ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਕਾਫ਼ਿਲਾ-ਏ-ਵਿਰਾਸਤ ਕੱਢਿਆ
ਜਸਵੰਤ ਜੱਸ
ਫਰੀਦਕੋਟ, 20 ਸਤੰਬਰ
ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਦੀ ਯਾਦ ਵਿੱਚ ਮਨਾਏ ਜਾ ਰਹੇ ਆਗਮਨ ਪੁਰਬ ਦੇ ਦੂਜੇ ਦਿਨ ਅੱਜ ਇਥੇ ਇਤਿਹਾਸਿਕ ਕਿਲਾ ਮੁਬਾਰਕ ਤੋਂ ਦਰਬਾਰ ਗੰਜ ਤੱਕ ਕਾਫ਼ਿਲਾ-ਏ-ਵਿਰਾਸਤ ਕੱਢਿਆ ਗਿਆ, ਜਿਸ ਵਿੱਚ ਪੰਜਾਬ ਸਮੇਤ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਸ਼ਾਮਿਲ ਹੋਏ ਕਲਾਕਾਰਾਂ ਨੇ ਆਪੋ-ਆਪਣੇ ਸੱਭਿਆਚਾਰ ਨੂੰ ਦਰਸਾਇਆ। ਇਸ ਕਾਫ਼ਿਲੇ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਸ਼ਹਿਰ ਵਿੱਚ ਪੁੱਜੇ ਹੋਏ ਸਨ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਤੇ ਐੱਸਐੱਸਪੀ ਡਾ. ਪ੍ਰੱਗਿਆ ਜੈਨ ਨੇ ਕਾਫ਼ਿਲੇ ਨੂੰ ਕਿਲਾ ਮੁਬਾਰਕ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਾਫ਼ਿਲੇ ਵਿੱਚ ਜ਼ਿਲ੍ਹੇ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਨੌਰਥ ਜ਼ੋਨ ਕਲਚਰ ਸੈਂਟਰ ਦੇ ਕਲਾਕਾਰਾਂ ਨੇ ਵੀ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੰਨਗੀਆਂ ਪੇਸ਼ ਕੀਤੀਆਂ। ਸ਼ਹਿਰ ਵਾਸੀਆਂ ਨੇ ਰਾਹ ’ਚ ਸਮੁੱਚੇ ਕਾਫਿਲੇ ਦਾ ਸਵਾਗਤ ਕੀਤਾ ਅਤੇ ਇਸ ਦਾ ਆਨੰਦ ਮਾਣਿਆ।
ਕਾਫ਼ਿਲੇ ਨੂੰ ਰਵਾਨਾ ਕਰਨ ਮੌਕੇ ਵਿਧਾਇਕ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਪੁਰਾਤਨ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਆਗਮਨ ਪੁਰਬ ’ਤੇ ਇਹ ਕਾਫ਼ਿਲਾ-ਏ-ਵਿਰਾਸਤ ਕੱਢਿਆ ਗਿਆ ਹੈ। ਇਸ ਕਾਫ਼ਿਲੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਰਿਵਾਇਤੀ ਪਹਿਰਾਵਿਆਂ ਵਿੱਚ ਸਜ ਕੇ, ਘੋੜੇ, ਊਠਾਂ ਨੂੰ ਸ਼ਿੰਗਾਰ ਕੇ ਕਿਲਾ ਮੁਬਾਰਕ ਤੋਂ ਲੋਕਾਂ ਨੂੰ ਵਿਰਾਸਤ ਨਾਲ ਜੋੜਦਿਆਂ ਦਰਬਾਰ ਗੰਜ ਤੱਕ ਪੁੱਜੇ। ਸਕੂਲਾਂ ਤੋਂ ਪਹੁੰਚੇ ਵਿਦਿਆਰਥੀਆਂ ਨੇ ਇਸ ਕਾਫ਼ਿਲਾ-ਏ-ਵਿਰਾਸਤ ਵਿੱਚ ਪਹਿਲੀ ਵਾਰ ਪੰਜਾਬ ਦੀਆਂ ਪੁਰਾਤਨ ਚੀਜ਼ਾਂ ਦੇ ਦਰਸ਼ਨ ਕੀਤੇ। ਨਿਹੰਗਾ ਸਿੰਘਾਂ ਦੇ ਗਤਕੇ ਤੋਂ ਇਲਾਵਾ ਪੰਜਾਬ ਦੀ ਸੱਭਿਆਚਾਰ ਨਾਲ ਜੁੜੀਆਂ ਵੱਖ-ਵੱਖ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੇ ਲੋਕਾਂ ਨੂੰ ਬਾਬਾ ਫ਼ਰੀਦ ਆਗਮਨ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਬੀਬੀ ਬੇਅੰਤ ਕੌਰ ਸੇਖੋਂ, ਕੈਪਟਨ ਧਰਮ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਬਾਬਾ ਆਦਿ ਹਾਜ਼ਰ ਸਨ।
ਅੱਜ ਹੋਣ ਵਾਲੇ ਸਮਾਗਮ
ਬਾਬਾ ਫ਼ਰੀਦ ਆਗਮਨ ਪੁਰਬ ਦੇ ਤੀਜੇ ਦਿਨ ਇੱਥੇ ਮੁੱਖ ਪੰਡਾਲ ਵਿੱਚ ਤਰਕਸ਼ੀਲ ਮੇਲਾ ਹੋਵੇਗਾ। ਸੱਭਿਆਚਾਰ ਕੇਂਦਰ ਵਿੱਚ ਕੌਮੀ ਲੋਕ ਨਾਚ ਮੁਕਾਬਲੇ ਹੋਣਗੇ ਅਤੇ ਰਾਤ ਨੂੰ ਸੂਫੀਆਨਾ ਸ਼ਾਮ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਨਾਮਵਾਰ ਸੂਫੀ ਗਾਇਕ ਲਵਜੀਤ ਖਾਨ ਆਪਣਾ ਕਲਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਹਾਕੀ, ਕਬੱਡੀ, ਫੁਟਬਾਲ, ਬਾਸਕਟਬਾਲ ਅਤੇ ਬੈਡਮਿੰਟਨ ਦੇ ਖੇਡ ਮੁਕਾਬਲੇ ਹੋਣਗੇ।