ਬਾਬਾ ਸਰੂਪ ਸਿੰਘ ਦਾ ਬਰਸੀ ਸਮਾਗਮ ਕਰਵਾਇਆ
ਜਗਮੋਹਨ ਸਿੰਘ
ਰੂਪਨਗਰ, 1 ਜਨਵਰੀ
ਇੱਥੇ ਅੱਜ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਸੋਲਖੀਆਂ ਵਿਖੇ ਬਾਬਾ ਸਰੂਪ ਸਿੰਘ ਦਾ ਬਰਸੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਬੀਬਾ ਕਮਲਜੀਤ ਕੌਰ ਅਤੇ ਭਾਈ ਨਿਰਭੈ ਸਿੰਘ ਤਪਾ ਦਰਾਜ ਮੁਹਾਲੀ ਵਾਲਿਆਂ ਦੀ ਦੇਖ-ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਮਗਰੋਂ ਧਾਰਮਿਕ ਦੀਵਾਨ ਸਜਾਏ ਗਏ, ਜਿਸ ਦੌਰਾਨ ਬਾਬਾ ਰਣਜੀਤ ਸਿੰਘ ਤਪਾ ਦਰਾਜ ਮੁਹਾਲੀ, ਬਾਬਾ ਸੁਰਜਨ ਸਿੰਘ ਫੂਲ ਖੁਰਦ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਤਸਰ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਗੁਰਮੇਲ ਸਿੰਘ ਸ੍ਰੀ ਚਮਕੌਰ ਸਾਹਿਬ, ਬਾਬਾ ਬਲਵਿੰਦਰ ਸਿੰਘ ਨਾਨਕਸਰ ਸਾਹਿਬ ਸਿੰਘਪੁਰਾ, ਬਾਬਾ ਪਰਮਜੀਤ ਸਿੰਘ ਢਿੱਡਾ ਸਾਹਿਬ ਅਤੇ ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲਿਆਂ ਨੇ ਸੰਗਤ ਨੂੰ ਕਥਾ ਤੇ ਕੀਰਤਨ ਸੁਣਾ ਕੇ ਨਿਹਾਲ ਕੀਤਾ। ਸਮਾਗਮ ਦੇ ਅਖੀਰ ਵਿੱਚ ਭਾਈ ਨਿਰਭੈ ਸਿੰਘ ਤਪਾ ਦਰਾਜ ਵਾਲਿਆਂ ਨੇ ਸੰਗਤ ਦਾ ਧੰਨਵਾਦ ਕਰਦਿਆਂ ਹੋਇਆਂ ਨਵੇਂ ਸਾਲ ਦੌਰਾਨ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ।
ਘਨੌਲੀ ਵਿੱਚ ਗੁਰਮਤਿ ਸਮਾਗਮ ਕਰਵਾਇਆ
ਘਨੌਲੀ: ਨੌਜਵਾਨ ਸਭਾ ਘਨੌਲੀ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਘਨੌਲੀ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਬੀਤੀ ਸ਼ਾਮ ਪੰਜ ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਕਰਵਾਏ ਸਮਾਗਮ ਦੌਰਾਨ ਭਾਈ ਬਲਜੋਤ ਸਿੰਘ ਹਜ਼ੂਰੀ ਰਾਗੀ ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਭਾਈ ਜਲਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਬਾਬਾ ਪਰਮਪ੍ਰੀਤ ਸਿੰਘ ਨਥਮਲਪੁਰ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਬਾਬਾ ਪਰਮਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ, ਜਿਸ ਨਾਲ ਨੌਜਵਾਨ ਗੁਰ ਇਤਿਹਾਸ ਤੇ ਪੰਥ ਪ੍ਰਤੀ ਪ੍ਰੇਰਿਤ ਹੋ ਕੇ ਗੁਰੂ ਵਾਲੇ ਬਣ ਸਕਣ। ਇਸ ਮੌਕੇ ਅਮਨਦੀਪ ਸਿੰਘ ਲਾਲੀ, ਹੈੱਡ ਗ੍ਰੰਥੀ ਭਾਈ ਅਜੈਬ ਸਿੰਘ, ਇੰਦਰ ਪਾਬਲਾ, ਜਸਵੀਰ ਸਿੰਘ, ਦਵਿੰਦਰ ਸਿੰਘ, ਸਰਪੰਚ ਕੁਲਦੀਪ ਸਿੰਘ ਜੇਈ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਜਸਵੀਰ ਸਿੰਘ, ਰਜਿੰਦਰ ਸਿੰਘ ਗੋਗਾ, ਸੁਰਿੰਦਰ ਸਿੰਘ ਛਿੰਦਾ ਅਤੇ ਜੀਤ ਸਿੱਧੂ ਹਾਜ਼ਰ ਸਨ।