ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜੇ ਨੇ ਜਿੱਤੇ ਚਾਲੀ ਸੋਨ ਤਗ਼ਮੇ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 26 ਸਤੰਬਰ
ਮੋਗਾ ਵਿੱਚ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ (ਵੱਖੋ-ਵੱਖਰੇ ਭਾਰ ਤੇ ਉਮਰ ਦੇ ਵਰਗਾਂ) ਨਿਹਾਲ ਸਿੰਘ ਵਾਲਾ ਦੀ ਨਾਮੀ ਖੇਡ ਸੰਸਥਾ ’ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ’ ਪਿੰਡ ਧੂੜਕੋਟ ਰਣਸੀਂਹ ਦੇ ਪਹਿਲਵਾਨਾਂ ਨੇ 60 ਤਗ਼ਮੇ ਜਿੱਤੇ। ਇਨ੍ਹਾਂ ਵਿੱਚੋਂ 22 ਸੋਨ ਤਗ਼ਮੇ ਪਹਿਲਵਾਨ ਲੜਕੀਆਂ ਅਤੇ 18 ਸੋਨ ਤਗ਼ਮੇ ਪਹਿਲਵਾਨ ਲੜਕਿਆਂ ਨੇ ਹਾਸਲ ਜਿੱਤੇ। ਬਾਕੀ ਵੀਹ ਚਾਂਦੀ ਤੇ ਕਾਂਸੀ ਦੇ ਤਗ਼ਮੇ ਵੀ ਅਖਾੜੇ ਦੇ ਪਹਿਲਵਾਨਾਂ ਦੇ ਹਿੱਸੇ ਆਏ। ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਵਿੱਚ ਪਹਿਲਵਾਨਾਂ ਦੇ ਸਨਮਾਨ ਸਮੇਂ ਅਖਾੜਾ ਕਮੇਟੀ ਅਤੇ ਮੋਗਾ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰ ਗੁਰਪਰਤਾਪ ਸਿੰਘ ‘ਦੀਪ ਹਸਪਤਾਲ਼’ ਨੇ ਕੁਸ਼ਤੀ ਕੋਚ ਜਗਦੀਪ ਸਿੰਘ (ਜੱਗੂ) ਅਤੇ ਪਹਿਲਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਕੁਸ਼ਤੀ ਅਖਾੜਾ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਧੂੜਕੋਟ ਦੇ ਪਹਿਲਵਾਨ ਕੌਮਾਂਤਰ ਪੱਧਰ ’ਤੇ ਧੂੰਮਾਂ ਪਾ ਸਕਦੇ ਹਨ। ਇਸ ਸਮਾਗਮ ਦੌਰਾਨ ਤਮਗਾ ਜੇਤੂ ਪਹਿਲਵਾਨਾਂ ਦਾ ਸਨਮਾਨ ਕੀਤਾ ਗਿਆ। ਅਖਾੜਾ ਕਮੇਟੀ ਦੇ ਸਰਪ੍ਰਸਤ ਚਮਕੌਰ ਸਿੰਘ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਅਖਾੜੇ ਨੂੰ ਮੁਰੰਮਤ ਲਈ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਗਰਾਂਟ ਜਾਰੀ ਹੋਣ ’ਤੇ ਧੰਨਵਾਦ ਕੀਤਾ। ਇਸ ਮੌਕੇ ਕੈਪਟਨ ਹਰਦੇਵ ਸਿੰਘ, ਹਰਪ੍ਰੀਤ ਸਿੰਘ ਡੀਪੀਈ, ਖੁਸ਼ਵਿੰਦਰ ਸਿੰਘ, ਸਰਬਜੀਤ ਸਿੰਘ ਖਾਲਸਾ, ਛਿੰਦਰ ਸਿੰਘ, ਰਾਮਾ ਦਾਦਾ, ਸੇਵਕ ਸਿੰਘ ਆਦਿ ਮੌਜੂਦ ਸਨ।