ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ
ਦਲਬੀਰ ਸਿੰਘ ਸੱਖੋਵਾਲੀਆ
ਪੋਹ ਦਾ ਮਹੀਨਾ ਸਿੱਖ ਕੌਮ ਲਈ ਸ਼ਹਾਦਤਾਂ ਦੇ ਸਫ਼ਰ ਵਜੋਂ ਜਾਣਿਆ ਜਾਂਦਾ ਹੈ। ਪੋਹ ਮਹੀਨੇ ਦੇ ਇਨ੍ਹਾਂ ਦਿਨਾਂ ’ਚ ਗੁਰੂ ਗੋਬਿੰਦ ਸਿੰਘ, ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਗਏ ਸਨ। ਗੁਰੂ ਜੀ ਸਮੇਤ ਸਿੰਘਾਂ ਵੱਲੋਂ ਕਿਲ੍ਹਾ ਖ਼ਾਲੀ ਕਰਨ ’ਤੇ ਦੁਸ਼ਮਣ ਫ਼ੌਜਾਂ ਨੇ ਸਾਰੀਆਂ ਕਸਮਾਂ ਭੁਲਾ ਕੇ ਸਰਸਾ ਨਦੀ ਕਿਨਾਰੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਦੁਸ਼ਮਣ ਫੌਜਾਂ ’ਚ ਘਿਰ ਗਏ ਤਾਂ ਬਾਬਾ ਜੀਵਨ ਸਿੰਘ ਨੇ ਆਪਣੀ ਯੁੱਧ ਕਲਾ ਅਤੇ ਦਲੇਰੀ ਨਾਲ ਉਨ੍ਹਾਂ ਨੂੰ ਸੁਰੱਖਿਅਤ ਕੱਢਿਆ। ਇੱਥੇ ਹੀ ਭਾਈ ਉਦੈ ਸਿੰਘ ਸ਼ਹੀਦ ਹੋ ਗਏ ਸਨ। ਬਾਬਾ ਜੀਵਨ ਸਿੰਘ ਅਤੇ ਸਾਹਿਬਜ਼ਾਦਾ ਅਜੀਤ ਸਿੰਘ, ਜੋ ਸਰਸਾ ਨਦੀ ਪਾਰ ਕਰਕੇ ਗੁਰੂ ਗੋਬਿੰਦ ਸਿੰਘ ਅਤੇ ਬਾਕੀ ਸਿੰਘਾਂ ਨਾਲ ਅੱਗੇ ਚੱਲ ਪਏ ਸਨ, ਚਮਕੌਰ ਦੀ ਗੜ੍ਹੀ ਪਹੁੰਚੇ।
ਬਾਬਾ ਜੀਵਨ ਸਿੰਘ ਨੌਵੇਂ ਅਤੇ ਦਸਵੇਂ ਗੁਰੂ ਦੇ ਸਭ ਤੋਂ ਵੱਧ ਭਰੋਸੇਮੰਦ ਅਤੇ ਵਫ਼ਾਦਾਰ ਸਨ। ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਉਨ੍ਹਾਂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਗੁਰੂ ਸਾਹਿਬਾਨ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਈ ਸਦਾਨੰਦ ਦੇ ਪੜਦਾਦਾ ਭਾਈ ਕਲਿਆਣਾ ਜੀ ਦਾ ਜ਼ਿਕਰ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਜਾਰੀ ਹੁਕਮਨਾਮਿਆਂ ਵਿੱਚ ਵੀ ਮਿਲਦਾ ਹੈ, ਜੋ ਉਕਤ ਤੱਥ ਦੀ ਪੁਖਤਾ ਗਵਾਹੀ ਭਰਦੇ ਹਨ। ਉਨ੍ਹਾਂ ਦਾ ਪਰਿਵਾਰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਆਖ਼ਰੀ ਸਾਹਾਂ ਤੱਕ ਨਾਲ ਰਿਹਾ। ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ, ਯੁੱਧ ਵਿੱਦਿਆ ਦੇ ਮਾਹਰ, ਕਵੀ ਅਤੇ ਵਿਦਵਾਨ ਸਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਨਾਲ 13 ਵੱਖ-ਵੱਖ ਜੰਗਾਂ ਵਿੱਚ ਹਿੱਸਾ ਲੈਂਦਿਆਂ ਆਪਣੀ ਵਫ਼ਾਦਾਰੀ ਤੇ ਬਹਾਦਰੀ ਦੇ ਜੌਹਰ ਦਿਖਾਏ।
ਦਲਬੀਰ ਸਿੰਘ ਦੀ ਕਿਤਾਬ ‘ਵਰਿਆਮ ਇਕੇਲਾ’ ਅਨੁਸਾਰ, ‘ਭਾਈ ਕਲਿਆਣਾ ਕੱਥੂਨੰਗਲ (ਜ਼ਿਲ੍ਹਾ ਅੰਮ੍ਰਿਤਸਰ) ਦੇ ਰਹਿਣ ਵਾਲੇ ਸਨ। ਭਾਈ ਕਲਿਆਣਾ ਦੇ ਪੁੱਤਰ ਸੁੱਖਭਾਨ ਅਤੇ ਅੱਗਿਓਂ ਉਨ੍ਹਾਂ ਦੇ ਪੁੱਤਰ ਜੱਸਭਾਨ ਹੋਏ। ਅੱਗਿਓਂ ਉਨ੍ਹਾਂ ਦੇ ਦੋ ਪੁੱਤਰ ਆਗਿਆ ਰਾਮ ਅਤੇ ਭਾਈ ਸਦਾਨੰਦ ਸਨ। ਭਾਈ ਸਦਾਨੰਦ ਬਚਪਨ ਤੋਂ ਸਾਧੂ ਸੁਭਾਅ ਦੇ ਹੋਣ ਕਰਕੇ ਨੌਵੇਂ ਗੁਰੂ ਦੀ ਸ਼ਰਨ ਵਿੱਚ ਆ ਗਏ। ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਨੇ ਉਸ ਸਮੇਂ ਜਾਤ-ਪਾਤ ਮਿਟਾਉਣ ਦੀ ਕੋਸ਼ਿਸ਼ ਕਰਦਿਆਂ ਭਾਈ ਸਦਾਨੰਦ ਦਾ ਵਿਆਹ ਦਿੱਲੀ ਦੇ ਸੰਗੀਤ ਘਰਾਣੇ ਦੇ ਪੰਡਿਤ ਸ਼ਿਵ ਨਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਨਾਲ ਕਰ ਦਿੱਤਾ। ਗੁਰੂ ਕੇ ਮਹਿਲ ਮਾਤਾ ਨਾਨਕੀ (ਨੌਵੇਂ ਗੁਰੂ ਜੀ ਦੇ ਮਾਤਾ) ਅਤੇ ਮਾਤਾ ਗੁਜਰੀ ਨੇ ਲਾਜਵੰਤੀ ਦਾ ਨਾਮ ਬਾਅਦ ’ਚ ਪ੍ਰ੍ੇਮੋ ਰੱਖਿਆ। ਉਨ੍ਹਾਂ ਦੀ ਕੁੱਖੋਂ ਦੋ ਪੁੱਤਰਾਂ ਜੈਤਾ (ਬਾਬਾ ਜੀਵਨ ਸਿੰਘ) ਅਤੇ ਸੰਗਤਾ (ਭਾਈ ਸੰਗਤ ਸਿੰਘ) ਨੇ ਜਨਮ ਲਿਆ।’
