ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਲਾਲਾਂ ਦੀ ਸੇਵਾ ਬਦਲੇ ਸ਼ਹੀਦੀ ਪਾਉਣ ਵਾਲੇ ਬਾਬਾ ਮੋਤੀ ਰਾਮ ਮਹਿਰਾ

07:04 AM Jan 03, 2024 IST

ਬਹਾਦਰ ਸਿੰਘ ਗੋਸਲ

ਸਿੱਖ ਇਤਿਹਾਸ ਸਿੱਖਾਂ ਅਤੇ ਗੁਰੂ ਘਰ ਦੇ ਪ੍ਰੇਮੀਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਨਾਲ ਅਜਿਹੀ ਚਿਣਗ ਲਗਾਈ ਕਿ ਸਿੱਖ ਇਤਿਹਾਸ ਦੇ ਪੰਨਿਆਂ ਦੇ ਪੰਨੇ ਕੁਰਬਾਨੀਆਂ ਦੇ ਜ਼ਿਕਰ ਨਾਲ ਭਰੇ ਪਏ ਹਨ। ਛੇਵੇਂ ਗੁਰੂ ਦੇ ਸਮੇਂ ਜਦੋਂ ਉਨ੍ਹਾਂ ਨੂੰ ਚਾਰ ਵੱਡੀਆਂ ਜੰਗਾਂ ਲੜਨੀਆਂ ਪਈਆਂ ਤਾਂ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਪਣੇ ਨਾਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ’ਤੇ ਦਰਜ ਕਰਵਾਏ। ਉਨ੍ਹਾਂ ਸ਼ਹੀਦਾਂ ਦੀਆਂ ਅਥਾਹ ਕੁਰਬਾਨੀਆਂ ਹੀ ਸਨ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗਲਾਂ ਨੂੰ ਡਾਢੀ ਟੱਕਰ ਦੇ ਕੇ ਚਾਰ ਦੀਆਂ ਚਾਰ ਜੰਗਾਂ ਜਿੱਤੀਆਂ।
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਅਜਿਹੇ ਸਿੰਘ ਸਜਾਏ ਜੋ ਸਦਾ ਹੀ ਕੁਰਬਾਨੀ ਦੇਣ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਨੇ ਕੁਰਬਾਨੀਆਂ ਦੇਣ ਵਾਲੇ ਮਰਜੀਵੜਿਆਂ ਦੀ ਅਜਿਹੀ ਖਾਲਸਾ ਫੌਜ ਤਿਆਰ ਕੀਤੀ ਜਿਸ ਦਾ ਕੰਮ ਹੀ ਜ਼ੁਲਮ ਨੂੰ ਟੱਕਰ ਦੇਣਾ ਅਤੇ ਦੁਸ਼ਮਣ ਨਾਲ ਲੜ ਕੇ ਸ਼ਹੀਦੀਆਂ ਪ੍ਰਾਪਤ ਕਰਨਾ ਜਾਂ ਫਿਰ ਜਿੱਤਾਂ ਪ੍ਰਾਪਤ ਕਰਨਾ ਸੀ। ਦਸਮ ਪਿਤਾ ਨੇ ਆਪ ਵੀ ਸਾਰੇ ਪਰਿਵਾਰ ਦਾ ਬਲੀਦਾਨ ਦੇ ਕੇ ਧਰਮ ਅਤੇ ਕੌਮ ਦੀ ਨਵ-ਉਸਾਰੀ ਦਾ ਕੰਮ ਕੀਤਾ। ਗੁਰੂ ਜੀ ਦੇ ਸੇਵਕ ਵੀ ਅਜਿਹੀਆਂ ਕੁਰਬਾਨੀਆਂ ਤੋਂ ਕਦੇ ਪਿਛੇ ਨਹੀਂ ਹਟੇ ਸਗੋਂ ਪਰਿਵਾਰਾਂ ਸਮੇਤ ਸ਼ਹੀਦਾਂ ਦੀ ਵੱਡੀ ਲੜੀ ਵਿੱਚ ਆਪਣਾ ਨਾਂ ਦਰਜ ਕਰਵਾ ਗਏ। ਅਜਿਹੀ ਹੀ ਇਕ ਕੁਰਬਾਨੀ ਦੀ ਮਿਸਾਲ ਪੁਰਾਣੀ ਸਰਹਿੰਦ ਅਤੇ ਅਜੋਕੇ ਫਤਹਿਗੜ੍ਹ ਸਾਹਿਬ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਕੁਰਬਾਨੀ ਬਾਬਾ ਮੋਤੀ ਰਾਮ ਮਹਿਰਾ ਦੀ ਹੈ, ਜਿਨ੍ਹਾਂ ਇਹ ਸ਼ਹੀਦੀ ਗੁਰੂ ਲਾਲਾਂ ਅਤੇ ਮਾਤਾ ਗੁਜਰੀ ਜੀ ਦੀ ਸੇਵਾ ਬਦਲੇ ਪ੍ਰਾਪਤ ਕੀਤੀ ਸੀ।
ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਪਰਿਵਾਰ ਦਾ ਸਰਸਾ ਨਦੀ ’ਤੇ ਵਿਛੋੜਾ ਪੈ ਗਿਆ ਅਤੇ ਮਾਤਾ ਗੁਜਰੀ ਜੀ ਨਾਲ ਦੋ ਛੋਟੇ ਸਾਹਿਬਜ਼ਾਦੇ ਪਰਿਵਾਰ ਤੋਂ ਵਿਛੜ ਗਏ ਤਾਂ ਮਾਤਾ ਜੀ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਉਹ ਇਨ੍ਹਾਂ ਦਾ ਸੇਵਕ ਸੀ। ਉਹ ਮਾਤਾ ਜੀ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ ਪਰ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਦੀ ਗੁੱਥਲੀ ਦੇਖ ਕੇ ਉਸ ਦਾ ਮਨ ਲਾਲਚ ਵਿਚ ਆ ਗਿਆ ਅਤੇ ਉਸ ਨੇ ਬੇਇਮਾਨੀ ਕਰਦੇ ਹੋਏ ਮੋਹਰਾਂ ਚੁਰਾ ਕੇ ਚੋਰ-ਚੋਰ ਦਾ ਰੌਲਾ ਪਾ ਦਿੱਤਾ ਅਤੇ ਮਾਤਾ ਜੀ ਦੇ ਸਮਝਾਉਣ ’ਤੇ ਵੀ ਨਹੀਂ ਸਮਝਿਆ। ਉਲਟਾ ਮੋਰਿੰਡੇ ਦੇ ਕੋਤਵਾਲ ਜਾਨੀ ਖਾਂ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਜਾ ਦੱਸਿਆ? ਕੋਤਵਾਲ ਜਾਨੀ ਖਾਂ ਨੇ ਮਾਤਾ ਜੀ ਸਮੇਤ ਬੱਚਿਆਂ ਨੂੰ ਸੂਬਾ ਸਰਹਿੰਦ ਕੋਲ ਭੇਜ ਦਿੱਤਾ, ਜਿਸ ਨੇ ਤਿੰਨਾਂ ਪਵਿੱਤਰ ਰੂਹਾਂ ਨੂੰ ਠੰਢੇ ਬੁਰਜ ਵਿੱਚ ਪੋਹ ਦੇ ਮਹੀਨੇ ਕੈਦ ਕਰ ਦਿੱਤਾ। ਸੂਬਾ ਸਰਹਿੰਦ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਜੇ ਕੋਈ ਇਨ੍ਹਾਂ ਦੀ ਮਦਦ ਕਰੇਗਾ ਤਾਂ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ।
ਗੁਰੂ ਘਰ ਦੇ ਪ੍ਰੇਮੀ ਮੋਤੀ ਰਾਮ ਮਹਿਰਾ ਨੇ ਆਪਣੀ ਅਤੇ ਪਰਿਵਾਰ ਦੀ ਮੌਤ ਦੀ ਸਜ਼ਾ ਦੀ ਪਰਵਾਹ ਨਾ ਕਰਦੇ ਹੋਏ ਮਾਤਾ ਗੁਜਰੀ ਜੀ ਅਤੇ ਛੋਟੇ ਗੁਰੂ ਦੇ ਲਾਲਾਂ ਨੂੰ ਤਿੰਨ ਦਿਨ 10, 11 ਅਤੇ 12 ਪੋਹ ਨੂੰ ਲਗਾਤਾਰ ਗਰਮ ਦੁੱਧ ਦੀ ਸੇਵਾ ਸੂਬਾ ਸਰਹਿੰਦ ਤੋਂ ਚੋਰੀ ਕੀਤੀ। ਜਦੋ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਤਾ ਗਿਆ ਤਾਂ ਇਹ ਦੁਖਾਂਤ ਭਰੀ ਖ਼ਬਰ ਵੀ ਮੋਤੀ ਰਾਮ ਮਹਿਰਾ ਨੇ ਹੀ ਮਾਤਾ ਜੀ ਨੂੰ ਠੰਢੇ ਬੁਰਜ ਵਿੱਚ ਸੁਣਾਈ, ਜਿਸ ਨੂੰ ਸੁਣ ਕੇ ਮਾਤਾ ਜੀ ਵੀ ਪ੍ਰਲੋਕ ਗਮਨ ਕਰ ਗਏ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਦੂਜੇ ਦਿਨ ਹੀ ਗੰਗੂ ਦੇ ਭਰਾ ਪੰਮੇ ਨੇ ਹਾਕਮਾਂ ਪਾਸ ਚੁਗਲੀ ਕੀਤੀ ਕਿ ਮੋਤੀ ਰਾਮ ਮਹਿਰਾ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਦੁੱਧ ਅਤੇ ਜਲ-ਪਾਣੀ ਨਾਲ ਸੇਵਾ ਕੀਤੀ ਸੀ। ਇਹ ਸੁਣ 28 ਦਸੰਬਰ 1704 ਨੂੰ ਸੂਬਾ ਸਰਹਿੰਦ ਨੇ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੈਦ ਕਰ ਲਿਆ। ਸੂਬੇ ਵਲੋਂ ਪੁੱਛੇ ਜਾਣ ’ਤੇ ਬਾਬਾ ਜੀ ਨੇ ਬਿਨਾ ਡਰ ਤੋਂ ਸਭ ਸੱਚ ਦੱਸ ਦਿੱਤਾ ਅਤੇ ਕਿਹਾ ਕਿ ਅਜਿਹਾ ਉਨ੍ਹਾਂ ਨੇ ਹੱਕ, ਸੱਚ ਅਤੇ ਇਨਸਾਫ਼ ਦੀ ਰਾਖੀ ਲਈ ਕੀਤਾ ਸੀ ਅਤੇ ਅਜਿਹਾ ਕਰਨ ’ਤੇ ਉਨ੍ਹਾਂ ਨੂੰ ਆਪਣੇ ਆਪ ’ਤੇ ਮਾਣ ਹੈ। ਸੂਬਾ ਸਰਹਿੰਦ ਨੇ ਗੁਰੂ ਲਾਲਾਂ ਦੀ ਸੇਵਾ ਬਦਲੇ ਮੋਤੀ ਰਾਮ ਜੀ ਨੂੰ 4 ਦਿਨ ਕੈਦ ਵਿੱਚ ਰੱਖਿਆ ਅਤੇ ਅਨੇਕਾਂ ਲਾਲਚ ਅਤੇ ਡਰਾਵੇ ਵੀ ਦਿੱਤੇ। ਆਖਰ ਪਹਿਲੀ ਜਨਵਰੀ 1705 ਈ. ਨੂੰ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ-ਇੱਕ ਕਰ ਕੇ ਕੋਹਲੂ ਵਿਚ ਪੀੜਨ ਦਾ ਹੁਕਮ ਸੁਣਾ ਦਿੱਤਾ ਗਿਆ। ਇਨ੍ਹਾਂ ਪਰਿਵਾਰਕ ਮੈਂਬਰਾਂ ਵਿੱਚ ਬਾਬਾ ਜੀ ਆਪ, ਉਨ੍ਹਾਂ ਦੇ 4 ਅਤੇ 6 ਸਾਲ ਦੇ ਬੇਟੇ, ਪਤਨੀ ਅਤੇ 72 ਸਾਲ ਦੇ ਬਜ਼ੁਰਗ ਮਾਤਾ ਜੀ ਸਨ। ਸਾਰੇ ਪਰਿਵਾਰ ਨੂੰ ਜ਼ਾਲਮਾਂ ਵਲੋਂ ਅਥਾਹ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਉਨ੍ਹਾਂ ਗੁਰੂ ਘਰ ਦੇ ਪ੍ਰੇਮੀਆਂ ਨੇ ਸੂਬਾ ਸਰਹਿੰਦ ਦੇ ਤਸੀਹਿਆਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਗੁਰੂ ਲਾਲਾਂ ਦੀ ਸੇਵਾ ਬਦਲੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ।
ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਅੱਜ 318 ਸਾਲ ਤੋਂ ਵੱਧ ਹੋ ਚੁੱਕੇ ਹਨ ਸਿੱਖ ਕੌਮ ਉਨ੍ਹਾਂ ਦੀ ਵਿਲੱਖਣ ਕੁਰਬਾਨੀ ਨੂੰ ਸਦਾ ਨਤਮਸਤਕ ਹੁੰਦੀ ਰਹੇਗੀ। ਬਾਬਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਅਦੁੱਤੀ ਸ਼ਹੀਦੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਲੁਧਿਆਣਾ 21 ਸਤੰਬਰ 2004 ਨੂੰ ਹੋਂਦ ਵਿੱਚ ਆਈ ਸੀ, ਜਿਸ ਦੇ ਯਤਨਾਂ ਸਦਕਾ ਫਰਵਰੀ 2016 ਵਿੱਚ ਫਤਿਹਗੜ੍ਹ ਸਾਹਿਬ ਵਿਖੇ ਪੰਜ ਏਕੜ ਜ਼ਮੀਨ ਵਿੱਚ ਬਾਬਾ ਜੀ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੁੰਦਰ ਯਾਦਗਾਰ ਬਣਾਈ ਗਈ ਹੈ। ਇਸ ਸਥਾਨ ’ਤੇ ਸਿੱਖ ਸੰਗਤ ਬਹੁਤ ਹੀ ਸ਼ਰਧਾਪੂਰਵਕ ਨਤਮਸਤਕ ਹੁੰਦੀ ਹੈ ਅਤੇ ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਕੀਤੀ ਦੁੱਧ ਦੀ ਸੇਵਾ ਨੂੰ ਯਾਦ ਕਰਦੀ ਹੈ।
ਸੰਪਰਕ: 98764-52223

Advertisement

Advertisement