ਬਾਬਾ ਨਾਨਕ ਦੀ ਸੰਵਾਦ ਕਲਾ
ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਦੇਵ ਜੀ ਜਿੰਨਾ ਸਮਾਂ ਇਸ ਦੁਨੀਆ ਵਿੱਚ ਵਿਚਰੇ, ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ। ਉਹ ਆਪਣੀਆਂ ਉਦਾਸੀਆਂ ਕਰ ਕੇ ਜਾਣੀਆਂ ਜਾਂਦੀਆਂ ਯਾਤਰਾਵਾਂ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਿਲੇ। ਉਨ੍ਹਾਂ ਨੂੰ ਸੁਣਿਆ ਅਤੇ ਆਪਣੀ ਗੱਲ ਉਨ੍ਹਾਂ ਨੂੰ ਸੁਣਾਈ ਵੀ। ਉਨ੍ਹਾਂ ਨੇ ਸਿੱਧਾਂ, ਪੰਡਿਤਾਂ, ਕਾਜੀਆਂ, ਪੀਰਾਂ, ਜੋਗੀਆਂ, ਮੌਲਾਣਿਆਂ, ਰਾਜਿਆਂ, ਮਹਾਰਾਜਿਆਂ, ਵਪਾਰੀਆਂ, ਸ਼ਾਹੂਕਾਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਸਾਧਾਰਨ ਲੋਕਾਂ ਨਾਲ ਸੰਵਾਦ ਰਚਾਇਆ। ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ਸੁਣਿਆ, ਉਨ੍ਹਾਂ ਦੇ ਆਖੇ ਨੂੰ ਆਪਣੇ ਗਿਆਨ ਅਤੇ ਤਜਰਬੇ ’ਤੇ ਪਰਖਿਆ ਅਤੇ ਫਿਰ ਦਲੀਲਪੂਰਨ ਢੰਗ ਨਾਲ ਨਿਮਰਤਾ ਅਤੇ ਮਿਠਾਸ ਨਾਲ ਉਨ੍ਹਾਂ ਦੀ ਗ਼ਲਤ ਗੱਲ ਨੂੰ ਕੱਟ ਕੇ ਆਪਣੇ ਸਿਧਾਂਤ ਦੀ ਗੱਲ ਸਮਝਾਈ। ਇਸ ਸਾਰੇ ਵਾਰਤਾਲਾਪ ਨੂੰ ਉਨ੍ਹਾਂ ਨੇ ਬਹੁਤ ਹੀ ਸਹਿਜ ਤੇ ਵਿਵੇਕ ਨਾਲ ਨੇਪਰੇ ਚਾੜ੍ਹਿਆ।
ਉਨ੍ਹਾਂ ਦਾ ਵਾਰਤਾਲਾਪੀ ਢੰਗ ਏਨਾ ਨਿਆਰਾ, ਪਿਆਰਾ ਅਤੇ ਦਿਲਚਸਪੀ ਭਰਪੂਰ ਸੀ ਕਿ ਗੁਰੂ ਜੀ ਦੀ ਸੋਚ ਨਾਲੋਂ ਬਿਲਕੁਲ ਵੱਖਰੀ ਸੋਚ ਰੱਖਣ ਵਾਲੇ ਵੀ ਉਨ੍ਹਾਂ ਦੀਆਂ ਦਲੀਲਾਂ ਦੇ ਕਾਇਲ ਹੁੰਦੇ ਗਏ। ਉਨ੍ਹਾਂ ਕੋਲ ਗੁਰੂ ਨਾਨਕ ਜੀ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਨਹੀਂ ਸਨ, ਬਹੁਤੀ ਵਾਰੀ ਉਹ ਨਿਰਉੱਤਰ ਹੋ ਗਏ ਅਤੇ ਦਿਲੋਂ ਧੁਰ ਅੰਦਰੋਂ ਗੁਰੂ ਨਾਨਕ ਦੀ ਬਾਤ ਵਿੱਚ ਉਨ੍ਹਾਂ ਨੂੰ ਵਜ਼ਨ ਲੱਗਿਆ। ਇਸੇ ਲਈ ਬਹੁਗਿਣਤੀ ਗੁਰੂ ਨਾਨਕ ਦੀ ਮੁਰੀਦ ਬਣਦੀ ਗਈ। ਅੱਜ ਜਦੋਂ ਅਸੀਂ ਸੰਵਾਦ ਦੀ ਥਾਂ ਵਿਵਾਦ ਵੱਲ ਵਧ ਰਹੇ ਹਾਂ, ਅਜਿਹੇ ਸਮੇਂ ਬਹੁਤ ਜ਼ਰੂਰੀ ਹੋ ਜਾਂਦਾ ਏ, ਗੁਰੂ ਨਾਨਕ ਜੀ ਦੀ ਸੰਵਾਦ ਕਲਾ ਬਾਰੇ ਜਾਣਨਾ ਅਤੇ ਉਸ ਤੋਂ ਕੁਝ ਸਿੱਖਣਾ। ਇਸ ਖ਼ੂਬਸੂਰਤ ਕਲਾ ਸਦਕਾ ਹੀ ਉਹ ਹਰੇਕ ਮੁਲਾਕਾਤੀ ਨੂੰ ਕੋਈ ਵੀ ਸਾਧਨ ਸਹੂਲਤ ਦੀ ਹੋਂਦ ਤੋਂ ਬਿਨਾਂ ਆਪਣੀ ਬਾਣੀ ਰਾਹੀਂ, ਆਪਣੇ ਸ਼ਬਦਾਂ ਰਾਹੀਂ, ਆਪਣੇ ਬ੍ਰਹਿਮੰਡੀ ਪ੍ਰੇਮ ਦੇ ਸਮਦ੍ਰਿਸ਼ਟੀ ਵਾਲੇ ਸਿਧਾਂਤ ਵੱਲ ਖਿੱਚ ਲੈਂਦੇ ਸਨ। ਸਾਡੇ ਕੋਲ ਅੱਜ ਸੈਂਕੜੇ ਸਾਧਨ ਅਤੇ ਸਹੂਲਤਾਂ ਹਨ, ਪਰ ਅਸੀਂ ਕਿਸੇ ਹੋਰ ਨੂੰ ਤਾਂ ਨਾਨਕ ਮਾਰਗ ਵੱਲ ਕੀ ਲਿਆਉਣਾ, ਖ਼ੁਦ ਵੀ ਇਸ ਨੂੰ ਵਿਸਾਰਦੇ ਜਾ ਰਹੇ ਹਾਂ।
ਬਾਬਾ ਨਾਨਕ ਜੀ ਦੀ ਸੰਵਾਦ ਕਲਾ ਦੇ ਉੱਤਮ ਹੋਣ ਦਾ ਜ਼ਾਹਰਾ ਪ੍ਰਮਾਣ ਇਹੋ ਹੈ ਕਿ ਜਿਸ ਨਾਲ ਵੀ ਉਨ੍ਹਾਂ ਨੇ ਸੰਵਾਦ ਰਚਾਇਆ, ਉਸ ਨੂੰ ਗੁਰਮਤਿ ਦੇ ਦਾਇਰੇ ਵਿੱਚ ਲਿਆਉਂਦੇ ਗਏ। ਇਸ ਸੰਵਾਦ ਵਿੱਚ ਅਜਿਹਾ ਕੀ ਸੀ ਕਿ ਮੁਲਾਕਾਤੀ ਅਪਰਾਧੀ, ਚੋਰ, ਲੁਟੇਰੇ, ਰਾਖਸ਼ ਬਿਰਤੀ ਵਾਲੇ ਵੀ ਆਪਣੀਆਂ ਗ਼ਲਤ ਆਦਤਾਂ ਛੱਡਦੇ ਗਏ ਅਤੇ ਬਾਬੇ ਦੁਆਰਾ ਦੱਸਿਆ ਨਿਰਭਉ, ਨਿਰਵੈਰ, ਸਾਦਾ ਅਤੇ ਪਰਉਪਕਾਰੀ ਜੀਵਨ ਜਿਊਣ ਲੱਗ ਪਏ। ਉਸ ਸੰਵਾਦ ਕਲਾ ਦੀਆਂ ਵਿਸ਼ੇਸ਼ਤਾਈਆਂ ’ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਬਾਬਾ ਨਾਨਕ ਜਿਸ ਇਲਾਕੇ ਵਿੱਚ ਵੀ ਗਏ, ਉਸ ਇਲਾਕੇ ਦੀ ਸਥਾਨਕ ਭਾਸ਼ਾ ਦੀ ਵਰਤੋਂ ਕੀਤੀ। ਜਿਸ ਵਰਗ ਨਾਲ ਉਹ ਗੱਲਬਾਤ ਕਰਦੇ ਸਨ, ਉਸ ਦੀ ਸ਼ਬਦਾਵਲੀ ਵਧੇਰੇ ਵਰਤੀ। ਜੋਗੀਆਂ ਨਾਲ ਗੱਲ ਕਰਦੇ ਹੋਏ ਜੋਗ ਮੱਤ ਦੀ ਭਾਸ਼ਾ ਵਿੱਚ, ਕਾਜੀਆਂ ਨਾਲ ਗੱਲ ਕਰਦੇ ਉਨ੍ਹਾਂ ਦੇ ਪ੍ਰਤੀਕ, ਸ਼ਬਦ ਅਤੇ ਵਾਕ ਵਰਤੇ। ਇਸੇ ਤਰ੍ਹਾਂ ਬਾਕੀ ਵਰਗਾਂ ਨਾਲ ਵੀ ਕੀਤਾ। ਇਸ ਭਾਸ਼ਾ ਦੀ ਖ਼ਾਸ ਖ਼ੂਬੀ ਇਹੀ ਰਹੀ ਕਿ ਇਹ ਬਿਲਕੁਲ ਸਪੱਸ਼ਟ, ਸਰਲ ਅਤੇ ਸਮਝ ਆਉਣ ਵਾਲੀ ਸੀ। ਵਿਦਵਾਨਾਂ ਦੀ ਗੁੰਝਲਦਾਰ ਸ਼ਬਦਾਵਲੀ ਦੀ ਜਗ੍ਹਾ ਬਾਬੇ ਨੇ ਆਮ ਲੋਕਾਂ ਦੀ ਜਾਣ ਪਹਿਚਾਣ ਵਾਲੇ ਸ਼ਬਦ ਅਤੇ ਵਾਕ ਵਰਤੇ। ਉਸ ਨਾਲ ਹਰ ਸਰੋਤੇ ਨੂੰ ਉਹ ਉਸ ਦੀ ਆਪਣੀ ਹੀ ਗੱਲ ਲੱਗਦੀ ਸੀ। ਸਮਝ ਆਉਣ ਨਾਲ ਅਤੇ ਸਪੱਸ਼ਟਤਾ ਨਾਲ ਹੀ ਵਾਰਤਾਲਾਪ ਅੱਗੇ ਵਧ ਸਕਦੀ ਹੈ।
ਬਾਬੇ ਨਾਨਕ ਵਿੱਚ ਓੜਕ ਦਾ ਸਹਿਜ ਸੀ। ਉਹ ਗ਼ਲਤ ਘਟਨਾਵਾਂ ਦੇਖ ਕੇ, ਗ਼ਲਤ ਕਾਰਨਾਮੇ ਦੇਖ ਕੇ ਇਕਦਮ ਉਤੇਜਿਤ ਨਹੀਂ ਹੁੰਦੇ ਸਨ। ਵਾਰਤਾਲਾਪ ਸਮੇਂ ਉਹ ਪਹਿਲਾਂ ਦੂਸਰੇ ਨੂੰ ਬੋਲਣ ਦਾ ਮੌਕਾ ਦਿੰਦੇ ਸਨ। ਉਹ ਬੋਲਦੇ ਘੱਟ ਅਤੇ ਸੁਣਦੇ ਵਧੇਰੇ ਸਨ। ਅਜੋਕਾ ਮਨੋਵਿਗਿਆਨ, ਕੌਂਸਲਿੰਗ ਵਿੱਚ ਸੁਣਨ ਦੀ ਮਹੱਤਤਾ ਨੂੰ ਪਹਿਚਾਣ ਚੁੱਕਿਆ ਹੈ। ਕਿਸੇ ਵੀ ਦੂਸਰੇ ਨਾਲ ਦਿਲ ਦੀ ਸਾਂਝ ਤਦ ਹੀ ਬਣਦੀ ਹੈ, ਜੇ ਉਸ ਨੂੰ ਸੁਣਿਆ ਜਾਵੇ। ਉਸ ਸੁਣੇ ਹੋਏ ਨੂੰ ਆਪਣੇ ਅੰਦਰ ਹੀ ਵਿਚਾਰਨਾ, ਪੁਣਨਾ ਛਾਣਨਾ ਅਤੇ ਪਿੱਛੋਂ ਸਹਿਜ ਨਾਲ ਆਪਣੀ ਗੱਲ ਕਹਿਣੀ ਇਹ ਕਿਸੇ ਵੀ ਬੁਲਾਰੇ ਦੇ ਮੁੱਖ ਗੁਣ ਹੁੰਦੇ ਹਨ।
ਬਾਬੇ ਨਾਨਕ ਨੇ ਹੋਰਾਂ ਨੂੰ ਪ੍ਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੇ ਪ੍ਰਸ਼ਨ ਪੁੱਛਣ ਤੋਂ ਖ਼ੁਸ਼ ਹੋਏ। ਉਨ੍ਹਾਂ ਨੇ ਆਪ ਵੀ ਪ੍ਰਸ਼ਨ ਪੁੱਛਣ ਦੀ ਵਿਧੀ ਵਰਤੀ। ਪ੍ਰਸ਼ਨ ਪੁੱਛਣ ਨਾਲ ਕਿਸੇ ਵੀ ਵਿਅਕਤੀ ਦਾ ਸਾਰਾ ਧਿਆਨ ਪੁੱਛੇ ਹੋਏ ਵਿਸ਼ੇ ’ਤੇ ਕੇਂਦਰਿਤ ਹੁੰਦਾ ਹੈ। ਉਸ ਦੀ ਇਕਾਗਰਤਾ ਵਧਦੀ ਹੈ। ਜਗਿਆਸਾ ਜਾਗਦੀ ਹੈ। ਤਰਕ ਸ਼ਕਤੀ ਅਤੇ ਵਿਵੇਕ ਬੁੱਧੀ ਨੂੰ ਹੁਲਾਰਾ ਮਿਲਦਾ ਹੈ। ਇੱਕ ਪ੍ਰਸ਼ਨ ਦਾ ਉੱਤਰ ਮਿਲਣ ’ਤੇ ਉਸ ਅੰਦਰ ਹੋਰ ਪ੍ਰਸ਼ਨ ਜਨਮ ਲੈਂਦਾ ਹੈ ਅਤੇ ਇਸ ਤਰ੍ਹਾਂ ਉਹ ਸਾਰਥਕ ਸੰਵਾਦ ਰਚਾਉਣ ਵੱਲ ਰੁਚਿਤ ਹੁੰਦਾ ਹੈ। ਸਿੱਧਾਂ ਨਾਲ ਹੋਈ ਵਾਰਤਾਲਾਪ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਕਲੀ ਰਾਗ ਵਿੱਚ ਦਰਜ ਹੈ, ਸਿੱਧ ਪ੍ਰਸ਼ਨ ਪੁੱਛਦੇ ਹਨ, ਬਾਬਾ ਨਾਨਕ ਜਵਾਬ ਦਿੰਦੇ ਹਨ। ਸਿੱਧ ਫਿਰ ਅਗਲਾ ਪ੍ਰਸ਼ਨ ਪੁੱਛਦੇ ਹਨ, ਬਾਬਾ ਨਾਨਕ ਫਿਰ ਜਵਾਬ ਦਿੰਦੇ ਹਨ। ਇਸ ਤਰ੍ਹਾਂ ਵਿਚਾਰ ਅਧੀਨ ਵਿਸ਼ੇ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਹੁੰਦੀ ਹੈ।
ਉਦਾਹਰਨ ਵਜੋਂ ਸਿੱਧ ਸਤਿਕਾਰ ਨਾਲ ਪੁੱਛਦੇ ਹਨ;
ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ।।
ਕਿਸੁ ਕਾਰਣਿ ਇਹੁ ਭੇਖੁ ਨਿਵਾਸੀ।।
ਕਿਸੁ ਵਖਰ ਕੇ ਤੁਮ ਵਣਜਾਰੇ।।
ਕਿਉ ਕਰਿ ਸਾਥੁ ਲੰਘਾਵਹੁ ਪਾਰੇ।।
ਬਾਬਾ ਜੀ ਉਸੇ ਅੰਦਾਜ਼ ਵਿੱਚ ਉੱਤਰ ਦਿੰਦੇ ਹਨ;
ਗੁਰਮੁਖਿ ਖੋਜਤ ਭਏ ਉਦਾਸੀ।।
ਦਰਸਨ ਕੈ ਤਾਈ ਭੇਖ ਨਿਵਾਸੀ।।
ਸਾਚ ਵਖਰ ਕੇ ਹਮ ਵਣਜਾਰੇ।।
ਨਾਨਕ ਗੁਰਮੁਖਿ ਉਤਰਸਿ ਪਾਰੇ।।
ਇਸ ਤਰ੍ਹਾਂ ਪ੍ਰਸ਼ਨ ਉੱਤਰ ਵਿੱਚ ਇਹ ਸੰਵਾਦ ਅੱਗੇ ਤੁਰਦਾ ਜਾਂਦਾ ਹੈ। ਸਿੱਧਾਂ ਦੇ ਸ਼ੰਕੇ ਬਾਬਾ ਨਾਨਕ ਦੂਰ ਕਰਦੇ ਜਾਂਦੇ ਹਨ ਅਤੇ ਗੁਰਮਤਿ ਗਾਡੀ ਰਾਹ ਦੱਸਦਾ ਜਾਂਦਾ ਹੈ। ਅੰਤ ਤੱਕ ਪ੍ਰਸ਼ਨ ਕਰਤਾ ਦੀ ਦਿਲਚਸਪੀ ਬਣੀ ਰਹਿੰਦੀ ਹੈ। ਬਾਬਾ ਨਾਨਕ ਜੀ ਵਿੱਚ ਦੂਸਰੇ ਦੀ ਦਿਲਚਸਪੀ ਨੂੰ ਜਗਾਉਣ ਦੀ ਕਲਾ ਸੀ। ਉਹ ਕੋਈ ਅਜਿਹੀ ਗੱਲ ਕਰਦੇ ਜਾਂ ਕੋਈ ਅਜਿਹੀ ਕਾਰਵਾਈ ਕਰਦੇ ਕਿ ਸਾਹਮਣੇ ਵਾਲਾ ਇਨਸਾਨ ਮੱਲੋਮੱਲੀ ਉਨ੍ਹਾਂ ਨਾਲ ਸੰਵਾਦ ਕਰਨ ਲਈ ਤਿਆਰ ਹੋ ਜਾਂਦਾ। ਬਾਬਾ ਨਾਨਕ ਦੇ ਜੀਵਨ ਵਿੱਚੋਂ ਸੈਂਕੜੇ ਅਜਿਹੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ ਜਿੱਥੇ ਉਨ੍ਹਾਂ ਦੀ ਹਲਕੀ ਜਿਹੀ ਕਿਰਿਆ ਨੇ ਸੰਵਾਦ ਸ਼ੁਰੂ ਕਰਵਾ ਦਿੱਤਾ ਹੋਵੇ। ਅਸੀਂ ਇੱਥੇ ਸਿਰਫ਼ ਇੱਕ ਦੋ ਉਦਾਹਰਨਾਂ ਹੀ ਲਵਾਂਗੇ। ਹਰਿਦੁਆਰ ਵਿੱਚ ਬਾਬਾ ਨਾਨਕ ਨੇ ਜਦੋਂ ਆਮ ਲੋਕਾਂ ਵੱਲ ਪਿੱਠ ਕਰਕੇ ਪਾਣੀ ਸੁੱਟਣਾ ਸ਼ੁਰੂ ਕੀਤਾ ਤਾਂ ਕਿਉਂ ਦਾ ਸਵਾਲ ਹਰ ਇੱਕ ਦੀ ਦਿਲਚਸਪੀ ਜਗਾਉਂਦਾ ਹੈ ਅਤੇ ਉਹ ਆ ਕੇ ਬਾਬੇ ਨੂੰ ਪ੍ਰਸ਼ਨ ਪੁੱਛਦਾ ਹੈ। ਬਾਬਾ ਨਾਨਕ ਇਹੀ ਤਾਂ ਚਾਹੁੰਦੇ ਸਨ ਕਿ ਗੱਲ ਸ਼ੁਰੂ ਹੋਵੇ। ਇਸੇ ਤਰ੍ਹਾਂ ਜਦੋਂ ਉਹ ਮੱਕੇ ਵੱਲ ਪੈਰ ਕਰਕੇ ਪੈ ਜਾਂਦੇ ਹਨ ਤਾਂ ਲੋਹਾ ਲਾਖੇ ਹੋਏ ਕਾਜੀ ਵੀ ਬਾਬੇ ਨਾਲ ਵਾਰਤਾਲਾਪ ਕਰਨ ਲਈ ਤਿਆਰ ਹੋ ਜਾਂਦੇ ਹਨ।
ਬਾਬਾ ਨਾਨਕ ਬਹੁਤ ਸੂਝ ਬੂਝ ਨਾਲ ਜਗਿਆਸੂ ਤੋਂ ਪ੍ਰਸ਼ਨ ਕਰਵਾ ਕੇ ਹੀ ਸ਼ਾਂਤ ਨਹੀਂ ਹੁੰਦੇ, ਸਗੋਂ ਹੁਣ ਲੋਹਾ ਲਾਲ ਹੋਇਆ ਦੇਖ ਕੇ ਬਹੁਤ ਸਿਆਣਪ ਨਾਲ ਸੱਟ ਮਾਰਦੇ ਹਨ। ਦਲੀਲਪੂਰਨ ਉੱਤਰ ਦਿੰਦੇ ਹਨ। ਮੱਕੇ ਵੱਲ ਕੀਤੇ ਪੈਰ ’ਤੇ ਇਤਰਾਜ਼ ਸੁਣ ਕੇ ਸਹਿਜ ਵਿੱਚ ਹੀ ਆਖਦੇ ਹਨ ਕਿ ਮੇਰੇ ਪੈਰ ਉੱਧਰ ਨੂੰ ਕਰ ਦੇਵੋ, ਜਿੱਧਰ ਖੁਦਾ ਦਾ ਘਰ ਨਹੀਂ ਹੈ। ਇਸ ਦਲੀਲ ਅੱਗੇ ਸਭ ਨਿਰਸ਼ਬਦ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਭ ਥਾਂ ਰਮਿਆ ਪ੍ਰਭੂ ਨਜ਼ਰ ਆਉਂਦਾ ਹੈ। ਉਕਤ ਹਰਿਦੁਆਰ ਵਾਲੀ ਸਾਖੀ ਵਿੱਚ ਲੋਕਾਂ ਦੇ ਪੁੱਛਣ ’ਤੇ ਕਹਿੰਦੇ ਹਨ ਕਿ ਮੈਂ ਕਰਤਾਰਪੁਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ। ਇਹ ਕਲਾ ਦਾ ਸਿਖਰ ਹੈ। ਉਤਸੁਕਤਾ ਜਾਗਦੀ ਹੈ। ਐਡੀ ਦੂਰ ਖੇਤਾਂ ਵਿੱਚ ਪਾਣੀ ਕਿਵੇਂ ਪੁੱਜ ਜਾਏਗਾ? ਤਾਂ ਬਾਬਾ ਨਾਨਕ ਦਲੀਲ ਨਾਲ ਸਹਿਜ ਨਾਲ ਆਖਦੇ ਹਨ ਕਿ ਜੇ ਤੁਹਾਡਾ ਦਿੱਤਾ ਪਾਣੀ ਸੂਰਜ ਤੱਕ ਪੁੱਜ ਜਾਏਗਾ, ਤਾਂ ਮੇਰਾ ਪਾਣੀ ਕਰਤਾਰਪੁਰ ਕਿਉਂ ਨਹੀਂ ਪੁੱਜ ਸਕਦਾ? ਸਰੋਤਿਆਂ ਨੂੰ ਝਟਕਾ ਲੱਗਦਾ ਹੈ। ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਸਲ ਵਿੱਚ ਇਹ ਇੱਕ ਫਜ਼ੂਲ ਰਸਮ ਹੈ।
ਗੁਰੂ ਨਾਨਕ ਦੇਵ ਜੀ ਨੇ ਸੰਵਾਦ ਦੌਰਾਨ ਆਪਣੀ ਗੱਲ ਇੱਕ ਵਾਰ ਵੀ ਇਸ ਤਰ੍ਹਾਂ ਨਹੀਂ ਕਹੀ ਜਿਸ ਤੋਂ ਸਰੋਤਿਆਂ ਨੂੰ ਇਹ ਲੱਗੇ ਕਿ ਸਾਡੇ ਉੱਤੇ ਕੋਈ ਸਿਧਾਂਤ ਠੋਸਿਆ ਜਾ ਰਿਹਾ ਹੈ। ਸਗੋਂ ਕਦੇ ਕਦੇ ਆਪ ਕੋਈ ਅਜਿਹਾ ਪ੍ਰਸ਼ਨ ਪੁੱਛ ਲੈਂਦੇ ਕਿ ਸਰੋਤੇ ਨਿਰਉੱਤਰ ਹੋ ਜਾਣ ਅਤੇ ਮਜਬੂਰੀ ਵਿੱਚ ਉਨ੍ਹਾਂ ਨੂੰ ਬਾਬੇ ਦੀ ਦਲੀਲ ਮੰਨਣੀ ਪਵੇ। ਇੱਕ ਉਦਾਹਰਨ ਦੇਖੋ। ਧਰਤੀ ਇੱਕ ਬਲਦ ਦੇ ਸਿੰਗਾਂ ’ਤੇ ਟਿਕੀ ਹੋਈ ਹੈ- ਇਸ ਮਨੌਤ ਨੂੰ ਬਾਬਾ ਨਾਨਕ ਨੇ ਨਕਾਰਿਆ ਨਹੀਂ। ਸਗੋਂ ਇੱਕ ਪ੍ਰਸ਼ਨ ਪੁੱਛਿਆ ਕਿ ਫਿਰ ਇਹ ਬਲਦ ਕਿਸ ਥਾਂ ’ਤੇ ਟਿਕਿਆ ਹੈ। ਫਿਰ ਉਹ ਧਰਤੀ ਕਿਵੇਂ ਟਿਕੀ ਹੈ? ਉਨ੍ਹਾਂ ਨੇ ਹੋਰ ਪਰੇ ਹੋਰ ਹੋਰ ਆਖ ਕੇ ਸਭ ਦਾ ਨਜ਼ਰੀਆ ਵਿਸ਼ਾਲ ਕਰ ਦਿੱਤਾ ਹੈ।
ਗੁਰੂ ਨਾਨਕ ਜੀ ਨੂੰ ਪ੍ਰਸ਼ਨ ਉੱਤਰ ਵਿਧੀ ਇੰਨੀ ਵਧੀਆ ਲੱਗਦੀ ਕਿ ਉਹ ਆਪਣੀ ਗੱਲ ਸਮਝਾਉਣ ਲਈ ਪਹਿਲਾਂ ਆਪ ਹੀ ਪ੍ਰਸ਼ਨ ਕਰਦੇ ਹਨ ਅਤੇ ਫਿਰ ਉਸ ਦਾ ਉੱਤਰ ਦਿੰਦੇ ਹਨ। ਇਹ ਤਕਨੀਕ ਬਾਣੀ ਵਿੱਚ ਥਾਂ ਥਾਂ ’ਤੇ ਦੇਖਣ ਨੂੰ ਮਿਲਦੀ ਹੈ। ਅਸੀਂ ਜਪੁਜੀ ਸਾਹਿਬ ਵਿੱਚੋਂ ਹੀ ਇੱਕ ਉਦਾਹਰਨ ਲੈਂਦੇ ਹਾਂ;
ਪ੍ਰਸ਼ਨ
ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ।।
ਉੱਤਰ
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।