ਬਾਬਾ ਜੀਵਨ ਸਿੰਘ ਜੀ ਰਚਿਤ ਕਿਰਤ ‘ਸ਼੍ਰੀ ਗੁਰੂ ਕਥਾ’ ਵਿੱਚ ਉਸ ਸਮੇਂ ਦੇ ਧਾਰਮਿਕ, ਸਮਾਜਿਕ ਅਤੇ ਰਾਜਸੀ ਹਾਲਾਤ ਬਾਰੇ ਗਿਆਨ ਭਰਪੂਰ ਜਾਣਕਾਰੀ ਮਿਲਦੀ ਹੈ। ‘ਸ਼੍ਰੀ ਗੁਰੂ ਕਥਾ’ ਵਿੱਚ ਔਰੰਗਜ਼ੇਬ ਦੀ ਕੂਟਨੀਤੀ ਤੋਂ ਇਲਾਵਾ ਦਸਮੇਸ਼ ਪਿਤਾ ਦੀਆਂ ਨਿੱਤ ਦੀਆਂ ਗਤੀਵਿਧੀਆਂ ਸਮੇਤ ਹੋਰ ਜਾਣਕਾਰੀ ਵੀ ਮਿਲਦੀ ਹੈ।
ਨਿਸ਼ਾਨ ਸਿੰਘ ਗੰਡੀਵਿੰਡ ਰਚਿਤ ਪੁਸਤਕ ‘ਸ਼ਹੀਦ ਬਾਬਾ ਜੀਵਨ ਸਿੰਘ, ਜੀਵਨ ਰਚਨਾ ਅਤੇ ਵਿਆਖਿਆ’ ਨੂੰ ਘੋਖਣ ’ਤੇ ਉਨ੍ਹਾਂ ਵੱਲੋਂ ਰਚਿਤ ਸਾਹਿਤ ਵਿੱਚ ਖ਼ਾਲਸੇ ਦੀ ਸਾਜਨਾ ਦਾ ਜ਼ਿਕਰ ਮਿਲਦਾ ਹੈ। ਇਸ ਵਿੱਚ ਦਸਵੇਂ ਗੁਰੂ ਦੇ ਰੋਜ਼ਾਨਾ ਦੇ ਕਾਰਜ, ਸੇਵਾ, ਭਗਤੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਸੇ ਪੁਸਤਕ ’ਚ ਦਰਜ ਹੈ ਕਿ ਜਦੋਂ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਗੁਰੂ ਜੀ ਨੇ ਕੈਦ ’ਚੋਂ ਹੀ ਭਾਈ ਜੈਤਾ ਨੂੰ 57 ਸਲੋਕ, ਪੰਜ ਪੈਸੇ, ਨਾਰੀਅਲ ਅਤੇ ਹੋਰ ਸਮੱਗਰੀ ਦੇ ਕੇ ਆਨੰਦਪੁਰ ਸਾਹਿਬ ਭੇਜਿਆ ਅਤੇ ਇਸ ਨੂੰ ਬਾਲ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਨੂੰ ਸੌਂਪ ਕੇ ਦਸਵੇਂ ਗੁਰੂ ਦੇ ਰੂਪ ਵਿੱਚ ਗੁਰਤਾਗੱਦੀ ਦਿੱਤੀ। ਸਪੱਸ਼ਟ ਸ਼ਬਦਾਂ ਵਿੱਚ ਕਿਹਾ ਜਾਵੇ ਕਿ ਦਸਮੇਸ਼ ਪਿਤਾ ਦੀ ਗੁਰਤਾਗੱਦੀ ਲਈ ਜਿੱਥੇ ਬਾਬਾ ਜੀਵਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ, ਉਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵਿੱਚ ਵੀ ਉਹ ਬਹੁਤ ਨੇੜਿਓਂ ਜੁੜੇ ਰਹੇ। ਭਾਈ ਜੈਤਾ ਜੀ ਵੱਲੋਂ ਉਸ ਵੇਲੇ ਖ਼ਤਰੇ ਭਰੇ ਹਾਲਾਤ ’ਚ ਦਿੱਲੀ ਤੋਂ ਇਹ ਸਮੱਗਰੀ ਆਨੰਦਪੁਰ ਸਾਹਿਬ ਲੈ ਕੇ ਆਉਣਾ ਅਤੇ ਦਿੱਲੀ ’ਚ ਵਾਪਰ ਰਹੇ ਘਟਨਾਕ੍ਰਮ ਤੋਂ ਜਾਣੂ ਕਰਵਾ ਕੇ ਮੁੜ ਦਿੱਲੀ ਨੂੰ ਜਾਣਾ, ਸਿੱਖ ਇਤਿਹਾਸ ਦੀ ਕੋਈ ਛੋਟੀ ਘਟਨਾ ਨਹੀਂ ਸੀ। 1675 ਵਿੱਚ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਹੋਣ ਤੋਂ ਬਾਅਦ ਭਾਈ ਜੈਤਾ ਜੀ, ਜਦੋਂ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਤਾਂ ਬਾਲ ਗੁਰੂ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਨੇ ਭਾਈ ਜੈਤਾ ਨੂੰ ਛਾਤੀ ਨਾਲ ਲਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ 1699 ’ਚ ਖ਼ਾਲਸਾ ਪੰਥ ਦੀ ਸਾਜਨਾ ਸਮੇਂ ਚਾਰ ਸਾਹਿਬਜ਼ਾਦਿਆਂ ਨਾਲ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾਉਣ ਮਗਰੋਂ ਉਨ੍ਹਾਂ ਦਾ ਨਾਮ ਬਾਬਾ ਜੀਵਨ ਸਿੰਘ ਰੱਖਿਆ। ਮਾਤਾ ਗੁਜਰੀ ਜੀ ਵੱਲੋਂ ਉਨ੍ਹਾਂ ਦੀ ਮਾਤਾ ਦਾ ਨਾਮ ਪ੍ਰੇਮੋ ਰੱਖਣਾ ਅਤੇ ਦਸਵੇਂ ਗੁਰੂ ਵੱਲੋਂ ਭਾਈ ਜੈਤਾ ਤੋਂ ਜੀਵਨ ਸਿੰਘ ਨਾਮ ਰੱਖਣ ਤੋਂ ਪਤਾ ਲੱਗਦਾ ਕਿ ਇਹ ਪਰਿਵਾਰ ਗੁਰੂ ਘਰ ਨਾਲ ਕਿੰਨਾ ਨੇੜਿਓਂ ਜੁੜਿਆ ਸੀ।
ਇਤਿਹਾਸਕਾਰ ਨਰੰਜਨ ਆਰਿਫ਼ੀ ਦੀ ਪੁਸਤਕ ‘ਸ਼ਹੀਦ ਭਾਈ ਜੈਤਾ ਜੀ’ ਅਨੁਸਾਰ ਬਾਬਾ ਜੀਵਨ ਸਿੰਘ ਜੀ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗਤਕਾ, ਘੋੜਸਵਾਰੀ ਅਤੇ ਯੁੱਧ ਦੇ ਹੋਰ ਦਾਅ ਪੇਚ ਸਿਖਾਉਣ ਦਾ ਮਾਣ ਵੀ ਮਿਲਿਆ। ਉਹ ਇੱਕੋ-ਇੱਕ ਅਜਿਹੇ ਯੋਧੇ ਹੋਏ, ਜੋ ਆਪਣੀਆਂ ਦੋ ਬੰਦੂਕਾਂ ਨਾਗਣੀ ਅਤੇ ਬਾਗਣੀ ਨੂੰ ਇੱਕੋ ਸਮੇਂ ਚਲਾਉਣ ਦੀ ਮੁਹਾਰਤ ਰੱਖਦੇ ਸਨ।
ਨਾਮਵਰ ਲੇਖਕ ਬਲਦੇਵ ਸਿੰਘ ਸੜਕਨਾਮਾ ਦੇ ਚਰਚਿਤ ਨਾਵਲ ‘ਪੰਜਵਾਂ ਸਾਹਿਬਜ਼ਾਦਾ’ ਵਿੱਚ ਜ਼ਿਕਰ ਮਿਲਦਾ ਹੈ ਕਿ ਭਾਈ ਜੈਤਾ ਜੀ ਨੇ ਚਾਂਦਨੀ ਚੌਕ ਦਿੱਲੀ ਵਿੱਚ ਗੁਰੂ ਜੀ ਦਾ ਸੀਸ ਚੁੱਕਣ ਤੋਂ ਪਹਿਲਾਂ ਆਪਣੇ ਪਿਤਾ ਸਦਾਨੰਦ ਨੂੰ ਸ਼ਹੀਦ ਕਰਕੇ ਉਨ੍ਹਾਂ ਦਾ ਸੀਸ ਗੁਰੂ ਜੀ ਦੇ ਧੜ ਨਾਲ ਟਿਕਾਇਆ। ਬਾਬਾ ਜੀਵਨ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨਾਲ ਆਖ਼ਰੀ ਦਮ ਤੱਕ ਬਿਖੜੇ ਰਾਹਾਂ ਦੇ ਪਾਂਧੀ ਬਣਿਆ ਰਿਹਾ। ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਛੋਟੇ ਪੁੱਤਰ ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਸਰਸਾ ਨਦੀ ਕੰਢੇ ਸ਼ਹੀਦ ਹੋ ਗਏ। ਉਨ੍ਹਾਂ ਦੀ ਮਾਤਾ ਪ੍ਰੇਮੋ ਅਤੇ ਪਤਨੀ ਰਾਜ ਕੌਰ ਜਾਂ ਤਾਂ ਸਿਰਸਾ ਨਦੀ ਦੇ ਕੰਢੇ ਸ਼ਹੀਦ ਹੋ ਗਏ ਜਾਂ ਨਦੀ ’ਚ ਵਹਿ ਗਏ। ਉਨ੍ਹਾਂ ਦੇ ਵੱਡੇ ਪੁੱੱਤਰ ਸੇਵਾ ਸਿੰਘ ਅਤੇ ਸੁੱਖਾ ਸਿੰਘ, ਭਰਾ ਭਾਈ ਸੰਗਤ ਸਿੰਘ ਅਤੇ ਸਹੁਰਾ ਭਾਈ ਖਜਾਨ ਸਿੰਘ ਰਿਆੜ (ਵਾਸੀ ਪੱਟੀ) ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਦੌਰਾਨ ਸ਼ਹੀਦ ਹੋ ਗਏ।
ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਸਿੰਘਾਂ ਨੇ ਗੜ੍ਹੀ ਛੱਡਣ ਦੀ ਸਲਾਹ ਦਿੱਤੀ ਤਾਂ ਦਸਮ ਪਿਤਾ ਨੇ ਬਾਬਾ ਜੀਵਨ ਸਿੰਘ ਨੂੰ ਆਪਣੀ ਦਸਤਾਰ ਅਤੇ ਕਲਗੀ ਸਜਾ ਕੇ ਗੜ੍ਹੀ ਦੀ ਮਮਟੀ ’ਤੇ ਬਿਠਾਇਆ, ਤਾਂ ਜੋ ਦੁਸ਼ਮਣ ਫੌਜ ਨੂੰ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਦੇ ਹਾਜ਼ਰ ਹੋਣ ਦਾ ਭੁਲੇਖਾ ਪੈਂਦਾ ਰਹੇ। ਦਸਵੇਂ ਗੁਰੂ ਦੇ ਦਰਬਾਰੀ ਕਵੀ ਭਾਈ ਕੰਕਣ (ਜਿਨ੍ਹਾਂ ਦੀ ਮੌਤ 1710 ’ਚ ਹੋਈ) ਵੱਲੋਂ ਰਚਿਤ ‘ਸੰਛੇਪ ਦਸ ਗੁਰੂ ਕਥਾ’ ਦੇ ਪੰਨਾ ਨੰਬਰ 66 ’ਤੇ ਇਸ ਸਬੰਧੀ ਲਿਖਿਆ ਹੈ:
