ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਅੱਵਲ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 27 ਜੁਲਾਈ
ਬਾਬਾ ਸ਼ਾਹ ਸ਼ਰੀਫ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਵਾਂਗ ਸ਼ਰਧਾ ਭਾਵਨਾ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਢਾਡੀ, ਕਵੀਸ਼ਰੀ ਜਥਿਆਂ ਵੱਲੋਂ ਗੁਰ ਇਤਿਹਾਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਭਾਈ ਰਸ਼ਾਲ ਸਿੰਘ ਵੱਲੋਂ ਅਰਦਾਸ ਉਪਰੰਤ ਦੀਵਾਨ ਦੀ ਸਮਾਪਤੀ ਤੋਂ ਬਾਅਦ ਪ੍ਰਬੰਧਕ ਕਮੇਟੀ ਵੱਲੋਂ ਕਬੱਡੀ ਅਤੇ ਕੁਸ਼ਤੀ ਦੇ ਰੋਚਕ ਮੁਕਾਬਲੇ ਕਰਵਾਏ ਗਏ। ਕਬੱਡੀ ਦੇ ਯੂਨੀਅਰ ਵਰਗ ਵਿੱਚ ਬਾਬਾ ਬਲਵਿੰਦਰ ਸਿੰਘ ਸਪੋਰਟਸ ਕਲੱਬ ਖਡੂਰ ਸਾਹਿਬ ਨੂੰ ਹਰਾ ਕੇ ਗੁਰੂ ਅਮਰਦਾਸ ਕਬੱਡੀ ਕਲੱਬ ਪਹਿਲੇ ਸਥਾਨ ’ਤੇ ਰਿਹਾ। ਸੀਨੀਅਰ ਵਰਗ ਵਿੱਚ ਡੀਏਵੀ ਕਬੱਡੀ ਕਲੱਬ ਜਲੰਧਰ ਨੂੰ ਹਰਾ ਕੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਨੇ ਜੇਤੂ ਕੱਪ ’ਤੇ ਕਬਜ਼ਾ ਕੀਤਾ। ਰੈਫਰੀ ਦੀ ਭੂਮਿਕਾ ਕੰਮੋ ਭਲਵਾਨ ਫਤਿਆਬਾਦ ਵੱਲੋਂ ਨਿਭਾਈ ਗਈ। ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕੁਲਦੀਪ ਸਿੰਘ ਔਲਖ, ਹਰਦੀਪ ਸਿੰਘ ਲਾਟੂ, ਸਤਨਾਮ ਸਿੰਘ ਰੰਧਾਵਾ, ਜਥੇਦਾਰ ਆਤਮਾ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
ਬਾਬਾ ਬੰਦਾ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ ਜੇਤੂ
ਤਰਨ ਤਾਰਨ (ਗੁਰਬਖਸ਼ਪੁਰੀ): ਸਕੂਲੀ ਵਿਦਿਆਰਥੀਆਂ ਦੇ 68ਵੇਂ ਤਰਨ ਤਾਰਨ ਜ਼ੋਨ ਨੰਬਰ ਦੋ ਦੇ ਲੜਕਿਆਂ ਦੇ ਨੈਸ਼ਨਲ ਕਬੱਡੀ ਫਾਈਨਲ ਮੁਕਾਬਲੇ ਅੱਜ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ। ਵਰਗ 19 ਵਿੱਚ ਪਹਿਲਾ ਸਥਾਨ ਬਾਬਾ ਬੰਦਾ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ ਅਤੇ ਦੂਜਾ ਗੁਰੂ ਨਾਨਕ ਦੇਵ ਅਕੈਡਮੀ ਨੂਰਦੀ ਨੇ ਹਾਸਲ ਕੀਤਾ।ਮੁਕਾਬਲਿਆਂ ਦੇ ਕਨਵੀਨਰ ਦਵਿੰਦਰ ਸਿੰਘ ਨੇ ਦੱਸਿਆ ਕਿ ਵਰਗ-14 ਵਿੱਚ ਪਹਿਲਾ ਸਥਾਨ ਗੁਰੂ ਨਾਨਕ ਦੇਵ ਅਕੈਡਮੀ ਨੂਰਦੀ ਅਤੇ ਦੂਸਰਾ ਸਥਾਨ ਬਾਬਾ ਬੰਦਾ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ ਨੇ ਅਤੇ ਵਰਗ-17 ਵਿੱਚ ਪਹਿਲਾ ਸਥਾਨ ਬਾਬਾ ਬੰਦਾ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ ਅਤੇ ਦੂਸਰਾ ਸਥਾਨ ਗੁਰੂ ਨਾਨਕ ਦੇਵ ਅਕੈਡਮੀ ਨੂਰਦੀ ਨੇ ਹਾਸਲ ਕੀਤਾ।