ਬਾਬਾ ਫ਼ਰੀਦ ਆਗਮਨ ਪੁਰਬ ਸਬੰਧੀ ਸਮਾਗਮ 19 ਤੋਂ
ਜਸਵੰਤ ਜੱਸ
ਫਰੀਦਕੋਟ 16 ਸਤੰਬਰ
ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਮਾਗਮਾਂ ਦੀ ਸੂਚੀ ਜਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐੱਸਐੱਸਪੀ ਡਾ. ਪ੍ਰੱਗਿਆ ਜੈਨ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਦਾ ਆਰੰਭ 19 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਵੇਗਾ। ਇਸ ਉਪਰੰਤ ਨਹਿਰੂ ਸਟੇਡੀਅਮ ਵਿੱਚ ਖੇਡ ਮੇਲਾ ਸ਼ੁਰੂ ਹੋਵੇਗਾ। ਬਾਬਾ ਫਰੀਦ ਸਾਹਿਤ ਮੇਲਾ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਨਵੀਂ ਦਾਣਾ ਮੰਡੀ ਵਿੱਚ ਕੌਮੀ ਲੋਕ ਨਾਚ ਅਤੇ ਕਰਾਫਟ ਮੇਲਾ ਹੋਵੇਗਾ। ਇਸੇ ਤਰ੍ਹਾਂ ਰਾਣੀ ਰਣਦੀਪ ਦਾ ਸੱਭਿਆਚਾਰਕ ਪ੍ਰੋਗਰਾਮ ਨਵੀਂ ਦਾਣਾ ਮੰਡੀ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ 20 ਸਤੰਬਰ ਨੂੰ ਵਿਰਾਸਤੀ ਕਾਫਲਾ ਕਿਲਾ ਮੁਬਾਰਕ ਤੋਂ ਦਰਬਾਰ ਗੰਜ ਫਰੀਦਕੋਟ ਤੱਕ ਹੋਵੇਗਾ ਅਤੇ ਪੇਂਟਿੰਗ ਪ੍ਰਦਰਸ਼ਨੀ, ਸੁਰੀਲੇ ਕੰਠ ਪ੍ਰੋਗਰਾਮ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ, ਡਰਾਮਾ ਫੈਸਟੀਵਲ (ਮਿਰਜ਼ਾ, ਟੈਨਸ਼ਨ ਫਰੀ) ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿੱਚ ਹੋਣਗੇ। ਇਸੇ ਤਰ੍ਹਾਂ ਰਾਜੇਸ਼ ਪੰਵਰ (ਮੁਹੰਮਦ ਰਫੀ ਸਾਹਿਬ ਦੀ ਯਾਦੇਂ) ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਨਵੀਂ ਦਾਣਾ ਮੰਡੀ ਵਿੱਚ ਕੌਮੀ ਲੋਕ ਨਾਚ ਹੋਣਗੇ। ਐੱਸਐੱਸਪੀ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਪੁਲੀਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਬਾ ਫਰੀਦ ਆਗਮਨ ਪੁਰਬ ਮੇਲੇ ਲਈ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਲੋੜ ਅਨੁਸਾਰ ਨਗਰ ਕੀਰਤਨ ਜਾਂ ਸੂਫੀ ਨਾਈਟ ਵਾਲੇ ਦਿਨ ਟਰੈਫਿਕ ਦੇ ਰੂਟ ਵਿੱਚ ਤਬਦੀਲੀ ਵੀ ਕੀਤੀ ਜਾਵੇਗੀ।