਲਾ ਵਿਅਕਤੀ ਸੀ ਜਿਸ ਨੂੰ ਐੱਨਸੀਪੀ ਨੇਤਾ ਦੀ ਹੱਤਿਆ ਦੀ ਸੁਪਾਰੀ ਦਿੱਤੀ ਗਈ ਸੀ ਅਤੇ ਉਸ ਨੇ ਪਹਿਲਾਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਸ ਦੇ ਬਿਆਨ ਅਨੁਸਾਰ ਭਗੌੜੇ ਮੁਲਜ਼ਮ ਸ਼ੁਭਮ ਲੋਨਕਰ ਨੇ ਪਹਿਲਾਂ ਬਾਬਾ ਸਿੱਦੀਕੀ ਨੂੰ ਮਾਰਨ ਦੀ ਸੁਪਾਰੀ ਰਾਮ ਕਨੌਜੀਆ ਨੂੰ ਦਿੱਤੀ ਸੀ। ਕਨੌਜੀਆ ਨੇ ਇਸ ਕਤਲ ਨੂੰ ਅੰਜਾਮ ਦੇਣ ਲਈ ਇੱਕ ਕਰੋੜ ਰੁਪਏ ਦੀ ਫੀਸ ਮੰਗੀ ਸੀ।
ਮੁੰਬਈ ਕ੍ਰਾਈਮ ਬ੍ਰਾਂਚ ਦੁਆਰਾ ਪੁੱਛਗਿੱਛ ਦੌਰਾਨ ਰਾਮ ਕਨੌਜੀਆ ਨੇ ਖੁਲਾਸਾ ਕੀਤਾ ਕਿ ਸ਼ੁਭਮ ਲੋਨਕਰ ਨੇ ਬਾਬਾ ਸਿੱਦੀਕੀ ਨੂੰ ਮਾਰਨ ਲਈ ਪਹਿਲਾਂ ਉਸਨੂੰ ਅਤੇ ਨਿਤਿਨ ਸਪਰੇ ਨੂੰ ਇਕਰਾਰਨਾਮੇ ਦੀ ਪੇਸ਼ਕਸ਼ ਕੀਤੀ ਸੀ। ਕਨੌਜੀਆ ਬਾਬਾ ਸਿੱਦੀਕੀ ਦੀ ਹੱਤਿਆ ਦੇ ਨਤੀਜਿਆਂ ਨੂੰ ਜਾਣਦਾ ਸੀ, ਜਿਸ ਕਾਰਨ ਉਹ ਇਕਰਾਰਨਾਮਾ ਕਰਨ ਲਈ ਝਿਜਕ ਰਿਹਾ ਸੀ। ਇਸ ਤੋਂ ਬਾਅਦ ਸ਼ੁਭਮ ਲੋਨਕਰ ਨੇ ਉੱਤਰ ਪ੍ਰਦੇਸ਼ ਤੋਂ ਨਿਸ਼ਾਨੇਬਾਜ਼ਾਂ ਨੂੰ ਚੁਣਿਆ।
ਬਾਅਦ ਵਿੱਚ ਉੱਤਰ ਪ੍ਰਦੇਸ਼ ਵਿੱਚ ਦਿੱਤੀ ਸੁਪਾਰੀ
ਬਿਆਨ ਵਿਚ ਕਿਹਾ ਗਿਆ ਹੈ ਕਿ ਕਨੌਜੀਆ ਨੇ ਖੁਲਾਸਾ ਕੀਤਾ ਕਿ ਸ਼ੁਭਮ ਲੋਨਕਰ ਨੂੰ ਪਤਾ ਸੀ ਕਿ ਉੱਤਰ ਪ੍ਰਦੇਸ਼ ਦੇ ਲੋਕ ਮਹਾਰਾਸ਼ਟਰ ਵਿੱਚ ਬਾਬਾ ਸਿੱਦੀਕੀ ਦੇ ਕੱਦ ਜਾਂ ਵੱਕਾਰ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਇਸ ਲਈ ਉਹ ਘੱਟ ਕੀਮਤ ’ਤੇ ਕਤਲ ਨੂੰ ਅੰਜਾਮ ਦੇਣ ਲਈ ਸਹਿਮਤ ਹੋਣਗੇ। ਜਦੋਂ ਰਾਮ ਕਨੌਜੀਆ ਅਤੇ ਨਿਤਿਨ ਸਪਰੇ ਪਿੱਛੇ ਹਟੇ ਤਾਂ ਸ਼ੁਭਮ ਨੇ ਉੱਤਰ ਪ੍ਰਦੇਸ਼ ਤੋਂ ਧਰਮ ਰਾਜ ਕਸ਼ਯਪ, ਗੁਰਨੈਲ ਸਿੰਘ ਅਤੇ ਸ਼ਿਵਕੁਮਾਰ ਗੌਤਮ ਨੂੰ ਇਸ ਕੰਮ ਲਈ ਹਾਇਰ ਕੀਤਾ।