ਨਿਜ ਕਲਗੀ ਸਿਰ ਦਈ ਸਜਾਇ, ਦਈ ਪੁਸਾਕ ਆਪਨੀ ਪਹਿਰਾਇ।
ਜੀਵਨ ਸਿੰਘ ਕੋ ਬੁਰਜ ਬਠਾਇ ਤਜਿ ਗੜੀ ਗੁਰੂ ਗੋਬਿੰਦ ਸਿੰਘ ਜਾਇ।
ਇਸੇ ਤਰ੍ਹਾਂ:
ਅੰਤ ਇਕੇਲੇ ਗੜ੍ਹੀ ਮੇਂ ਬੰਦੂਕੀ ਪ੍ਰਬੀਨ।
ਜੀਵਨ ਸਿੰਘ ਰੰਘਰੇਟੜੋ ਜੋ ਜੂਝ ਗਹਓ ਸੰਗ ਦੀਨ।
ਵਜੀਰਾ ਅਤਿ ਪ੍ਰਸੰਨ ਭਯੋ, ਲੀਓ ਮਾਰ ਗੋਬਿੰਦ।
ਦਿੱਲੀ ਧਾਇਓ ਸੀਸ ਲੈ ਖੁਸ਼ ਕਰਨ ਨਰਿੰਦ।
ਬਾਬਾ ਜੀਵਨ ਸਿੰਘ ਗੜ੍ਹੀ ਦੀ ਮਮਟੀ ’ਤੇ ਨਾਗਣੀ ਅਤੇ ਬਾਗਣੀ ਬੰਦੂਕਾਂ ਨਾਲ ਫੌਜ ਨੂੰ ਟੱਕਰ ਦਿੰਦੇ ਰਹੇ ਅਤੇ ਅੰਤ ਨੂੰ ਸ਼ਹੀਦ ਹੋ ਗਏ। ਉਹ ਚਮਕੌਰ ਦੀ ਗੜ੍ਹੀ ਦੇ ਆਖ਼ਰੀ ਅੱਠ ਸਿੰਘਾਂ ’ਚ ਸ਼ਾਮਲ ਸਨ, ਜੋ 23 ਦਸੰਬਰ 1704 ਦੀ ਸਵੇਰ ਨੂੰ ਦੁਸ਼ਮਣ ਫ਼ੌਜ ਨਾਲ ਜੰਗ ਲੜਦਿਆਂ ਸ਼ਹੀਦ ਹੋਏ। ਮੁਗ਼ਲ ਫ਼ੌਜ ਬਾਬਾ ਜੀਵਨ ਸਿੰਘ ਦੇ ਕਲਗੀ ਲੱਗੇ ਸੀਸ, ਜਿਸ ਨੂੰ ਗੁਰੂ ਗੋਬਿੰਦ ਸਿੰਘ ਦਾ ਸਮਝ ਰਹੀ ਸੀ, ਪਹਿਲਾਂ ਸਰਹਿੰਦ ਲੈ ਕੇ ਗਈ ਅਤੇ ਫਿਰ ਦਿੱਲੀ ਵਿੱਚ ਔਰੰਗਜ਼ੇਬ ਨੂੰ ਦਿਖਾਇਆ ਗਿਆ। ਇਸ ਦੌਰਾਨ ਔਰੰਗਜ਼ੇਬ ਦੀ ਪੁੱਤਰੀ ਨੇ ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਹੋਣ ਤੋਂ ਇਨਕਾਰ ਕਰ ਦਿੱਤਾ।
ਰੰਘਰੇਟਿਆਂ ’ਤੇ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖਣ ਵਾਲੇ ਇਤਿਹਾਸਕਾਰ ਜਸਵੰਤ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਚਮਕੌਰ ਸਾਹਿਬ ਦੇ ਸ਼ਹੀਦਾਂ ’ਚ ਬਾਬਾ ਜੀਵਨ ਸਿੰਘ ਦਾ ਨਾਮ ਪਹਿਲਾਂ ਦਰਜ ਸੀ ਪਰ ਤਿੰਨ-ਚਾਰ ਸਾਲਾਂ ਤੋਂ ਇਹ ਨਾਮ ਹਟਾ ਦਿੱਤਾ ਗਿਆ ਹੈ, ਜੋ ਬਹੁਤ ਦੁੱਖਦਾਈ ਗੱਲ ਹੈ।
ਸੰਪਰਕ: 97794-79439