For the best experience, open
https://m.punjabitribuneonline.com
on your mobile browser.
Advertisement

ਪੁਸ਼ਕਰ ’ਚ ਬਾਬਾ ਨਾਨਕ ਦੀ ਯਾਦ

06:11 AM Nov 17, 2024 IST
ਪੁਸ਼ਕਰ ’ਚ ਬਾਬਾ ਨਾਨਕ ਦੀ ਯਾਦ
ਪੁਸ਼ਕਰ ਸਥਿਤ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦੇ ਦੋ ਦ੍ਰਿਸ਼।
Advertisement

Advertisement

ਅਮਰਜੀਤ ਸਿੰਘ ਫ਼ੌਜੀ

Advertisement

ਭਾਰਤ ਮੇਲਿਆਂ-ਤਿਉਹਾਰਾਂ ਦੀ ਧਰਤੀ ਹੈ। ਇੱਥੇ ਵੱਖ ਵੱਖ ਰੁੱਤਾਂ ਦੇ ਵੱਖ ਵੱਖ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਭਾਰਤੀ ਸਮਾਜ ਵਿੱਚ ਹਰ ਤਿਉਹਾਰ ਦਾ ਆਪਣਾ ਖ਼ਾਸ ਸਥਾਨ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਮੇਲੇ ਅਤੇ ਤਿਉਹਾਰਾਂ ਦੀ ਸਮਾਜ ਦੇ ਹਰ ਉਮਰ ਅਤੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਾਂਝ ਹੁੰਦੀ ਹੈ। ਇਹ ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਚਾਅ ਮਲਾਰ, ਖ਼ੁਸ਼ੀਆਂ-ਖੇੜੇ, ਸੱਧਰਾਂ ਇੱਛਾਵਾਂ, ਮਨੌਤਾਂ ਅਤੇ ਪ੍ਰਤਿਭਾਵਾਂ ਨੂੰ ਜ਼ਾਹਰ ਕਰਨ ਦਾ ਵਧੀਆ ਜ਼ਰੀਆ ਹੁੰਦੇ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜ਼ਬਾਤੀ ਰਹੁ-ਰੀਤਾਂ ਨਾਲ ਮਾਨਸਿਕ ਪੱਧਰ ’ਤੇ ਜੁੜੇ ਹੁੰਦੇ ਹਨ। ਇੱਥੋਂ ਦੇ ਬਹੁਤੇ ਮੇਲੇ ਧਾਰਮਿਕ ਰੰਗ ਵਿੱਚ ਰੰਗੇ ਹੁੰਦੇ ਹਨ। ਸਾਡੇ ਦੇਸ਼ ਵਿੱਚ ਗੁਰੂਆਂ, ਪੀਰਾਂ, ਫ਼ਕੀਰਾਂ, ਯੋਧਿਆਂ, ਸ਼ਹੀਦਾਂ, ਸੂਰਬੀਰਾਂ ਦੇ ਨਾਂ ’ਤੇ ਬੇਅੰਤ ਮੇਲੇ ਲੱਗਦੇ ਹਨ ਜਾਂ ਇਉਂ ਕਹਿ ਲਵੋ ਕਿ ਹਰ ਰੋਜ਼ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਮੇਲਾ ਹੁੰਦਾ ਹੈ। ਕੁਝ ਮੇਲੇ ਤਾਂ ਵਿਸ਼ਵ ਪੱਧਰ ’ਤੇ ਵੀ ਮਨਾਏ ਜਾਂਦੇ ਹਨ।
ਇਨ੍ਹਾਂ ਵਿੱਚੋਂ ਹੀ ਇੱਕ ਹੈ ਪੁਸ਼ਕਰ ਦਾ ਮੇਲਾ। ਪੁਸ਼ਕਰ ਰਾਜਸਥਾਨ ਦੇ ਜ਼ਿਲ੍ਹਾ ਅਜਮੇਰ ਦਾ ਪੁਰਾਤਨ ਸ਼ਹਿਰ ਹੈ ਜੋ ਅਜਮੇਰ ਤੋਂ ਤਕਰੀਬਨ ਤੇਰਾਂ-ਚੌਦਾਂ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਪੁਸ਼ਕਰ ਸ਼ਹਿਰ ਹਿੰਦੂ ਧਰਮ ਦਾ ਵੱਡਾ ਤੀਰਥ ਅਸਥਾਨ ਹੈ। ਇੱਥੇ ਕਈ ਪੁਰਾਤਨ ਮੰਦਿਰ ਹਨ ਜਿਨ੍ਹਾਂ ਵਿੱਚ ਸਾਰੇ ਭਾਰਤ ਦਾ ਇੱਕੋ ਇੱਕ ਬ੍ਰਹਮਾ ਜੀ ਦਾ ਮੰਦਰ ਵੀ ਸ਼ਾਮਿਲ ਹੈ। ਇੱਥੇ ਕੱਤਕ ਦੀ ਪੂਰਨਮਾਸ਼ੀ ਨੂੰ ਵੱਡਾ ਮੇਲਾ ਲੱਗਦਾ ਹੈ ਜੋ ਕਿ ਤਕਰੀਬਨ ਪੰਦਰਾਂ ਦਿਨ ਲਗਾਤਾਰ ਚਲਦਾ ਹੈ ਅਤੇ ਪੂਰਨਮਾਸ਼ੀ ਦੇ ਇਸ਼ਨਾਨ ਤੋਂ ਬਾਅਦ ਸਮਾਪਤ ਹੋ ਜਾਂਦਾ ਹੈ। ਇਸ ਸਮੇਂ ਭਾਰਤ ਦੇ ਹਰ ਕੋਨੇ ਵਿੱਚੋਂ ਸਾਰੇ ਰਾਜਾਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ ਅਤੇ ਵੱਖ ਵੱਖ ਮੁਲਕਾਂ ਤੋਂ ਵਿਦੇਸ਼ੀ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ ਜੋ ਕਿ ਭਾਰਤ ਦੇ ਵੱਖ ਵੱਖ ਪਹਿਰਾਵਿਆਂ, ਸੱਭਿਆਚਾਰ, ਰਹਿਣ ਸਹਿਣ, ਖਾਣ ਪੀਣ ਦੀ ਜਾਣਕਾਰੀ ਇਕੱਠੀ ਕਰਦੇ ਦਿਖਾਈ ਦਿੰਦੇ ਹਨ।


