ਸੁਖਮਨੀ ਸਾਹਿਬ ਦੇ ਪਾਠ ਨਾਲ ਬਾਬਾ ਫ਼ਰੀਦ ਮੇਲਾ ਸ਼ੁਰੂ
ਜਸਵੰਤ ਜੱਸ
ਫ਼ਰੀਦਕੋਟ, 19 ਸਤੰਬਰ
ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਤੇ ਕੀਰਤਨ ਨਾਲ ਬਾਬਾ ਫਰੀਦ ਮੇਲੇ ਦਾ ਆਗਾਜ਼ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋ ਕੇ ਮਹਾਨ ਸੂਫ਼ੀ ਸ਼ੇਖ ਫ਼ਰੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐੱਸਐੱਸਪੀ ਡਾ. ਪ੍ਰਗਿਆ ਜੈਨ ਤੇ ਡੀਆਈਜੀ ਅਸ਼ਵਨੀ ਕੁਮਾਰ ਨੇ ਸੁਖਮਨੀ ਸਾਹਿਬ ਦੇ ਪਾਠ ਸਮਾਗਮ ’ਚ ਹਾਜ਼ਰੀ ਭਰੀ।
ਇਸ ਮਗਰੋਂ ਸੰਗਤ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬਾ ਫ਼ਰੀਦ ਦੀ ਬਾਣੀ ਅੱਜ ਵੀ ਮਾਰਗ ਦਰਸ਼ਨ ਕਰਦੀ ਹੈ। ਸੰਸਾਰ ਵਿੱਚ ਬਾਬਾ ਫ਼ਰੀਦ ਨੂੰ ਸ਼ੱਕਰਗੰਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਦਾ ਮਤਲਬ ਹੈ, ਮਿਠਾਸ ਦਾ ਖਜ਼ਾਨਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਬਾਬਾ ਫ਼ਰੀਦ ਮੇਲੇ ਦਾ ਹਿੱਸਾ ਬਣ ਕੇ ਮਨੁੱਖਤਾ ਦੀ ਸੇਵਾ, ਸ਼ਹਿਰ ਦੀ ਸਫ਼ਾਈ ਆਦਿ ਦਾ ਵਿਸ਼ੇਸ਼ ਖਿਆਲ ਰੱਖਣ। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸ਼ਹਿਰ ਵਾਸੀਆਂ ਨੂੰ ਬਾਬਾ ਫ਼ਰੀਦ ਆਗਮਨ ਪੁਰਬ ਦੀਆਂ ਵਧਾਈ ਦਿੱਤੀ। ਇਸ ਮੌਕੇ ਬੇਅੰਤ ਕੌਰ ਸੇਖੋਂ, ਨਰਿੰਦਰ ਸਿੰਘ ਨਿੰਦਾ, ਐੱਸਪੀ ਜਸਮੀਤ ਸਿੰਘ ਤੇ ਸੁਰਿੰਦਰ ਸਿੰਘ ਰੋਮਾਣਾ ਹਾਜ਼ਰ ਸਨ। ਅੱਜ ਪਹਿਲੇ ਦਿਨ ਸਥਾਨਕ ਬ੍ਰਿਜਿੰਦਰਾ ਕਾਲਜ ਵਿੱਚ ਪੁਸਤਕ ਮੇਲਾ ਸ਼ੁਰੂ ਹੋਇਆ ਅਤੇ ਨਹਿਰੂ ਸਟੇਡੀਅਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 12 ਲੱਖ ਰੁਪਏ ਦੀ ਲਾਗਤ ਵਾਲੇ ਸ਼ੂਟਿੰਗ ਰੇਂਜ ਦਾ ਉਦਘਾਟਨ ਵੀ ਕੀਤਾ।
ਆਗਮਨ ਪੁਰਬ ਦੇ ਅੱਜ ਹੋਣ ਵਾਲੇ ਪ੍ਰੋਗਰਾਮ
ਬਾਬਾ ਫ਼ਰੀਦ ਆਗਮਨ ਪੁਰਬ ਦੇ ਦੂਜੇ ਦਿਨ ਇਥੋਂ ਦੇ ਇਤਿਹਾਸਕ ਕਿਲਾ ਮੁਬਾਰਕ ਤੋਂ ਕਾਫਲਾ-ਏ-ਵਿਰਾਸਤ ਸ਼ੁਰੂ ਹੋਵੇਗਾ, ਜਿਸ ਵਿੱਚ ਪੁਰਾਤਨ ਪੰਜਾਬ ਦੇ ਸੱਭਿਆਚਾਰ ਦੀ ਝਲਕ ਦਿਖਾਈ ਜਾਵੇਗੀ। ਇਸ ਤੋਂ ਇਲਾਵਾ ਬ੍ਰਿਜਿੰਦਰਾ ਕਾਲਜ ਵਿੱਚ ਪੇਂਟਿੰਗ ਪ੍ਰਦਰਸ਼ਨੀ ਹੋਵੇਗੀ। ਸੁਰੀਲੇ ਕੰਠ ਪ੍ਰੋਗਰਾਮ ਦੇ ਨਾਲ-ਨਾਲ ਇਸੇ ਦਿਨ ਡਰਾਮਾ ਫੈਸਟੀਵਲ ਅਤੇ ਕੌਮੀ ਲੋਕ ਨਾਚ ਸ਼ੁਰੂ ਹੋਵੇਗਾ, ਜਿਸ ਵਿੱਚ ਦੇਸ਼ ਭਰ ਦੇ ਕਲਾਕਾਰ ਆਪੋ-ਆਪਣੇ ਸੂਬਿਆਂ ਦੀ ਕਲਾ ਦੇ ਜੌਹਰ ਦਿਖਾਉਣਗੇ।