ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ‘ਬਾਬਾ’ ਰਹਿਮਾ

06:58 AM Jul 06, 2024 IST

ਹਰਦਿਆਲ ਸਿੰਘ ਥੂਹੀ
Advertisement

ਤੂੰਬੇ ਅਲਗੋਜ਼ੇ ਦੀ ਗਾਇਕੀ ਚੜ੍ਹਦੇ ਤੇ ਲਹਿੰਦੇ ਦੋਵੇਂ ਪੰਜਾਬਾਂ ਦੀ ਸਾਂਝੀ ਗਾਇਕੀ ਹੈ। ਸਾਂਝੇ ਪੰਜਾਬ ਵਿੱਚ ਇਸ ਗਾਇਨ ਵੰਨਗੀ ਨਾਲ ਜੁੜੇ ਹੋਏ ਬਹੁਗਿਣਤੀ ਗਾਇਕ ਮੁਸਲਮਾਨ ਸਨ। ਇਨ੍ਹਾਂ ਵਿੱਚੋਂ ਮਾਲੇਰਕੋਟਲਾ ਰਿਆਸਤ ਵਾਲਿਆਂ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਨਵੇਂ ਬਣੇ ਪਾਕਿਸਤਾਨ ਵਿੱਚ ਚਲੇ ਗਏ ਸਨ। ਉੱਧਰ ਗਿਆਂ ਵਿੱਚ ਮੁਹੰਮਦ ਸਦੀਕ ਔੜੀਆ, ਫ਼ਜ਼ਲ ਟੁੰਡਾ ਜਗਰਾਵਾਂ ਵਾਲਾ, ਰਹਿਮਾ, ਨਿੱਕਾ, ਸੂਬਾ ਗੁੱਜਰ, ਸ਼ਫੀ ਤੇਲੀ, ਸ਼ੇਰੂ, ਸ਼ਰੀਫ ਬੋਲਾ, ਫਰਜ਼ੰਦ ਅਲੀ, ਨਸੀਰੂਦੀਨ, ਸਦਰਦੀਨ, ਉਮਰਦੀਨ ਆਦਿ ਸਨ। ਕੁਝ ਅਜਿਹੇ ਵੀ ਹਨ, ਜਿਨ੍ਹਾਂ ਦਾ ਜਨਮ ਇੱਧਰ ਹੋਇਆ ਪ੍ਰੰਤੂ ਗੌਣ ਉਨ੍ਹਾਂ ਨੇ ਉੱਧਰ ਜਾ ਕੇ ਸਿੱਖਿਆ। ਇਨ੍ਹਾਂ ਵਿੱਚੋਂ ਹੀ ਇੱਕ ਹੈ ਬਾਬਾ ਰਹਿਮਾ ਰਾਗੀ ਜਹਾਂਗੀਰ ਵਾਲਾ।
ਬਾਬਾ ਰਹਿਮਾ ਦਾ ਜਨਮ ਦੇਸ਼ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਦੇ ਸ਼ਾਹਕੋਟ ਬੱਸੀਆਂ ਨੇੜਲੇ ਪਿੰਡ ਆਲੇ ਆਲੀ ਵਿੱਚ ਪਿਤਾ ਬਾਬਾ ਸ਼ਾਦੀ ਤੇ ਮਾਤਾ ਅੱਜਾਂ (ਅਜ਼ਮਤ ਬੀਬੀ) ਦੇ ਘਰ 1940 ਵਿੱਚ ਹੋਇਆ। ਉਸ ਦਾ ਪੂਰਾ ਨਾਂ ਰਹਿਮਾਨ ਹੈ। ਉਸ ਦਾ ਪਿਤਾ ਬੱਕਰੀਆਂ ਪਾਲਦਾ ਸੀ। ਅਜੇ ਮਸਾਂ ਛੇ-ਸੱਤ ਸਾਲਾਂ ਦਾ ਹੀ ਹੋਇਆ ਸੀ ਕਿ ਦੇਸ਼ ਦੀ ਵੰਡ ਹੋ ਗਈ। ਰੌਲੇ-ਰੱਪੇ ਦੌਰਾਨ ਸਭ ਕੁਝ ਛੱਡ ਛੁਡਾ ਕੇ ਬਚਦੇ ਬਚਾਉਂਦੇ ਉਹ ਬਾਕੀ ਪਰਿਵਾਰਾਂ ਨਾਲ ਜਲੰਧਰ ਕੈਂਪ ਵਿੱਚ ਪਹੁੰਚ ਗਏ। ਉੱਥੋਂ ਲਾਹੌਰ ਪਹੁੰਚੇ। ਉੱਧਰ ਲਾਇਲਪੁਰ (ਹੁਣ ਫੈਸਲਾਬਾਦ) ਜ਼ਿਲ੍ਹੇ ਦੇ ਪਿੰਡ ਜਹਾਂਗੀਰ ਟਿਕਾਣਾ ਮਿਲਿਆ। ਫ਼ਕੀਰ ਬਰਾਦਰੀ ਨਾਲ ਸਬੰਧਤ ਹੋਣ ਕਾਰਨ ਇਨ੍ਹਾਂ ਦੇ ਬਜ਼ੁਰਗਾਂ ਨੂੰ ਸਤਿਕਾਰ ਨਾਲ ‘ਬਾਬਾ’ ਕਿਹਾ ਜਾਂਦਾ ਸੀ। ਬਾਬਾ ਮੇਹਰਦੀਨ ਜੋ ਇਨ੍ਹਾਂ ਦੇ ਵਡੇਰਿਆਂ ਵਿੱਚੋਂ ਸੀ, ਉਹ ਵੀ ਇੱਧਰੋਂ ਜਲੰਧਰੋਂ ਹੀ ਇਨ੍ਹਾਂ ਨਾਲ ਉੱਧਰ ਗਿਆ ਸੀ। ਬਾਬਾ ਮੇਹਰਦੀਨ ਇੱਧਰ ਜਗਰਾਵਾਂ ਵਾਲੇ ਪੀਰ ਮੋਹਕਮਦੀਨ ਦਾ ਮੁਰੀਦ ਸੀ ਅਤੇ ਤੂੰਬੇ ਨਾਲ ਪੀਰ ਦੀ ਉਸਤਤ ਗਾਇਆ ਕਰਦਾ ਸੀ। ਉਸ ਨੂੰ ਬਹੁਤ ਸਾਰਾ ‘ਗੌਣ’ ਯਾਦ ਸੀ। ਮੇਹਰਦੀਨ ਨੂੰ ਸੁਣ ਸੁਣ ਕੇ ਰਹਿਮੇ ਨੂੰ ਵੀ ਇਸ ਰਾਗ ਦੀ ਲਗਨ ਲੱਗ ਗਈ। ਇਸ ਤਰ੍ਹਾਂ ਛੋਟੀ ਉਮਰ ਵਿੱਚ ਹੀ ਉਹ ਤੂੰਬਾ ਵਜਾਉਣ ਲੱਗ ਪਿਆ ਅਤੇ ਬਹੁਤ ਸਾਰਾ ‘ਗੌਣ’ ਵੀ ਕੰਠ ਕਰ ਲਿਆ। ਤੂੰਬਾ ਉਸ ਨੇ ਟੋਭੇ ਵਾਲੇ ਮਸ਼ਹੂਰ ਕਾਰੀਗਰ ਬਾਬਾ ਅਜ਼ੀਜ ਤੋਂ ਬਣਵਾਇਆ ਸੀ ਜਿਸ ਨੂੰ ਉਸ ਨੇ ਹੁਣ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਤੂੰਬੇ ਜੋੜੀ ਦੀ ਗਾਇਕੀ ਦਾ ਬਾਬਾ ਬੋਹੜ ਮੁਹੰਮਦ ਸਦੀਕ ਵੀ ਇੱਧਰੋਂ ਜਲੰਧਰ ਜ਼ਿਲ੍ਹੇ ਵਿੱਚੋਂ ਗਿਆ ਸੀ। ਉਸ ਦਾ ਬਾਬਾ ਮੇਹਰਦੀਨ ਕੋਲ ਆਉਣ ਜਾਣ ਸੀ। ਇੱਥੇ ਹੀ ਬਾਬਾ ਮੇਹਰਦੀਨ ਨੇ ਰਹਿਮੇ ਦੀ ਬਾਂਹ ਸਦੀਕ ਰਾਗੀ ਨੂੰ ਫੜਾ ਦਿੱਤੀ। ਇਸ ਤਰ੍ਹਾਂ ਮੁਹੰਮਦ ਸਦੀਕ ਨੂੰ ਉਸਤਾਦ ਧਾਰ ਕੇ ਰਹਿਮੇ ਨੇ ਇਸ ਗਾਇਕੀ ਦੇ ਗੁਰ ਸਿੱਖੇ। ਉਸ ਨੇ ਉਸਤਾਦ ਦੇ ਸਾਥੀ ਰਹਿਮੇ ਤੂੰਬੇ ਵਾਲੇ ਤੋਂ ਤੂੰਬਾ ਵਜਾਉਣ ਦੀਆਂ ਬਾਰੀਕੀਆਂ ਵੀ ਸਿੱਖੀਆਂ। ਬੁਲੰਦ ਆਵਾਜ਼ ਅਤੇ ਤੂੰਬੇ ਦਾ ਮਾਹਰ ਹੋਣ ਕਾਰਨ ਚੜ੍ਹਦੀ ਜਵਾਨੀ ਵਿੱਚ ਹੀ ਰਹਿਮੇ ਦੀ ਚੰਗੀ ਸਾਖ ਬਣ ਗਈ ਅਤੇ ਫਕੀਰ ਹੋਣ ਕਾਰਨ ‘ਬਾਬਾ’ ਸ਼ਬਦ ਉਸ ਦੇ ਨਾਂ ਨਾਲ ਜੁੜ ਗਿਆ ਅਤੇ ਉਹ ਬਣ ਗਿਆ ਬਾਬਾ ਰਹਿਮਾ।
ਬਾਬੇ ਰਹਿਮੇ ਨੇ ਸਮੇਂ ਸਮੇਂ ’ਤੇ ਕਈ ਆਗੂ ਰਾਗੀਆਂ ਨਾਲ ਗਾਇਆ। ਸਦਰਦੀਨ ਸਮੁੰਦਰੀ ਵਾਲੇ ਨਾਲ ਉਸ ਦਾ ਕਈ ਸਾਲ ਜੁੱਟ ਰਿਹਾ। ਇਨ੍ਹਾਂ ਨੇ ਇਕੱਠਿਆਂ ਪੰਜ ਕੈਸੇਟਾਂ ਭਰਾਈਆਂ। ਫਜ਼ਲਦੀਨ ਨਾਲ ਲਗਾਤਾਰ ਦੋ ਸਾਲ ਗਾਇਆ। ਮਕਬੂਲ ਜੱਟ ਨਾਲ ਵੀ ਛੇ ਸੱਤ ਮਹੀਨੇ ਗਾਇਆ। ਅਜ਼ੀਜ਼ ਜੀਜੂ ਤੇ ਨੰਗਲਾਂ ਵਾਲੇ ਅਨਾਇਤ ਨਾਲ ਵੀ ਕੁਝ ਸਮਾਂ ਗਾਇਆ। ਰਾਗੀ ਉਮਰਦੀਨ ਅਰਾਈਂ ਕੋਠੀਆਂ ਵਾਲੇ ਨਾਲ ਭਰਾਵਾਂ ਵਰਗਾ ਪਿਆਰ ਸੀ।
ਬਾਬੇ ਰਹਿਮੇ ਨੇ ਸਭ ਤੋਂ ਲੰਬਾ ਸਮਾਂ ਆਪਣੇ ਗੁੁਰ ਭਾਈ ਮੁਹੰਮਦ ਸ਼ਰੀਫ ਰਾਗੀ ਸਰ ਸ਼ਮੀਰ ਵਾਲੇ ਨਾਲ ਗਾਇਆ। ਅਖਾੜਿਆਂ ਤੋਂ ਇਲਾਵਾ ਇਨ੍ਹਾਂ ਦੀ ਸਾਂਝੀ ਰਿਕਾਰਡਿੰਗ ਵੀ ਹੋਈ। ਰਹਿਮਤ ਗ੍ਰਾਮੋਫੋਨ ਹਾਊਸ ਤੋਂ ਰਿਕਾਰਡ ਹੋਈਆਂ ਸ਼ਰੀਫ ਦੀਆਂ ਕੈਸੇਟਾਂ ਵਿੱਚੋਂ ਪਹਿਲੀਆਂ ਬੱਤੀ ਕੈਸੇਟਾਂ ਵਿੱਚ ਬਾਬਾ ਰਹਿਮਾ ਹੀ ਪਾਛੂ ਤੂੰਬਾ ਵਾਦਕ ਹੈ। ਉਹ ਪਾਛੂ ਤੋਂ ਇਲਾਵਾ ਇੱਕ ਹੰਢਿਆ ਹੋਇਆ ਤਜਰਬੇਕਾਰ ਆਗੂ ਵੀ ਹੈ। ਤਰਾਸੀਆਂ ਸਾਲਾਂ ਦੇ ਬਾਬੇ ਰਹਿਮੇ ਵਿੱਚ ਅੱਜ ਵੀ ਨੌਜਵਾਨਾਂ ਵਾਲਾ ਦਮ-ਖ਼ਮ ਹੈ। ਯੂ-ਟਿਊਬ ਚੈਨਲਾਂ ’ਤੇ ਉਸ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਆਪਣੇ ਉਸਤਾਦ ਮੁਹੰਮਦ ਸਦੀਕ ਦੀ ਰਚੀ ਸੱਸੀ ਦੀ ਗਾਥਾ ਵਿੱਚੋਂ ਨਿਮਨ ਲਿਖਤ ‘ਰੰਗ’ ਉਹ ਬੜੀ ਸੋਜ਼ ਭਰੀ ਆਵਾਜ਼ ਵਿੱਚ ਗਾਉਂਦਾ ਹੈ:
ਹੱਥੀਂ ਬਾਬਲਾ ਨਦੀ ਦੇ ਵਿੱਚ ਰੋੜ੍ਹਕੇ
ਤੂੰ ਅੱਜ ਮੇਰਾ ਸਾਕ ਮੰਗਦੈਂ।
ਮਾਰੇ ਪੱਟਾਂ ’ਤੇ ਦੁਹੱਥੜ ਜੋੜ ਜੋੜ ਕੇ
ਤੂੰ ਅੱਜ ਮੇਰਾ ਸਾਕ ਮੰਗਦੈਂ।

ਤੇਰੇ ਘਰ ਵਿੱਚ ਲੈ ਲਿਆ ਜਰਮ ਮੈਂ।
ਆ ਗਈ ਦੁਨੀਆ ’ਚ ਲਿਖਾਕੇ ਮੰਦੇ ਕਰਮ ਮੈਂ।
ਸੀਨਾ ਖੋਲ੍ਹ ਕੇ ਦਿਖਾਵਾਂ ਕੀਹਨੂੰ ਬਰਮ ਮੈਂ।
ਸੱਸੀ ਡੁੱਬ ਡੁੱਬ ਜਾਵਾਂ ਵਿੱਚ ਸ਼ਰਮ ਮੈਂ।

Advertisement

ਆਪੇ ਵਿੱਚ ਸੰਦੂਕ ਦੇ ਪਾਇਆ
ਬਾਹਰੋਂ ਜਿੰਦਾ-ਕੁੰਡਾ ਲਾਇਆ
ਉਦੋਂ ਆਇਆ ਸੀ ਹਵਾਲੇ ਕੀਹਦੇ ਛੋੜਕੇ
ਤੂੰ ਅੱਜ ਮੇਰਾ ਸਾਕ ਮੰਗਦੈਂ...
ਸੂਬਾ ਪੰਜਾਬ ਤੋਂ ਇਲਾਵਾ ਬਾਬਾ ਰਹਿਮਾ ਆਪਣੇ ਸਾਥੀਆਂ ਨਾਲ ਸੂਬਾ ਸਿੰਧ ਵਿੱਚ ਵੀ ਬਹੁਤ ਸਾਰੀਆਂ ਥਾਵਾਂ ’ਤੇ ਪੈੜਾਂ ਪਾ ਚੁੱਕਾ ਹੈ। ਇਨ੍ਹਾਂ ਵਿੱਚ ਹੈਦਰਾਬਾਦ, ਲੜਕਾਣਾ, ਨਵਾਬਸ਼ਾਹ, ਬੱਤਾ, ਸ਼ਿਕਾਰਪੁਰ, ਖੈਰਪੁਰ ਆਦਿ ਸ਼ਾਮਲ ਹਨ। ਬਾਬਾ ਰਹਿਮਾ ਚਿਰਾਗਾਂ ਵਾਲੇ ਪੀਰ (ਪੀਰ ਮੋਹਕਮਦੀਨ ਜਗਰਾਵਾਂ ਵਾਲਿਆਂ) ਦਾ ਪੈਰੋਕਾਰ ਹੈ। ਉੱਧਰ ਵੀ ਉਹ ਉਨ੍ਹਾਂ ਦੀ ਯਾਦ ਵਿੱਚ ਬਣੇ ਸਥਾਨਾਂ ’ਤੇ ਲੱਗਦੇ ਉਰਸਾਂ ’ਤੇ ਆਪਣੀ ਹਾਜ਼ਰੀ ਲੁਆਉਂਦਾ ਹੈ। ਉਹ ਆਪਣੇ ਆਪ ਨੂੰ ਪੀਰ ਮੋਹਕਮਦੀਨ ਦਾ ਫ਼ਕੀਰ ਕਹਿੰਦਾ ਹੈ। ਪੀਰ ਦੀ ਉਸਤਤ ਵਿੱਚ ਵਿਸ਼ੇਸ਼ ਤੌਰ ’ਤੇ ਉਹ ਇਹ ਰਚਨਾ ਗਾਉਂਦਾ ਹੈ:
ਸਈਓ ਮੇਰੀਓ ਨੀਂ ਜਗਰਾਵਾਂ ਸ਼ਹਿਰ ਦੀ,
ਸ਼ਾਨ ਰੱਬ ਨੇ ਵਧਾਈ ਐ।
ਅੱਲ੍ਹਾ ਬਸਮਿਲਾ ਝਾਂਜਰ ਛਣਕੇ ਪੈਰ ਦੀ,
ਡਾਚੀ ਮੁਸਤਫਾ ਦੀ ਆਈ ਐ।
1962 ਵਿੱਚ ਬਾਬੇ ਰਹਿਮੇ ਦਾ ਨਿਕਾਹ ਹੋ ਗਿਆ ਸੀ। ਉਸ ਦੇ ਘਰ ਤਿੰਨ ਪੁੱਤਰਾਂ ਤੇ ਚਾਰ ਪੁੱਤਰੀਆਂ ਨੇ ਜਨਮ ਲਿਆ। ਉਸ ਦਾ ਇੱਕ ਪੁੱਤਰ ਹਬੀਬ ਆਪਣੇ ਪਿਓ ਦੇ ਨਕਸ਼ੇ ਕਦਮਾਂ ’ਤੇ ਚੱਲਿਆ। ਹਬੀਬ ਆਪਣੀ ਮਿਹਨਤ ਸਦਕਾ ਚੜ੍ਹਦੀ ਉਮਰੇ ਹੀ ਇੱਕ ਨਾਮੀ ਤੂੰਬਾ ਵਾਦਕ ਪਾਛੂ ਬਣ ਗਿਆ ਸੀ। ਉਸ ਨੇ ਕੋਠੀਆਂ ਵਾਲੇ ਪ੍ਰਸਿੱਧ ਰਾਗੀ ਉਮਰਦੀਨ ਨਾਲ ਬਤੌਰ ਪਾਛੂ ਕਈ ਸਾਲ ਗਾਇਆ ਪਰ ਉਹ ਭਰ ਜਵਾਨੀ ਵਿੱਚ ਹੀ ਅੱਲ੍ਹਾ ਨੂੰ ਪਿਆਰਾ ਹੋ ਗਿਆ। ਉਸ ਦੀ ਗੱਲ ਕਰਦਾ ਹੋਇਆ ਬਾਬਾ ਰਹਿਮਾ ਉਦਾਸ ਹੋ ਜਾਂਦਾ ਹੈ। ਅੱਲ੍ਹਾ ਤਾਲਾ ਬਾਬੇ ਰਹਿਮੇ ਨੂੰ ਤੰਦਰੁਸਤ ਲੰਮੀ ਉਮਰ ਬਖ਼ਸ਼ੇ ਤਾਂ ਕਿ ਨਵੇਂ ਰਾਗੀ ਉਸ ਤੋਂ ਪ੍ਰੇਰਨਾ ਲੈਂਦੇ ਰਹਿਣ।
ਸੰਪਰਕ: 84271-00341

Advertisement