ਬਾਬਾ ਜਵਾਲਾ ਸਿੰਘ ਯਾਦਗਾਰੀ ਪੁਰਸਕਾਰ ਮਨਜੀਤ ਔਲਖ ਨੂੰ
ਜਲੰਧਰ: ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਦੇ ਸਹਿਯੋਗ ਨਾਲ ਸਾਹਿਤ ਕਲਾ ਕੇਂਦਰ ਜਲੰਧਰ ਵੱਲੋਂ ਦਿੱਤਾ ਜਾਣ ਵਾਲਾ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਯਾਦਗਾਰੀ ਪੁਰਸਕਾਰ ਇਸ ਵਾਰ ਰੰਗਮੰਚ ਹਸਤੀ ਮਨਜੀਤ ਕੌਰ ਔਲਖ ਨੂੰ ਦਿੱਤਾ ਜਾਵੇਗਾ। ਕਲਾ ਕੇਂਦਰ ਦੇ ਪ੍ਰਧਾਨ ਪ੍ਰੋ. ਗੋਪਾਲ ਸਿੰਘ ਬੁੱਟਰ ਅਨੁਸਾਰ ਇਹ 7ਵਾਂ ਬਾਬਾ ਜਵਾਲਾ ਸਿੰਘ ਪੁਰਸਕਾਰ 10 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸਵੇਰੇ 10.30 ਵਜੇ ਕਰਵਾਏ ਜਾ ਰਹੇ ਸਮਾਗਮ ਵਿੱਚ ਦਿੱਤਾ ਜਾਵੇਗਾ। ਇਸ ਵਿੱਚ ਸਨਮਾਨਿਤ ਸਖਸ਼ੀਅਤ ਨੂੰ ਇੱਕ ਯਾਦਗਾਰੀ ਚਿੰਨ੍ਹ, ਦੁਸ਼ਾਲਾ ਅਤੇ 21,000 ਰੁਪਏ ਦੀ ਰਕਮ ਨਕਦ ਦਿੱਤੀ ਜਾਵੇਗੀ। ਸਮਾਗਮ ਵਿੱਚ ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਲੇਖਕ ਕੁਲਦੀਪ ਸਿੰਘ ਬੇਦੀ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਜਸਰੀਨ ਕੌਰ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਸਾਬਕਾ ਅਧਿਕਾਰੀ ਡਾ. ਹਰਜੀਤ ਸਿੰਘ ਮੰਚ ਉੱਤੇ ਸੁਸ਼ੋਭਿਤ ਹੋਣਗੇ। ਕੇਂਦਰ ਦੇ ਸਰਪ੍ਰਸਤ ਇੰਜ. ਸੀਤਲ ਸਿੰਘ ਸੰਘਾ, ਮੀਤ ਪ੍ਰਧਾਨ ਮਨੋਹਰ ਖਹਿਰਾ ਅਤੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਕੰਗ ਨੇ ਦੱਸਿਆ ਕਿ ਇਸ ਦੌਰਾਨ ਕਵੀ ਦਰਬਾਰ ਵੀ ਹੋਵੇਗਾ। -ਪੱਤਰ ਪ੍ਰੇਰਕ