ਇਸ ਸ਼ਹਿਰ ਵਿੱਚ ਇੱਕੋ ਇੱਕ ਵੱਡਾ ਗੁਰਦੁਆਰਾ (ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ) ਸੁਸ਼ੋਭਿਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸਨ। ਇਤਿਹਾਸ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਸਮੇਂ 1511 ਈਸਵੀ ਵਿੱਚ ਇੱਥੇ ਆਏ ਸਨ। ਉਨ੍ਹਾਂ ਦੇ ਪੁਸ਼ਕਰ ਆਉਣ ਦੇ ਸਤਿਕਾਰ ਵਜੋਂ ਸਮੇਂ ਦੇ ਚੌਧਰੀਆਂ ਨੇ ਕੁਝ ਜਗ੍ਹਾ ਬਾਬਾ ਨਾਨਕ ਨੂੰ ਭੇਟ ਕੀਤੀ ਜੋ ਹੁਣ ਵੀ ਉਨ੍ਹਾਂ ਦੇ ਨਾਂ ਬੋਲਦੀ ਹੈ ਅਤੇ ਬਾਅਦ ਵਿੱਚ ਹੋਰ ਥਾਂ ਖਰੀਦ ਕੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਇੱਥੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ ਜਿਸ ਕਰਕੇ ਪੰਜਾਬ ਤੋਂ ਵੱਡੇ ਪੱਧਰ ’ਤੇ ਹਰ ਧਰਮ ਦੇ ਪੰਜਾਬੀ ਲੋਕ ਵੀ ਇਸ ਮੇਲੇ ਵਿੱਚ ਹਿੱਸਾ ਲੈਂਦੇ ਹਨ।
ਇੱਕ ਵਾਰ ਮੇਰਾ ਵੀ ਗੁਰਪੁਰਬ ਸਮੇਂ ਇਸ ਮੇਲੇ ਵਿੱਚ ਜਾਣ ਦਾ ਸਬੱਬ ਬਣਿਆ। ਮੈਂ ਤਕਰੀਬਨ ਇੱਕ ਹਫ਼ਤਾ ਉੱਥੇ ਰਹਿ ਕੇ ਮੇਲੇ ਦਾ ਆਨੰਦ ਮਾਣਿਆ ਅਤੇ ਕੁਝ ਜਾਣਕਾਰੀ ਇਕੱਠੀ ਕੀਤੀ। ਪੰਜਾਬ ਤੋਂ ਆਏ ਜ਼ਿਆਦਾਤਰ ਲੋਕ ਗੁਰਦੁਆਰਾ ਸਾਹਿਬ ਵਿੱਚ ਹੀ ਠਹਿਰਦੇ ਹਨ। ਮੈਂ ਵੀ ਆਪਣੇ ਸਾਥੀਆਂ ਸਮੇਤ ਇੱਥੇ ਕਈ ਦਿਨ ਰਿਹਾ ਜਿੱਥੇ ਸੰਗਤਾਂ ਦੇ ਰਹਿਣ ਲਈ ਖ਼ਾਸ ਪ੍ਰਬੰਧ ਕੀਤੇ ਜਾਂਦੇ ਹਨ।
ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਣਾਉਣ ਲਈ ਬਾਬਾ ਲੱਖਾ ਸਿੰਘ ਜੀ ਕੋਟਾ ਵਾਲਿਆਂ ਨੇ 1999 ਵਿੱਚ ਕਾਰਸੇਵਾ ਸ਼ੁਰੂ ਕਰਵਾਈ ਸੀ। ਉੱਥੋਂ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਭਾਈ ਸੁਖਵਿੰਦਰ ਸਿੰਘ ਜੀ ਹਨ ਜਿਨ੍ਹਾਂ ਦੀ ਅਗਵਾਈ ਹੇਠ ਸਾਰਾ ਪ੍ਰਬੰਧ ਚਲ ਰਿਹਾ ਹੈ। ਇਸ ਸਮੇਂ ਸੰਗਤਾਂ ਦੇ ਰਹਿਣ ਲਈ ਤਕਰੀਬਨ 32 ਕਮਰੇ, ਇੱਕ ਵੱਡਾ ਹਾਲ ਅਤੇ ਵਰਾਂਡੇ ਹਨ। ਸਰਦੀਆਂ ਵਾਲੇ ਬਿਸਤਰੇ ਰਜਾਈਆਂ ਗਦੈਲੇ ਆਦਿ ਬੇਅੰਤ ਹਨ। ਸਭ ਲਈ ਰਹਿਣ ਅਤੇ ਲੰਗਰ ਦਾ ਮੁਫ਼ਤ ਪ੍ਰਬੰਧ ਕੀਤਾ ਜਾਂਦਾ ਹੈ। ਇਸ ਕਰਕੇ ਪੰਜਾਬੋਂ ਆਈਆਂ ਸੰਗਤਾਂ ਬਾਹਰ ਮਹਿੰਗੇ ਕਿਰਾਏ ’ਤੇ ਕਮਰੇ ਲੈਣ ਤੋਂ ਬਚ ਜਾਂਦੀਆਂ ਹਨ ਜਿਸ ਨਾਲ ਆਮ ਲੋਕ ਵੀ ਇਸ ਮੇਲੇ ਦਾ ਆਨੰਦ ਘੱਟ ਖਰਚਾ ਕਰਕੇ ਮਾਣ ਸਕਦੇ ਹਨ।