ਯੋਗੇਸ਼ ਸ਼ੂਟਰ ਦਾ ਬਿਆਨ ਸਾਹਮਣੇ ਆਉਣ ’ਤੇ ਤਿੰਨ ਪੁਲੀਸ ਮੁਲਾਜ਼ਮ ਮੁਅੱਤਲ
ਉਧਰ ਇਸ ਮਾਮਲੇ ਸਬੰਧੀ ਮਥੁਰਾ ਦੇ ਐਸਐਸਪੀ ਸ਼ੈਲੇਸ਼ ਪਾਂਡੇ ਨੇ ਲਾਰੇਂਸ ਬਿਸ਼ਨੋਈ ਦੇ ਸ਼ਾਰਪ ਸ਼ੂਟਰ ਯੋਗੇਸ਼ ਦੇ ਵੀਡੀਓ ਬਿਆਨ ਤੋਂ ਬਾਅਦ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਵਾਇਰਲ ਸ਼ਾਰਪਸ਼ੂਟਰ ਨੂੰ ਰਿਫਾਇਨਰੀ ਪੁਲਿਸ ਸਟੇਸ਼ਨ ਵਿਚ ਪੁਲਿਸ ਹਿਰਾਸਤ ਵਿਚ ਹੋਣ ਦੇ ਦੌਰਾਨ ਸਥਾਨਕ ਮੀਡੀਆ ਕਰਮਚਾਰੀਆਂ ਨਾਲ ਗੱਲ ਕਰਦੇ ਹੋਏ ਦੇਖਿਆ ਗਿਆ ਸੀ। ਇਸ ਦੌਰਾਨ ਸ਼ੂਟਰ ਯੋਗੇਸ਼ ਨੇ ਕਿਹਾ ਸੀ ਕਿ ਮਥੁਰਾ ’ਚ ਉਸ ਦਾ ਮੁਕਾਬਲਾ ਫਰਜ਼ੀ ਸੀ ਅਤੇ ਉਸ ਨੇ ਮੁੰਬਈ ’ਚ ਗੋਲੀ ਮਾਰ ਕੇ ਮਾਰੇ ਗਏ ਐਨਸੀਪੀ ਨੇਤਾ ਬਾਬਾ ਸਿੱਦੀਕੀ ਬਾਰੇ ਬਿਆਨ ਦਿੱਤਾ ਸੀ। ਏਐੱਨਆਈ
ਇਸ ਮਾਮਲੇ ਨੂੰ ਲੈ ਕੇ ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦਾ ਹਾਲ ਹੀ ਵਿਚ ਕੀਤਾ ਗਿਆ ਟਵੀਟ:-
My father lost his life protecting and saving the lives and homes of poor innocent people. Today, my family is broken but his death must not be politicised and definitely not go in vain.
I NEED JUSTICE, MY FAMILY NEEDS JUSTICE!— Zeeshan Siddique (@zeeshan_iyc) October 17, 2024