ਬਾਬਾ ਨਾਨਕ ਨੇ ਆਪਣਾ ਸੰਵਾਦ ਗੁਰਬਾਣੀ ਦੇ ਸ਼ਬਦਾਂ ਰਾਹੀਂ ਰਚਾਇਆ ਹੈ। ਬਾਣੀ ਕਾਵਿ ਮਈ ਵੀ ਹੈ ਅਤੇ ਸੰਗੀਤ ਮਈ ਵੀ। ਪ੍ਰਤੀਕ ਅਤੇ ਅਲੰਕਾਰ ਕਵਿਤਾ ਦੇ ਸ਼ਿੰਗਾਰ ਹੁੰਦੇ ਹਨ, ਪਰ ਬਾਬੇ ਨਾਨਕ ਨੇ ਆਪਣੀ ਰਹੱਸਮਈ ਵਾਰਤਾ ਨੂੰ ਸੌਖਾ ਕਰਨ ਲਈ ਵੀ ਅਤੇ ਉਸ ਨੂੰ ਲੋਕ-ਮਾਨਸਿਕਤਾ ਦੇ ਪੱਧਰ ’ਤੇ ਲਿਆਉਣ ਲਈ ਵੀ ਪ੍ਰਤੀਕਾਂ ਅਤੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਅਗੰਮੀ ਅਤੇ ਰੂਹਾਨੀ ਗੱਲ ਸਮਝਾਉਣ ਦੀ ਇਹ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਅਦ੍ਰਿਸ਼ ਨੂੰ ਸਪੱਸ਼ਟ ਕਰਨ ਲਈ ਦ੍ਰਿਸ਼ਟਮਾਨ ਦੀ ਉਦਾਹਰਨ ਅਤੇ ਪ੍ਰਤੀਕ ਨਾਲ ਗੱਲ ਛੇਤੀ ਸਮਝ ਵਿੱਚ ਆਉਂਦੀ ਹੈ। ਉਦਾਹਰਨ ਲਈ; ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਪੰਕਤੀ ਹੀ ਲੈ ਲਈਏ। ਇਸ ਵਿੱਚ ਉਹ ਕੁਦਰਤ ਅਤੇ ਮਨੁੱਖ ਦੇ ਗੂੜ੍ਹੇ ਸਬੰਧ ਨੂੰ ਦਰਸਾ ਕੇ ਗੁਰਮਤਿ ਸਿਧਾਂਤ ਨੂੰ ਲੋਕ ਮਨ ਦੇ ਨੇੜੇ ਲੈ ਜਾਂਦੇ ਹਨ। ਇਸੇ ਤਰ੍ਹਾਂ ਜਨੇਊ, ਨਮਾਜ਼, ਆਦਿ ਦੇ ਹੋਰ ਸੈਂਕੜੇ ਪ੍ਰਮਾਣ ਦੇਖ ਸਕਦੇ ਹਾਂ।
ਗੁਰੂ ਨਾਨਕ ਜੀ ਨੇ ਆਪਣੇ ਆਪ ਨੂੰ ਕਦੇ ਵੀ ਗੁਰੂ, ਬਾਬਾ, ਸੰਤ ਜਾਂ ਪੀਰ ਨਹੀਂ ਮੰਨਿਆ। ਸਗੋਂ ਇੱਕ ਸਾਧਾਰਨ ਮਨੁੱਖ ਦੀ ਥਾਂ ਰੱਖ ਕੇ ਹੀ ਸਾਰੀ ਗੱਲਬਾਤ ਕਰਦੇ ਰਹੇ ਹਨ। ਕਿਧਰੇ ਵੀ ਉਨ੍ਹਾਂ ਨੇ ਕਰਾਮਾਤ ਨਹੀਂ ਦਿਖਾਈ। ਜਦੋਂ ਸਿੱਧਾਂ ਨੇ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਵੀ ਆਖਿਆ ਤਦ ਵੀ ਬਾਬੇ ਨਾਨਕ ਦਾ ਉੱਤਰ ਬਹੁਤ ਖ਼ੂਬਸੂਰਤ ਅਤੇ ਭੇਦ ਭਰਿਆ ਸੀ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਬਿਆਨ ਕਰਦੇ ਹਨ;
ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ॥
ਕੁਝ ਵਿਖਾਲੇਂ ਅਸਾ ਨੋ ਤੁਹਿ ਕਿਉ ਢਿਲ ਅਵੇਹੀ ਲਾਈ॥
ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ॥
ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ॥
ਇਸ ਤਰ੍ਹਾਂ ਲੋਕਾਂ ਦੇ ਤਲ ’ਤੇ ਖੜ੍ਹ ਕੇ ਗੱਲ ਕਰਨ ਨਾਲ ਬਾਬਾ ਨਾਨਕ ਦੀ ਗੱਲ ਵਧੇਰੇ ਲੋਕਾਂ ਨੇ ਸੁਣੀ ਅਤੇ ਮੰਨੀ। ਗੁਰੂ ਨਾਨਕ ਜੀ ਦੇ ਸੰਵਾਦ ਪ੍ਰਤੀ ਪਿਆਰ ਅਤੇ ਉਨ੍ਹਾਂ ਦੀ ਜੁਗਤੀ ਨੂੰ ਜਦੋਂ ਅਜੋਕੇ ਹਾਲਾਤ ਨਾਲ ਮਿਲਾ ਕੇ ਦੇਖਦੇ ਹਾਂ ਤਾਂ ਘੋਰ ਨਿਰਾਸ਼ਾ ਅਤੇ ਦੁੱਖ ਦਾ ਅਹਿਸਾਸ ਹੁੰਦਾ ਹੈ। ਬਾਬਾ ਨਾਨਕ ਨੇ ਵੱਖਰੀ ਵਿਚਾਰਧਾਰਾ ਵਾਲੇ ਕਰੋੜਾਂ ਹਿਰਦਿਆਂ ਨੂੰ ਅਗਿਆਨਤਾ, ਭਰਮ ਭੁਲੇਖਿਆਂ, ਕਰਮ ਕਾਂਡਾਂ ਵਿੱਚੋਂ ਕੱਢ ਕੇ ਗੁਰਮਤਿ ਦੇ ਸਰਲ ਮਾਰਗ ’ਤੇ ਤੋਰਿਆ, ਪਰ ਅਸੀਂ ਬਾਬਾ ਨਾਨਕ ਦੇ ਸਿੱਖ ਅਖਵਾਉਣ ਵਾਲਿਆਂ ਨੇ ਕੱਟੜਤਾ ਨੂੰ ਅਪਣਾ ਰੱਖਿਆ ਹੈ। ਗੈਰ ਮੱਤਾਂ ਵਾਲਿਆਂ ਕੋਲ ਗੁਰਮਤਿ ਦੀ ਗੱਲ ਕੀ ਪਹੁੰਚਾਉਣੀ ਸੀ, ਅਸੀਂ ਸਿੱਖ ਹੋ ਕੇ ਵੀ ਇਸ ਸੰਵਾਦ ਨੂੰ ਭੁੱਲ ਚੁੱਕੇ ਹਾਂ ਅਤੇ ਬੇਅੰਤ ਛੋਟੇ ਛੋਟੇ ਮਸਲੇ ਜਿਹੜੇ ਸੰਵਾਦ ਨਾਲ ਸੂਝ ਬੂਝ ਨਾਲ ਸੌਖਿਆਂ ਹੀ ਹੱਲ ਹੋਣ ਵਾਲੇ ਹੁੰਦੇ ਹਨ, ਉਨ੍ਹਾਂ ’ਤੇ ਵੀ ਵਿਵਾਦ ਖੜ੍ਹੇ ਕਰ ਬੈਠਦੇ ਹਾਂ ਅਤੇ ਬਹੁਤ ਛੇਤੀ ਤਲਵਾਰਾਂ ਸੂਤ ਲੈਂਦੇ ਹਾਂ। ਸਾਡੇ ਵਿਰੋਧੀ ਨੂੰ ਸਾਡੀ ਇਹ ਬਿਰਤੀ ਬਹੁਤ ਰਾਸ ਆਉਂਦੀ ਹੈ। ਉਹ ਤਾਂ ਸਾਨੂੰ ਬਾਣੀ (ਗਿਆਨ) ਅਤੇ ਸੰਗਤ (ਲੋਕ ਸ਼ਕਤੀ) ਦੋਹਾਂ ਤੋਂ ਦੂਰ ਕਰਨਾ ਚਾਹੁੰਦਾ ਹੈ। ਆਓ, ਇਹ ਪ੍ਰਣ ਕਰੀਏ ਕਿ ਵਿਸਰ ਚੁੱਕੀ ਸੰਵਾਦ ਦੀ ਪਿਰਤ ਫਿਰ ਸੁਰਜੀਤ ਕਰੀਏ ਅਤੇ ਨਾਨਕ ਵਿਚਾਰਧਾਰਾ ਅਨੁਸਾਰ ਸਰਬ ਸਾਂਝੀਵਾਲਤਾ ਅਤੇ ਬ੍ਰਹਿਮੰਡੀ ਪ੍ਰੇਮ ਦੀ ਜੋਤ ਜਗਾਉਣ ਲਈ ਸਦਾ ਕੋਸ਼ਿਸ਼ ਕਰੀਏ।
ਸੰਪਰਕ: 98147-15796 (ਵਟਸਐਪ)