ਲੰਗਰ ਦਿਨ ਰਾਤ ਅਤੁੱਟ ਵਰਤਦਾ ਹੈ। ਗੁਰੂ ਕੇ ਲੰਗਰ ਵਿੱਚ ਦਾਲ ਪ੍ਰਸ਼ਾਦੇ ਦੀ ਮਰਯਾਦਾ ਹੈ, ਪਰ ਇਸ ਖ਼ੁਸ਼ੀ ਦੇ ਮੌਕੇ ਮੇਲੇ ਸਮੇਂ ਸਵੇਰੇ ਚਾਹ ਪਕੌੜੇ ਅਤੇ ਗਰਮ ਜਲੇਬੀਆਂ ਦੇ ਲੰਗਰ ਅਤੇ ਬਾਅਦ ਵਿੱਚ ਵੰਨ-ਸੁਵੰਨੀਆਂ ਦਾਲਾਂ, ਸਬਜ਼ੀਆਂ, ਮਠਿਆਈਆਂ ਦੇ ਲੰਗਰ ਆਮ ਵਰਤਾਏ ਜਾਂਦੇ ਹਨ। ਇਹ ਸਿਲਸਿਲਾ ਚਾਰ ਪੰਜ ਦਿਨ ਲਗਾਤਾਰ ਚਲਦਾ ਰਹਿੰਦਾ ਹੈ।
ਬਾਬਾ ਸੁਖਵਿੰਦਰ ਸਿੰਘ ਜੀ ਦੇ ਦੱਸਣ ਮੁਤਾਬਿਕ ਹਰ ਸਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਦੌਰਾਨ ਇੱਕ ਹਫ਼ਤਾ ਰੋਜ਼ਾਨਾ ਪੰਜ ਤੋਂ ਸੱਤ ਹਜ਼ਾਰ ਲੋਕ ਇੱਥੇ ਲੰਗਰ ਛਕਦੇ ਹਨ ਜਿਨ੍ਹਾਂ ਵਿੱਚ ਹਰ ਧਰਮ ਦੇ ਲੋਕ, ਵਿਦੇਸ਼ੀ ਅਤੇ ਰਾਜਸਥਾਨ ਦੇ ਸਥਾਨਕ ਲੋਕ ਸ਼ਾਮਿਲ ਹਨ।
ਮੈਂ ਸੁਆਲ ਕੀਤਾ ਕਿ ਪੁਸ਼ਕਰ ਵਿੱਚ ਸਿੱਖਾਂ ਦੀ ਆਬਾਦੀ ਬਿਲਕੁਲ ਨਾਂ-ਮਾਤਰ ਹੈ, ਸਿਰਫ਼ ਚਾਰ ਪੰਜ ਪਰਿਵਾਰ ਹੀ ਰਹਿੰਦੇ ਹਨ ਅਤੇ ਮਹਿੰਗਾਈ ਸਿਖਰਾਂ ’ਤੇ ਹੈ। ਇੰਨਾ ਵੱਡਾ ਪ੍ਰਬੰਧ ਅਤੇ ਖਰਚਾ ਕਿਵੇਂ ਕਰਦੇ ਹੋ ਜਦੋਂਕਿ ਪੰਜਾਬ ਵਿੱਚ ਕਾਰਸੇਵਾ ਵਾਲੇ ਬਾਬੇ ਹਾੜ੍ਹੀ ਸਾਉਣੀ ਉਗਰਾਹੀ ਕਰਦੇ ਅਤੇ ਪ੍ਰਬੰਧ ਚਲਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ। ਸੰਗਤਾਂ ਬਹੁਤ ਸਹਿਯੋਗ ਕਰਦੀਆਂ ਹਨ। ਅਸੀਂ ਕਿਸੇ ਤੋਂ ਕਮਰੇ ਦਾ ਕਿਰਾਇਆ ਜਾਂ ਹੋਰ ਕਿਸੇ ਕਿਸਮ ਦੀ ਕੋਈ ਮੰਗ ਨਹੀਂ ਕਰਦੇ ਸਗੋਂ ਸੰਗਤਾਂ ਆਪ ਹੀ ਖੁਲ੍ਹਦਿਲੀ ਨਾਲ ਆਰਥਿਕ ਸਹਿਯੋਗ ਕਰਦੀਆਂ ਹਨ। ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੁਸ਼ਕਰ ਯਾਤਰਾ ਕਰਨ ਤਾਂ ਇਸ ਸਦਕਾ ਬਹੁਤ ਕੁਝ ਨਵਾਂ ਦੇਖਣ ਅਤੇ ਸਿੱਖਣ ਨੂੰ ਮਿਲਦਾ ਹੈ।
ਸੰਪਰਕ: 95011-27033

Advertisement
Author Image

Advertisement