ਮਾਨਸਾ ਦੇ ਬਾਬੇ ਪਾ ਰਹੇ ਨੇ ਗੱਭਰੂਆਂ ਨੂੰ ਮਾਤ
ਹਰਦੀਪ ਸਿੰਘ ਜਟਾਣਾ
ਮਾਨਸਾ, 18 ਅਗਸਤ
ਹੱਕਾਂ ਦੀ ਪ੍ਰਾਪਤੀ ਲਈ ਸਮੇਂ ਦੀਆਂ ਸਰਕਾਰਾਂ ਅਤੇ ਅਫ਼ਸਰਸ਼ਾਹੀ ਖਿ਼ਲਾਫ਼ ਲੜੇ ਜਾ ਰਹੇ ਜਨਤਕ ਸੰਘਰਸ਼ਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਬਜ਼ੁਰਗ ਮੋਹਰੀ ਭੂੂਮਿਕਾਵਾਂ ਨਿਭਾਅ ਰਹੇ ਹਨ । ਜਿੱਥੇ ਬੁੱਢੇ ਹੱਥ ਲਾਲ ਤੇ ਹਰੇ ਝੰਡੇ ਚੁੱਕ ਕੇ ਮਰਨ ਵਰਤਾਂ, ਭੁੱਖ ਹੜਤਾਲਾਂ, ਰੋਸ ਰੈਲੀਆਂ ਵਿੱਚ ਅੱਗੇ ਹੋ ਕੇ ਸਰਕਾਰੀ ਡੰਡੇ ਨਾਲ ਭਿੜਦੇ ਹਨ ਉੱਥੇ ਨੌਜਵਾਨ ਪੀੜ੍ਹੀ ਆਪਣੇ ਹੱਕ ਪ੍ਰਾਪਤੀ ਲਈ ਸੰਘਰਸ਼ ਕਰਨ ਤੋਂ ਭੱਜਦੀ ਨਜ਼ਰ ਆ ਰਹੀ ਹੈ। ਕਦੇ ਵਕਤ ਸੀ ਜਦੋਂ ਮਾਨਸਾ ਦੇ ਸੰਘਰਸ਼ੀ ਨੌਜਵਾਨ ਪੰਜਾਬ ਭਰ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਪੁਲੀਸ ਰੋਕਾਂ ਨੂੰ ਚੀਰਦੇ ਹੋਏ ਜਿੱਤਾਂ ਦੇ ਝੰਡੇ ਬੁਲੰਦ ਕਰਿਆ ਕਰਦੇ ਸਨ ਪਰ ਹੁਣ ਲੋਕ ਸੰਘਰਸ਼ਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਮਾਨਸਾ ਵਿੱਚ ਅਕਾਲ ਜਿਹਾ ਪੈ ਗਿਆ ਲੱਗਦਾ ਹੈ। ਦੂਸਰੇ ਪਾਸੇ ਸੀਪੀਆਈ ਐੱਮਐਲ ਦਾ ਆਗੂ 93 ਸਾਲਾ ਬਜ਼ੁਰਗ ਕ੍ਰਿਪਾਲ ਸਿੰਘ ਵੀਰ ਅੱਜ ਵੀ ਨਾਅਰੇ ਮਾਰ ਕੇ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੰਦਾ ਹੈ। 1979 ਤੋਂ ਹਰ ਲੋਕ ਪੱਖੀ ਸੰਘਰਸ਼ ਵਿੰਚ ਮੋਹਰੀ ਰਹਿਣ ਵਾਲਾ ਪ੍ਰਧਾਨ ਰੁਲਦੂ ਸਿੰਘ 67 ਸਾਲ ਦੀ ਉਮਰ ਵਿੱਚ ਵੀ ਨਹੀਂ ਥੱਕਿਆ । ਬਹਾਦਰਪੁਰ ਦਾ 75 ਸਾਲਾ ਰਾਮਫਲ ,ਮਾਨਸਾ ਦਾ ਬੋਘ ਸਿੰਘ, ਕਿਸ਼ਨਗੜ੍ਹ ਦਾ ਦਰਬਾਰਾ ਸਿੰਘ ,ਬੋਹਾ ਦਾ ਹਰਦੇਵ ਸਿੰਘ ਤੇ ਹੀਰਕਿਆਂ ਦਾ ਮਲੂਕ ਸਿੰਘ ਭਾਵੇਂ ਪੋਤਰਿਆਂ ਦੋਹਤਰਿਆਂ ਵਾਲੇ ਹੋ ਗਏ ਹਨ ਪਰ ਜ਼ਬਰ ਜੁਲਮ ਖਿ਼ਲਾਫ਼ ਅੱਜ ਵੀ ਹਿੱਕਾਂ ਤਾਣ ਕੇ ਖੜ੍ਹਦੇ ਹਨ। ਰੁਲਦੂ ਸਿੰਘ, ਰਾਜਵਿੰਦਰ ਸਿੰਘ ਰਾਣਾ, ਕਿਸਾਨ ਆਗੂ ਰਾਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਚੁੰਗੀ ਮੁਆਫੀ,ਪੱਕੇ ਖਾਲਾਂ ਦੇ ਕਰਜ਼ਿਆਂ ਦੀ ਮੁਆਫੀ, ਮੋਟਰਾਂ ਦੇ ਬਿਲਾਂ ਦੀ ਮੁਆਫ਼ੀ, ਹਾਲਾ ਮੁਆਫ਼ੀ ਸੰਘਰਸ਼ੀ ਬਾਬਿਆਂ ਦੀ ਚੜ੍ਹਦੀ ਕਲਾ ਕਰਕੇ ਜਿੱਤੇ ਗਏ ਵੱਡੇ ਸੰਘਰਸ਼ ਹਨ। ਰੁਲਦੂ ਸਿੰਘ ਦੱਸਦੇ ਹਨ ਕਿ ਕਿਸਾਨੀ ਖੁਦਕੁਸ਼ੀਆਂ ਲਈ ਮੁਆਵਜ਼ਾ, ਕਿਸਾਨਾਂ ਦੀ ਜ਼ਮੀਨ ਕੁਰਕੀ ਅਤੇ ਆੜ੍ਹਤੀ ਧੱਕੇਸ਼ਾਹੀ ਖ਼ਿਲਾਫ਼ ਲੜੇ ਲੰਬੇ ਸੰਘਰਸ਼ਾਂ ਦੀ ਹੀ ਦੇਣ ਹੈ ਕਿ ਅੱਜ ਕਿਸੇ ਵੀ ਕਰਜ਼ਈ ਕਿਸਾਨ ਦਾ ਜ਼ਬਰੀ ਪਸ਼ੂ ਧਨ ਜਾਂ ਸੰਦ ਆਦਿ ਨਹੀਂ ਖੋਹੇ ਜਾਂਦੇ ਅਤੇ ਨਾ ਹੀ ਕਿਸੇ ਕਿਸਾਨ ਦੇ ਘਰ ਨੂੰ ਜੰਦਰਾ ਵੱਜਦਾ ਹੈ। ਰਾਮ ਸਿੰਘ ਭੈਣੀ ਨੇ ਦੱਸਿਆ ਕਿ ਗੋਬਿੰਦਪੁਰਾ ਜ਼ਮੀਨ ਗ੍ਰਹਿਣ, ਧੌਲਾ ਜ਼ਮੀਨ ਗ੍ਰਹਿਣ, ਬਠਿੰਡਾ ਦੇ ਡੀਸੀ ਨੂੰ ਘੇਰ ਕੇ ਕਿਸਾਨੀ ਖੁਦਕੁਸ਼ੀਆਂ ਦਾ 96 ਕਰੋੜ ਮੁਆਵਜ਼ਾ ਜਾਰੀ ਕਰਵਾਉਣਾ ਪੂਰੇ ਪੰਜਾਬ ਦੀ ਪੁਲੀਸ ਨੂੰ ਪਿੱਛੇ ਧੱਕ ਕੇ ਕਿਸਾਨ ਦੀ ਕੁਰਕੀ ਰੁਕਵਾਉਣਾ ਲੋਕ ਹਿੱਤ ਸੰਘਰਸ਼ਾਂ ਦੀ ਵੱਡੀ ਜਿੱਤ ਬਣੀ । ਸੰਘਰਸ਼ੀ ਬਜ਼ੁਰਗਾਂ ਨੇ ਗਿਲਾ ਕੀਤਾ ਕਿ ਨੌਜਵਾਨਾਂ ਨੂੰ ਭੜਕਾਊ ਤੇ ਲੱਚਰ ਗਾਇਕੀ ਦੇ ਨਾਲ ਨਸ਼ੇ ਦੀ ਮਾਰ ਨੇ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਮਿਹਣਾ ਮਾਰਦਿਆਂ ਕਿਹਾ ਅਸੀਂ ਸਮਸ਼ਾਨਘਾਟਾਂ ਦੀਆਂ ਥਾਵਾਂ ਲਈ ਸੰਘਰਸ਼ ਨਹੀਂ ਲੜ ਰਹੇ ਜਿਹੜੇ ਵੀ ਸੰਘਰਸ਼ ਲੜੇ ਜਾ ਰਹੇ ਹਨ ਸਾਰੇ ਹੀ ਨੌਜਵਾਨ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਲੜ ਰਹੇ ਹਾਂ ।